ਬਰੈਂਪਟਨ ਵਾਸੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ ਦਾ ਯਤਨ ਕਰਾਂਗੇ : ਪੈਟ੍ਰਿਕ ਬਰਾਊਨ
ਬਰੈਂਪਟਨ/ਡਾ.ਝੰਡ
ਲੰਘੇ ਸੋਮਵਾਰ 12 ਨਵੰਬਰ ਨੂੰ ਯੂਨਾਈਟਿਡ ਸਪੋਰਟਸ ਕਲੱਬ, ਸਿੱਖ ਸਪੋਰਟਸ ਕਲੱਬ, ਪੰਜਾਬ ਸਪੋਰਟਸ ਕੈਨੇਡਾ, ਗੁਰੂ ਨਾਨਕ ਕਮਿਊਨਿਟੀ ਸਰਵਿਸਿਜ਼ ਫ਼ਾਊਂਡੇਸ਼ਨ ਅਤੇ ਪਟਿਆਲਾ-ਫ਼ਤਿਹਗੜ੍ਹ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਸਾਂਝੇ ਤੌਰ ‘ਤੇ ਸ਼ਿੰਗਾਰ ਬੈਂਕੁਇਟ ਹਾਲ ਵਿਚ ਕਰਵਾਏ ਗਏ ਇਕ ਸਮਾਗ਼ਮ ਵਿਚ ਬਰੈਂਪਟਨ ਦੇ ਨਵੇਂ ਬਣੇ ਮੇਅਰ ਪੈਟ੍ਰਿਕ ਬਰਾਊਨ ਦਾ ਭਰਵਾਂ ਸੁਆਗ਼ਤ ਕੀਤਾ ਗਿਆ ਅਤੇ ਉਨ੍ਹਾਂ ਦੇ ਮਾਣ ਵਿਚ ਸ਼ਾਨਦਾਰ ਡਿਨਰ ਪਾਰਟੀ ਕੀਤੀ ਗਈ। ਸਮਾਗ਼ਮ ਵਿਚ ਪੈਟ੍ਰਿਕ ਬਰਾਊਨ ਤੋਂ ਇਲਾਵਾ ਉਨ੍ਹਾਂ ਦੀ ਨਵ-ਵਿਆਹੀ ਪਤਨੀ ਅਤੇ ਵਾਰਡ 7-8 ਤੋਂ ਜੇਤੂ ਰੀਜਨਲ ਕਾਊਂਸਲਰ ਪੈਟ ਫ਼ੋਰਟਿਨੀ ਵੀ ਸ਼ਾਮਲ ਹੋਏ।
ਇਸ ਮੌਕੇ ਬੁਲਾਰਿਆਂ ਵਿਚ ਸ਼ਾਮਲ ਪੈਟ ਫ਼ੋਰਟਿਨੀ, ਮੇਜਰ ਸਿੰਘ ਨਾਗਰਾ, ਪਰਮਜੀਤ ਸਿੰਘ ਸ਼ੇਰਗਿੱਲ, ਪਰਮਜੀਤ ਸਿੰਘ ਢਿੱਲੋਂ, ਪ੍ਰਵੀਨ ਸ਼ਰਮਾ ਅਤੇ ਬੀਬੀ ਹਰਵਿੰਦਰ ਕੌਰ ਬਾਜਵਾ ਨੇ ਪੈਟ੍ਰਿਕ ਬਰਾਊਨ ਦਾ ਸੁਆਗ਼ਤ ਕਰਦਿਆਂ ਹੋਇਆਂ ਨਾਲ ਦੀ ਨਾਲ ਬਰੈਂਪਟਨ ਵਿਚ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਵੀ ਜਾਣੂੰ ਕਰਵਾਇਆ ਜਿਨ੍ਹਾਂ ਵਿਚ ਮੁੱਖ ਤੌਰ ‘ਤੇ ਬਰੈਂਪਟਨ ਵਿਚ ਨੌਕਰੀਆਂ ਦੀ ਘਾਟ, ਸਿਹਤ-ਸੇਵਾਵਾਂ ਦੀ ਕਮੀ, ਹਿੰਸਕ ਘਟਨਾਵਾਂ ਦੀ ਬਹੁਤਾਤ, ਯੂਨੀਵਰਸਿਟੀ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੇਸ਼ ਆ ਰਹੀਆਂ ਅੜਚਣਾਂ, ਟਰੈਫ਼ਿਕ ਦੀਆਂ ਸਮੱਸਿਆਵਾਂ ਅਤੇ ਦੂਸਰੇ ਸ਼ਹਿਰਾਂ ਦੇ ਮੁਕਾਬਲੇ ਸੱਭ ਤੋਂ ਵਧੇਰੇ ਆਟੋ ਇੰਸ਼ੋਅਰੈਂਸ ਰੇਟ, ਆਦਿ ਸ਼ਾਮਲ ਸਨ। ਉਨ੍ਹਾਂ ਵੱਲੋਂ ਪੈਟ੍ਰਿਕ ਬਰਾਊਨ ਨੂੰ ਹਰ ਪ੍ਰਕਾਰ ਦੇ ਸਹਿਯੋਗ ਦਾ ਭਰੋਸਾ ਦਿੱਤਾ ਗਿਆ। ਚੱਲ ਰਹੇ ਸਮਾਗ਼ਮ ਦੌਰਾਨ ਯੂਨਾਈਟਿਡ ਸਪੋਰਟਸ, ਸਿੱਖ ਸਪੋਰਟਸ, ਪੰਜਾਬ ਸਪੋਰਟਸ, ਗੁਰੂ ਨਾਨਕ ਕਮਿਊਨਿਟੀ ਸਰਵਿਸਿਜ਼ ਫ਼ਾਊਂਡੇਸ਼ਨ ਅਤੇ ਪਟਿਆਲਾ-ਫ਼ਤਿਹਗੜ੍ਹ ਸਪੋਰਟਸ ਐਂਡ ਕਲਚਰਲ ਫ਼ਾਊਂਡੇਸ਼ਨ ਵੱਲੋਂ ਪੈਟ੍ਰਿਕ ਬਰਾਊਨ ਨੂੰ ਸ਼ਾਨਦਾਰ ਯਾਦਗਾਰੀ-ਚਿੰਨ੍ਹ ਦੇ ਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ।
ਪੈਟ੍ਰਿਕ ਬਰਾਊਨ ਨੇ ਆਪਣੇ ਸੰਬੋਧਨ ਵਿਚ ਉਨ੍ਹਾਂ ਨੂੰ ਸਨਮਾਨਿਤ ਕਰਨ ਵਾਲੀਆਂ ਜੱਥੇਬੰਦੀਆਂ ਅਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਅਤੇ ਬਰੈਂਪਟਨ ਵਿਚ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ ਦਾ ਵਿਸ਼ਵਾਸ ਦਿਵਾਇਆ। ਉਨ੍ਹਾਂ ਬਰੈਂਪਟਨ ਵਿਚ ਯੂਨੀਵਰਸਿਟੀ ਅਤੇ ਨਵਾਂ ਹਸਪਤਾਲ ਬਨਾਉਣ ਬਾਰੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਭਾ ਦੇ ਚੇਅਰ-ਪਰਸਨ ਕਰਨ ਅਜਾਇਬ ਸਿੰਘ ਸੰਘਾ ਦੀ ਅਗਵਾਈ ਹੇਠ ਪਰਮਜੀਤ ਸਿੰਘ ਢਿੱਲੋਂ, ਪਰਮਜੀਤ ਸਿੰਘ ਸ਼ੇਰਗਿੱਲ, ਡਾ. ਸੁਖਦੇਵ ਸਿੰਘ ਝੰਡ, ਡਾ. ਜਗਮੋਹਨ ਸਿੰਘ ਸੰਘਾ, ਮਲੂਕ ਸਿੰਘ ਕਾਹਲੋਂ, ਮਕਸੂਦ ਚੌਧਰੀ, ਕੁਲਜੀਤ ਸਿੰਘ ਮਾਨ, ਪਿਆਰਾ ਸਿੰਘ ਕੁੱਦੋਵਾਲ ਅਤੇ ਸੁਰਜੀਤ ਕੌਰ ਇਸ ਸੁਆਗ਼ਤੀ ਸਮਾਰੋਹ ਵਿਚ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਮੰਚ-ਸੰਚਾਲਨ ਦੀ ਜਿੰਮੇਵਾਰੀ ਯੂਨਾਈਟਿਡ ਸਿੱਖ ਸਪੋਰਟਸ ਦੇ ਪ੍ਰਧਾਨ ਗੁਰਸ਼ਰਨ ਸਿੰਘ ਵੱਲੋਂ ਬਾਖ਼ੂਬੀ ਨਿਭਾਈ ਗਈ। ਸਮਾਗ਼ਮ ਦੇ ਦੌਰਾਨ ਸ਼ਿੰਗਾਰ ਬੈਂਕੁਇਟ ਹਾਲ ਦੇ ਮਾਲਕ ਇੰਦਰਜੀਤ ਸਿੰਘ ਭਿੰਡਰ ਵੱਲੋਂ ਮਿਲੇ ਵਿਸ਼ੇਸ਼ ਸਹਿਯੋਗ ਲਈ ਪ੍ਰਬੰਧਕਾਂ ਵੱਲੋਂ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਫ਼ੋਟੋਗ੍ਰਾਫ਼ੀ ਦੀ ਸੇਵਾ ‘ਲੌਂਗਮੈਨ ਸਟੂਡੀਓ’ ਦੇ ਮਿਸਟਰ ਹੈਰੀ ਵੱਲੋਂ ਕੀਤੀ ਗਈ।
ਜ਼ਿਕਰਯੋਗ ਹੈ ਕਿ ਯੂਨਾਈਟਿਡ ਸਪੋਰਟਸ ਕਲੱਬ ਅਤੇ ਸਿੱਖ ਸਪੋਰਟਸ ਕਲੱਬ ਬਰੈਂਪਟਨ ਵਿਚ ਬੱਚਿਆਂ ਅਤੇ ਨੌਜੁਆਨਾਂ ਨੂੰ ਸੌਕਰ, ਬਾਸਕਿਟ ਬਾਲ, ਮਾਰਸ਼ਲ ਆਰਟਸ ਅਤੇ ਕਈ ਹੋਰ ਗੇਮਾਂ ਨਾਲ ਜੋੜਨ ਲਈ ਪਿਛਲੇ ਕਈ ਸਾਲਾਂ ਤੋਂ ਸਰਗ਼ਰਮੀ ਨਾਲ ਕੰਮ ਕਰ ਰਹੀਆਂ ਹਨ। ਗੁਰੂ ਨਾਨਕ ਕਮਿਊਨਿਟੀ ਸਰਵਿਸਿਜ਼ ਫ਼ਾਊਂਡੇਸ਼ਨ ਪਿਛਲੇ 20 ਸਾਲਾਂ ਤੋਂ ਗਰਮੀਆਂ ਦੇ ਮੌਸਮ ਵਿਚ ਗੁਰੂ ਨਾਨਕ ਰੈਲੀ ਦਾ ਆਯੋਜਨ ਕਰ ਰਹੀ ਹੈ ਅਤੇ ਬੱਚਿਆਂ ਨੂੰ ਗੁਰਬਾਣੀ ਕੀਰਤਨ ਨਾਲ ਜੋੜਨ ਦਾ ਉਪਰਾਲਾ ਵੀ ਕਰ ਰਹੀ ਹੈ, ਜਦਕਿ ਪਟਿਆਲਾ-ਫ਼ਤਿਹਗੜ੍ਹ ਸਪੋਰਟਸ ਐਂਡ ਕਲਚਰਲ ਕਲੱਬ ਖੇਡਾਂ ਤੇ ਸੱਭਿਆਚਾਰ ਨੂੰ ਪ੍ਰਫ਼ੁੱਲਤ ਕਰਨ ਲਈ ਲਗਾਤਾਰ ਯਤਨਸ਼ੀਲ ਹੈ ਅਤੇ ‘ਪੰਜਾਬ ਸਪੋਰਟਸ ਕੈਨੇਡਾ’ ਦਾ ਸਪੋਰਟਸ ਨਾਲ ਸਬੰਧਿਤ ਵੱਖ-ਵੱਖ ਆਈਟਮਾਂ ਨਾਲ ਲੈੱਸ ਵਿਸ਼ਾਲ ਸ਼ੋਅ-ਰੂਮ ਸਟੀਲ ਐਂਡ ਟੌਰਬਰਮ ਪਲਾਜ਼ੇ ਵਿਚ ਪਿਛਲੇ ਦੋ ਦਹਾਕਿਆਂ ਤੋਂ ਸਫ਼ਲਤਾ-ਪੂਰਵਕ ਚੱਲ ਰਿਹਾ ਹੈ ਜਿੱਥੇ ਇਹ ਲੋੜੀਂਦੀਆਂ ਵਸਤਾਂ ਤੇ ਸੇਵਾਵਾਂ ਉਪਲੱਭਧ ਕੀਤੀਆਂ ਜਾ ਰਹੀਆਂ ਹਨ।
Home / ਕੈਨੇਡਾ / ਯੂਨਾਈਟਿਡ ਸਪੋਰਟਸ, ਸਿੱਖ ਸਪੋਰਟਸ ਤੇ ਪੰਜਾਬ ਸਪੋਰਟਸ ਕੈਨੇਡਾ ਵਲੋਂ ਬਰੈਂਪਟਨ ਦੇ ਨਵੇਂ ਮੇਅਰ ਪੈਟ੍ਰਿਕ ਬਰਾਊਨ ਦਾ ਭਰਵਾਂ ਸਵਾਗਤ
Check Also
ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ
ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …