Breaking News
Home / ਕੈਨੇਡਾ / ਬਰੈਂਪਟਨ ਵਿਚ ਹਸਪਤਾਲ ਤੇ ਸਿਹਤ ਸੇਵਾਵਾਂ ‘ਚ ਸੁਧਾਰ ਬਾਰੇ ਸੋਨੀਆ ਸਿੱਧੂ ਨਾਲ ਹੋਈ ਅਹਿਮ ਮੀਟਿੰਗ

ਬਰੈਂਪਟਨ ਵਿਚ ਹਸਪਤਾਲ ਤੇ ਸਿਹਤ ਸੇਵਾਵਾਂ ‘ਚ ਸੁਧਾਰ ਬਾਰੇ ਸੋਨੀਆ ਸਿੱਧੂ ਨਾਲ ਹੋਈ ਅਹਿਮ ਮੀਟਿੰਗ

ਸਿਹਤ ਨਾਲ ਸਬੰਧਿਤ ਕਈ ਅਹਿਮ ਮੁੱਦੇ ਵਿਚਾਰੇ ਗਏ
ਬਰੈਂਪਟਨ/ਡਾ. ਝੰਡ : ਬਰੈਂਪਟਨ ਵਿਚ ਇਕ ਹੋਰ ਹਸਪਤਾਲ ਦੀ ਫ਼ੌਰੀ ਲੋੜ ਅਤੇ ਮੌਜੂਦਾ ਸਿਹਤ-ਸੇਵਾਵਾਂ ਵਿਚ ਸੁਧਾਰ ਕਰਨ ਸਬੰਧੀ ਇਕ ਵਫ਼ਦ ਦੀ ਮੀਟਿੰਗ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨਾਲ ਉਨ੍ਹਾਂ ਦੇ ਦਫ਼ਤਰ ਵਿਚ ਮੰਗਲਵਾਰ 17 ਦਸੰਬਰ ਨੂੰ ਹੋਈ। ਵਫ਼ਦ ਵਿਚ ਪ੍ਰਿੰ. ਸੰਜੀਵ ਧਵਨ, ਪ੍ਰੋ.ਜਗੀਰ ਸਿੰਘ ਕਾਹਲੋਂ, ਡਾ. ਸੁਖਦੇਵ ਸਿੰਘ ਝੰਡ, ਮਿਸਿਜ਼ ਸੀਮਾ ਗਿੱਲ ਅਤੇ ਡਾ. ਹਰਪ੍ਰੀਤ ਸ਼ਾਮਲ ਸਨ।
ਮੀਟਿੰਗ ਵਿਚ ਬਰੈਂਪਟਨ ਵਿਚ ਤੇਜੀ ਨਾਲ ਵੱਧ ਰਹੀ ਆਬਾਦੀ ਨੂੰ ਮੁੱਖ ਰੱਖਦਿਆਂ ਹੋਇਆਂ ਇੱਥੇ ਜਲਦੀ ਇਕ ਹੋਰ ਹਸਪਤਾਲ ਬਨਾਉਣ, ਇਸ ਸਮੇਂ ਕੇਵਲ ਦਿਨ ਦੇ ਸਮੇਂ ਹੀ ਕੰਮ ਕਰ ਰਹੇ ਪੀਲ ਮੈਮੋਰੀਅਲ ਹਸਪਤਾਲ ਨੂੰ ਸੰਪੂਰਨ ਹਸਪਤਾਲ ਵਿਚ ਤਬਦੀਲ ਕਰਨ ਅਤੇ ਬਰੈਂਪਟਨ ਦੇ ਪੰਜ ਮੁੱਖ-ਭਾਗਾਂ ਈਸਟ, ਵੈੱਸਟ, ਨੌਰਥ, ਸਾਊਥ ਅਤੇ ਸੈਂਟਰ ਵਿਚ ਇਕ-ਇਕ ਐਮਰਜੈਂਸੀ ਸੈਂਟਰ ਕਾਇਮ ਕਰਨ ਬਾਰੇ ਵਿਚਾਰਾਂ ਹੋਈਆਂ। ਪ੍ਰਿੰ.ਧਵਨ ਵੱਲੋਂ ਦਿੱਤੇ ਗਏ ਸੁਝਾਅ ਅਨੁਸਾਰ 24 ਘੰਟੇ ਕੰਮ ਕਰਨ ਵਾਲੇ ਐਮਰਜੈਂਸੀ ਸੈਂਟਰਾਂ ਦੇ ਬਣਨ ਨਾਲ ਬਰੈਂਪਟਨ ਦੇ ਇਕਲੌਤੇ ਹਸਪਤਾਲ ਵਿਚ ਕੇਵਲ ਸੀਰੀਅਸ ਕੇਸ ਹੀ ਉੱਥੇ ਜਾਣਗੇ ਅਤੇ ਇਸ ਤਰ੍ਹਾਂ ਹਸਪਤਾਲ ਦੀਆਂ ਐਮਰਜੈਂਸੀ-ਸੇਵਾਵਾਂ ਦਾ ਭਾਰ ਘਟੇਗਾ ਜਿੱਥੇ ਇਸ ਸਮੇਂ ਲੰਮੀਆਂ ਲਾਈਨਾਂ ਵਿਚ ਲੱਗੇ ਹੋਏ ਮਰੀਜ਼ ਆਪਣੀ ਵਾਰੀ ਦੀ ਘੰਟਿਆਂ-ਬੱਧੀ ਉਡੀਕ ਕਰਦੇ ਹਨ। ਇਸ ਦੇ ਨਾਲ ਹੀ ਇਹ ਪੱਖ ਵੀ ਵਿਚਾਰਿਆ ਗਿਆ ਕਿ ਫ਼ੈੱਡਰਲ ਸਰਕਾਰ ਦੀ ਲੋਕਾਂ ਨੂੰ ਸਿਹਤ-ਸੇਵਾਵਾਂ ਪ੍ਰਦਾਨ ਕਰਨ ਵਿਚ ਬੇਸ਼ਕ ਸਿੱਧੀ ਭੂਮਿਕਾ ਨਹੀਂ ਹੈ ਅਤੇ ਇਹ ਸੇਵਾਵਾਂ ਪ੍ਰੋਵਿੰਸ਼ੀਅਲ ਸਰਕਾਰ ਦੇ ਅਧਿਕਾਰ-ਖ਼ੇਤਰ ਆਉਂਦੀਆਂ ਹਨ, ਪਰ ਫਿਰ ਵੀ ਫ਼ੈੱਡਰਲ ਸਰਕਾਰ ਸਿਹਤ ਸਬੰਧੀ ਵੱਖ-ਵੱਖ ਜਾਗਰੂਕਤਾ ਪ੍ਰੋਗਰਾਮਾਂ ਅਧੀਨ ਪ੍ਰੋਵਿੰਸਾਂ ਨੂੰ ਹੋਰ ਮਾਲੀ ਮਦਦ ਮੁਹੱਈਆ ਕਰ ਸਕਦੀ ਹੈ ਅਤੇ ਇਹ ਪ੍ਰੋਗਰਾਮ ਓਨਟਾਰੀਓ ਦੇ ਹੋਰ ਸ਼ਹਿਰਾਂ ਸਮੇਤ ਬਰੈਂਪਟਨ ਵਿਚ ਸਿਹਤ-ਸੇਵਾਵਾਂ ਦੀ ਬੇਹਤਰੀ ਲਈ ਸਹਾਈ ਸਾਬਤ ਹੋ ਸਕਦੇ ਹਨ।
ਇਸ ਸਬੰਧੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਹੋਇਆਂ ਸੋਨੀਆ ਸਿੱਧੂ ਨੇ ਕਿਹਾ ਕਿ ਪਿਛਲੇ ਹਫ਼ਤੇ ਔਟਵਾ ਵਿਚ ਉਨ੍ਹਾਂ ਦੀਆਂ ਬਰੈਂਪਟਨ ਈਸਟ ਦੇ ਪਾਰਲੀਮੈਂਟ ਮੈਂਬਰ ਮਨਿੰਦਰ ਸਿੱਧੂ ਸਮੇਤ ਫ਼ੈੱਡਰਲ ਹੈੱਲਥ ਮਨਿਸਟਰ ਅਤੇ ਇਨਫ਼ਰਾ-ਸਟਰੱਕਚਰ ਮਨਿਸਟਰ ਨਾਲ ਹੋਈਆਂ ਮੀਟਿੰਗਾਂ ਵਿਚ ਬਰੈਂਪਟਨ ਵਿਚ ਮੈਂਟਲ-ਹੈੱਲਥ ਅਤੇ ਆਮ ਸਿਹਤ-ਸਹੂਲਤਾਂ ਦੀ ਘਾਟ ਬਾਰੇ ਗੰਭੀਰ ਵਿਚਾਰਾਂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਮੰਤਰੀਆਂ ਦੇ ਕਹਿਣ ਅਨੁਸਾਰ ਸਰਕਾਰ ਕੋਲ ਪ੍ਰੋਵਿੰਸਾਂ ਦੇ ਲਈ ਫ਼ੰਡਾਂ ਦੀ ਕੋਈ ਘਾਟ ਨਹੀਂ ਹੈ। ਵੱਖ-ਵੱਖ ਸ਼ਹਿਰਾਂ ਦੀਆਂ ਮਿਉਂਨਿਸਿਪਲਟੀਆਂ ਅਤੇ ਸੂਬਾਈ-ਸਰਕਾਰਾਂ ਨੂੰ ਸਿਹਤ-ਜਾਗਰੂਕਤਾ ਸਬੰਧੀ ਪ੍ਰਾਜੈੱਕਟ ਬਣਾ ਕੇ ਫ਼ੈੱਡਰਲ ਸਰਕਾਰ ਕੋਲ ਭੇਜਣੇ ਚਾਹੀਦੇ ਹਨ ਤਾਂ ਜੋ ਫ਼ੈੱਡਰਲ ਸਰਕਾਰ ਉਨ੍ਹਾਂ ਨੂੰ ਮਨਜ਼ੂਰ ਕਰਕੇ ਉਨ੍ਹਾਂ ਦੇ ਲਈ ਲੋੜੀਂਦੇ ਫੰ ਉਨ੍ਹਾਂ ਨੂੰ ਭੇਜ ਸਕੇ। ਇਸ ਮੀਟਿੰਗ ਵਿਚ ਉਨ੍ਹਾਂ ਨੇ ਜਲਦੀ ਹੀ ਅਲਗੋਮਾ ਯੂਨੀਵਰਸਿਟੀ ਅਤੇ ਰਾਇਰਸਨ ਯੂਨੀਵਰਸਿਟੀ ਵੱਲੋਂ ਬਰੈਂਪਟਨ ਵਿਚ ਸ਼ੈਰੀਡਨ ਕਾਲਜ ਦੇ ਸਹਿਯੋਗ ਨਾਲ ਲਾੱਅ, ਬਿਜ਼ਨੈੱਸ ਐਂਡ ਕਾਮਰਸ, ਮੈਡੀਕਲ ਅਤੇ ਸਾਈਬਰ ਕਰਾਈਮ ਪ੍ਰੀਵੈੱਨਸ਼ਨ ਨਾਲ ਸਬੰਧਿਤ ਛੇ ਨਵੇਂ ਕੋਰਸ ਸ਼ੁਰੂ ਕਰਨ ਬਾਰੇ ਵੀ ਜਾਣਕਾਰੀ ਵੀ ਸਾਂਝੀ ਕੀਤੀ।
ਉਨ੍ਹਾਂ ਨੇੜ-ਭਵਿੱਖ ਵਿਚ ਉਪਰੋਕਤ ਦੋਹਾਂ ਯੁਨੀਵਰਸਿਟੀਆਂ ਵੱਲੋਂ ਮਿਲ ਕੇ ਬਰੈਂਪਟਨ ਵਿਚ ਇਕ ਮੈਡੀਕਲ ਇੰਸਟੀਚਿਊਟ ਖੋਲ੍ਹਣ ਦੀ ਤਜਵੀਜ਼ ਬਾਰੇ ਵੀ ਜਾਣਕਾਰੀ ਦਿੱਤੀ। ਜੇਕਰ ਇਹ ਮੈਡੀਕਲ ਇੰਸਟੀਚਿਊਟ ਬਰੈਂਪਟਨ ਵਿਚ ਹੋਂਦ ਵਿਚ ਆਉਂਦਾ ਹੈ ਤਾਂ ਇਸ ਦੇ ਨਾਲ ਕੁਝ ਨਵੇਂ ਹਸਪਤਾਲ ਵੀ ਜੋੜੇ ਜਾਣਗੇ ਜਿਸ ਨਾਲ ਬਰੈਂਪਟਨ-ਵਾਸੀਆਂ ਨੂੰ ਭਵਿੱਖ ਵਿਚ ਅਵੱਸ਼ ਲਾਭ ਹੋਏਗਾ। ਇਸ ਦੇ ਨਾਲ਼ ਹੀ ਮੀਟਿੰਗ ਪ੍ਰਿੰ. ਧਵਨ ਵੱਲੋਂ ਪਿਛਲੇ ਦਿਨੀਂ ਮੀਡੀਆ ਵਿਚ ਰੀਲੀਜ਼ ਹੋਈ ਆਡੀਟਰ-ਜਨਰਲ ਦੀ ਰਿਪੋਰਟ ਦੇ ਕੁਝ ਅੰਸ਼ ਵੀ ਸਾਂਝੇ ਕੀਤੇ ਗਏ ਜਿਨ੍ਹਾਂ ਮੁਤਾਬਿਕ ਓਨਟਾਰੀਓ ਵਿਚ ਸਿਹਤ-ਸੇਵਾਵਾਂ ਨਾਲ ਸਬੰਧਿਤ ਵੈਂਡਰਾਂ ਵੱਲੋਂ ਵੱਲੋਂ ਕੀਤੇ ਗਏ ਵਿੱਤੀ-ਫ਼ਰਾਡ ਨਾਲ ਕਈ ਮਿਲੀਅਨ ਡਾਲਰਾਂ ਦਾ ਘੁਟਾਲਾ ਸਾਹਮਣੇ ਆਇਆ ਹੈ ਜਿਨ੍ਹਾਂ ਵਿਚ ਮਹਿੰਗੀਆਂ ਦਵਾਈਆਂ ਅਤੇ ਕਈ ਉਪਕਰਣ ਸਪਲਾਈ ਕਰਨਾ ਵੀ ਸ਼ਾਮਲ ਹੈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਬਰੈਂਪਟਨ ਵਿਚ ਸਿਹਤ-ਸੇਵਾਵਾਂ ਦੇ ਸੁਧਾਰ ਬਾਰੇ ਇਕ ਵਿਸਤ੍ਰਿਤ-ਪੱਤਰ ਫ਼ੈੱਡਰਲ ਸਿਹਤ ਮੰਤਰੀ ਪੈਟੀ ਹਜਡੂ ਨੂੰ ਭੇਜਿਆ ਹੈ ਅਤੇ ਇਸ ਦੀ ਕਾਪੀ ਸੋਨੀਆ ਸਿੱਧੂ ਹੋਰਾਂ ਨੂੰ ਕੀਤੀ ਗਈ ਹੈ ਤਾਂ ਕਿ ਉਹ ਸਿਹਤ ਮੰਤਰੀ ਨਾਲ ਸੰਪਰਕ ਕਰਕੇ ਇਸ ਦੇ ਬਾਰੇ ਅਗਲੇਰੀ ਕਾਰਵਾਈ ਕਰਵਾਉਣ ਲਈ ਸਹਾਈ ਹੋ ਸਕਣ। ਲੱਗਭੱਗ ਡੇਢ ਘੰਟਾ ਚੱਲੀ ਇਸ ਮੀਟਿੰਗ ਵਿਚ ਸੋਨੀਆ ਸਿੱਧੂ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਬਰੈਂਪਟਨ ਦੀ ਬੇਹਤਰੀ ਲਈ ਫ਼ੈੱਡਰਲ ਸਰਕਾਰ ਵੱਲੋਂ ਵੱਖ-ਵੱਖ ਪ੍ਰਾਜੈੱਕਟਾਂ ਲਈ ਫ਼ੰਡਾਂ ਦੀ ਪ੍ਰਾਪਤੀ ਲਈ ਬਰੈਂਪਟਨ ਦੇ ਸਾਰੇ ਪਾਰਲੀਮੈਂਟ ਮੈਂਬਰਾਂ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਏਗਾ।

Check Also

ਆਸਕਰ ਲਈ ਫਿਲਮ ‘ਲਾਪਤਾ ਲੇਡੀਜ਼’ ਦੀ ਚੋਣ

ਟੋਰਾਂਟੋ ਦੇ ਕੌਮਾਂਤਰੀ ਫਿਲਮ ਮੇਲੇ ‘ਚ ਵੀ ‘ਲਾਪਤਾ ਲੇਡੀਜ਼’ ਨੂੰ ਦਿਖਾਇਆ ਗਿਆ ਸੀ ਚੇਨਈ/ਬਿਊਰੋ ਨਿਊਜ਼ …