2.8 C
Toronto
Thursday, January 8, 2026
spot_img
Homeਕੈਨੇਡਾਸੱਤਵੀਂ ਇੰਸਪੀਰੇਸ਼ਨਲ ਸਟੈੱਪਸ-2019 ਦੀ ਤਿਆਰੀ ਲਈ ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਨੇ...

ਸੱਤਵੀਂ ਇੰਸਪੀਰੇਸ਼ਨਲ ਸਟੈੱਪਸ-2019 ਦੀ ਤਿਆਰੀ ਲਈ ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਨੇ ਕਈ ਅਦਾਰਿਆਂ ਨਾਲ ਮੀਟਿੰਗ ਕੀਤੀ

ਬਰੈਂਪਟਨ/ਡਾ. ਝੰਡ : ਪ੍ਰਾਪਤ ਸੂਚਨਾ ਅਨੁਸਾਰ ਮਈ 2019 ਵਿਚ ਹੋਣ ਵਾਲੀ ਸੱਤਵੀਂ ਇੰਸਪੀਰੇਸ਼ਨਲ ਸਟੈੱਪਸ ਮੈਰਾਥਨ ਦੀਆਂ ਤਿਆਰੀਆਂ ਲਈ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ ਨੇ ਟੀ.ਪੀ.ਏ.ਆਰ. ਕਲੱਬ, ਤਰਕਸ਼ੀਲ ਸੋਸਾਇਟੀ ਆਫ਼ ਨੌਰਥ ਅਮਰੀਕਾ, ਐੱਨਲਾਈਟ ਕਿੱਡਜ਼ ਅਤੇ ਓਨਟਾਰੀਓ ਕਬੱਡੀ ਫ਼ੈੱਡਰੇਸ਼ਨ ਦੇ ਅਹੁਦੇਦਾਰਾਂ ਤੇ ਸਰਗ਼ਰਮ ਮੈਂਬਰਾਂ ਨਾਲ ਸਾਂਝੀ ਮੀਟਿੰਗ ਲੰਘੇ ਦਿਨੀਂ 24 ਫ਼ਰਵਰੀ ਨੂੰ ਗਰੇਟਰ ਟੋਰਾਂਟੋ ਮੌਰਟਗੇਜਜ਼ ਦੇ ਦਫ਼ਤਰ ਵਿਚ ਕੀਤੀ।
ਮੀਟਿੰਗ ਵਿਚ 19 ਮਈ ਨੂੰ ਹੋਣ ਵਾਲੀ ਸੱਤਵੀਂ ਇੰਸਪੀਰੇਸ਼ਨਲ ਸਟੈੱਪਸ ਲਈ ਮੁੱਢਲੀਆਂ ਤਿਆਰੀਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਵਿਚ ਸ਼ਾਮਲ ਹੋਣ ਵਾਲੇ ਵੱਖ-ਵੱਖ ਮੈਂਬਰਾਂ ਵੱਲੋਂ ਆਏ ਸੁਝਾਅ ਬਾਕਾਇਦਾ ਨੋਟ ਕੀਤੇ ਗਏ ਅਤੇ ਟੋਰਾਂਟੋ ਏਰੀਏ ਦੇ ਇਸ ਮਹਾਨ ਈਵੈਂਟ ਨੂੰ ਹਰ ਸਾਲ ਵਾਂਗ ਇਸ ਵਾਰ ਵੀ ਪੂਰਨ ਸਫਲ਼ ਬਨਾਉਣ ਲਈ ਕੀਤੇ ਜਾਣ ਵਾਲੇ ਸਾਂਝੇ ਯਤਨਾਂ ਉੱਪਰ ਜ਼ੋਰ ਦਿੱਤਾ ਗਿਆ।
ਇਸ ਈਵੈਂਟ ਵਿਚ ਲੋਕਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਨੂੰ ਯਕੀਨੀ ਬਨਾਉਣ ਲਈ ਦੌੜ ਵਿਚ ਸ਼ਾਮਲ ਹੋਣ ਵਾਲੇ ਚਾਹਵਾਨਾਂ ਨੂੰ ਅਗਾਊਂ ਔਨ-ਲਾਈਨ ਰਜਿਸਟ੍ਰੇਸ਼ਨ ਜੋ ਇਸ ਸਮੇਂ ਚੱਲ ਰਹੀ ਹੈ, ਰਾਹੀਂ ਆਪਣੇ ਨਾਂ ਦਰਜ ਕਰਵਾਉਣ ਲਈ ਬੇਨਤੀ ਕੀਤੀ ਗਈ ਤਾਂ ਜੋ ਪ੍ਰਬੰਧਕਾਂ ਵੱਲੋਂ ਸਾਰੇ ਪ੍ਰਬੰਧ ਸਮੇਂ-ਸਿਰ ਕੀਤੇ ਜਾ ਸਕਣ। ਇਹ ਰਜਿਸਟ੍ਰੇਸ਼ਨ ਫ਼ੀਸ ਆਉਂਦੇ ਮਹੀਨਿਆਂ ਵਿਚ ਵਧ ਜਾਏਗੀ। ਇਸ ਸਬੰਧੀ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ ਦੀ ਵੈੱਬਸਾਈਟ www.ggscf.com ‘ਤੇ ਜਾ ਕੇ ਲੋੜੀਂਦੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਵੱਖ-ਵੱਖ ਦੌੜਾਂ ਦੇ ਸ਼ੁਰੂ ਹੋਣ ਦੇ ਸਮਿਆਂ ਵਿਚ ਤਬਦੀਲੀ ਕੀਤੀ ਜਾਏਗੀ ਤਾਂ ਜੋ ਇਨ੍ਹਾਂ ਵਿਚ ਦੌੜਨ ਵਾਲੇ ਲੱਗਭੱਗ ਇੱਕੋ ਸਮੇਂ ਹੀ ਡਿਕਸੀ ਗੁਰੂਘਰ ਵਿਖੇ ਬਣਾਏ ਗਏ ਫਿਨਿਸ਼-ਪੁਆਇੰਟ ‘ਤੇ ਪਹੁੰਚਣ। ਦੌੜਾਕਾਂ ਦਾ ਸਮਾਂ ਬਿਲਕੁਲ ਸਹੀ ਨੋਟ ਕਰਨ ਲਈ ਚਿੱਪਸ ਦੀ ਵਰਤੋਂ ਕੀਤੀ ਜਾਏਗੀ। ਇਸ ਈਵੈਂਟ ਨੂੰ ਹੋਰ ਸਫ਼ਲ ਤੇ ਆਕਰਸ਼ਕ ਬਨਾਉਣ ਲਈ ਡਿਕਸੀ ਗੁਰੂਘਰ ਦੇ ਪ੍ਰਬੰਧਕਾਂ ਅਤੇ ਹੋਰ ਸਬੰਧਿਤ ਅਦਾਰਿਆਂ ਨਾਲ ਲਗਾਤਾਰ ਸੰਪਰਕ ਬਣਾਇਆ ਜਾਏਗਾ।
ਇਸ ਮੀਟਿੰਗ ਵਿਚ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ ਵੱਲੋਂ ਪਰਮਜੀਤ ਸਿੰਘ ਢਿੱਲੋਂ, ਹਰਦੇਵ ਸਿੰਘ ਸਮਰਾ, ਕੁੰਦਨ ਸਿੰਘ, ਟੀ.ਪੀ.ਏ.ਆਰ. ਕਲੱਬ ਵੱਲੋਂ ਸੰਧੂਰਾ ਸਿੰਘ ਬਰਾੜ, ਹਰਭਜਨ ਸਿੰਘ ਗਿੱਲ, ਡਾ. ਜੈਪਾਲ ਸਿੱਧੂ, ਧਿਆਨ ਸਿੰਘ ਸੋਹਲ, ਪਰਮਿੰਦਰ ਗਿੱਲ, ਅਵਤਾਰ ਸਿੱਧੂ ਤੇ ਈਸ਼ਰ ਸਿੰਘ, ਤਰਕਸ਼ੀਲ ਸੋਸਾਇਟੀ ਸੋਸਾਇਟੀ ਦੇ ਬਲਦੇਵ ਸਿੰਘ ਰਹਿਪਾ ਤੇ ਅੰਮ੍ਰਿਤ ਢਿੱਲੋਂ ਅਤੇ ਓਨਟਾਰੀਓ ਕਬੱਡੀ ਫ਼ੈੱਡਰੇਸ਼ਨ ਦੇ ਦਰਸ਼ਨ ਗਿੱਲ ਹਾਜ਼ਰ ਸਨ। ਇਨ੍ਹਾਂ ਤੋਂ ਇਲਾਵਾ ਐੱਨਲਾਈਟ ਕਿੱਡਜ਼ ਦੇ ਵੀ ਤਿੰਨ ਮੈਂਬਰ ਇਸ ਮੀਟਿੰਗ ਵਿਚ ਸ਼ਾਮਲ ਹੋਏ।

RELATED ARTICLES
POPULAR POSTS