Breaking News
Home / ਕੈਨੇਡਾ / ਵਿਸਾਖੀ ਦੇ ਸੱਭਿਆਚਾਰਕ ਸਮਾਗਮ ‘ਚ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਫਿਰ ਦੁਹਰਾਇਆ ਕਾਮਾਗਾਟਾ ਮਾਰੂ ਘਟਨਾ ‘ਤੇ ਮੁਆਫ਼ੀ ਮੰਗਣ ਦਾ ਸੰਕਲਪ

ਵਿਸਾਖੀ ਦੇ ਸੱਭਿਆਚਾਰਕ ਸਮਾਗਮ ‘ਚ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਫਿਰ ਦੁਹਰਾਇਆ ਕਾਮਾਗਾਟਾ ਮਾਰੂ ਘਟਨਾ ‘ਤੇ ਮੁਆਫ਼ੀ ਮੰਗਣ ਦਾ ਸੰਕਲਪ

1305459__18 copyਟਰੂਡੋ ਨੂੰ ਪੰਜਾਬੀਆਂ ਨੇ ਲਿਆ ਕਲਾਵੇ ‘ਚ
ਸੂਫ਼ੀ ਗਾਇਕ ਸਤਿੰਦਰ ਸਰਤਾਜ ਦੀ ਗਾਇਕੀ ਨੇ ਲੁੱਟਿਆ ਮੇਲਾ
ਟੋਰਾਂਟੋ/ਸਤਪਾਲ ਸਿੰਘ ਜੌਹਲ
ਕੈਨੇਡਾ ਦੀ ਰਾਜਧਾਨੀ ਓਟਾਵਾ ਵਿਚ ਵਿਸਾਖੀ ਨੂੰ ਸਮਰਪਿਤ ਸੱਭਿਆਚਾਰਕ ਪ੍ਰੋਗਰਾਮ ਹੋਇਆ, ਜਿਸ ਵਿਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ਮੂਲੀਅਤ ਕੀਤੀ। ਇਹ ਪ੍ਰੋਗਰਾਮ ਪਾਰਲੀਮੈਂਟ ਦੇ ਸਾਹਮਣੇ ਸਥਿਤ ‘ਸਰ ਜੌਹਨ ਏ. ਮੈਕਡੋਨਾਲਡ’ ਬਿਲਡਿੰਗ ਦੇ ਵੱਡੇ ਹਾਲ ਵਿਚ ਕਰਵਾਇਆ ਗਿਆ ਸੀ, ਜਿੱਥੇ ਭਾਰਤੀ ਮੂਲ ਦੇ ਵਿਸ਼ੇਸ਼ ਕਰਕੇ ਸਿੱਖ ਪੰਜਾਬੀਆਂ ਦਾ (ਪਰਿਵਾਰਾਂ ਸਮੇਤ) ਹੜ੍ਹ ਆ ਗਿਆ ਲੱਗਦਾ ਸੀ। ਕੈਨੇਡਾ ਵਿਚ ਨਵੇਂ ਬਣੇ ਕੁਝ (ਨੌਜਵਾਨ) ਪੰਜਾਬੀ ਸੰਸਦ ਮੈਂਬਰਾਂ ਦੇ ਮਾਪੇ ਵੀ ਦੂਰ-ਦੂਰਾਡੇ ਤੋਂ ਪੁੱਜੇ ਹੋਏ ਸਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਮੌਕੇ ਪੁੱਜ ਕੇ ਕਾਮਾਗਾਟਾਮਾਰੂ ਕਾਂਡ ਦੀ ਦੇਸ਼ ਦੀ ਸੰਸਦ ਵਿਚ (18 ਮਈ 2016 ਨੂੰ 102ਵੀਂ ਵਰ੍ਹੇਗੰਢ ‘ਤੇ) ਮੁਆਫੀ ਮੰਗਣ ਦੇ ਸੰਕਲਪ ਨੂੰ ਮੁੜ ਦੁਹਰਾਇਆ, ਜੋ ਉਨ੍ਹਾਂ ਨੇ ਸਵੇਰ ਵੇਲੇ ਖ਼ਾਲਸਾ ਸਾਜਨਾ ਦਿਵਸ ਦੇ ਇਤਿਹਾਸਕ ਸਮਾਗਮ ਵਿਚ ਕੀਤਾ ਸੀ। ਉਨ੍ਹਾਂ ਕਿਹਾ ਕਿ ਸਿੱਖਾਂ ਦੇ ਜਹਾਜ਼ ਨੂੰ ਕੈਨੇਡਾ ਤੋਂ ਮੋੜੇ ਜਾਣ ਦੀ ਵਾਪਰੀ ਉਸ ਮਾੜੀ ਘਟਨਾ ਦਾ ਧੱਬਾ ਦੇਸ਼ ਦੇ ਮੱਥੇ ‘ਤੇ ਲੱਗਾ ਨਹੀਂ ਰਹਿਣ ਦਿੱਤਾ ਜਾ ਸਕਦਾ। ਇਸ ‘ਤੇ ਲੋਕਾਂ ਨੇ ਤਾੜੀਆਂ ਨਾਲ ਟਰੂਡੋ ਦੀ ਸ਼ਲਾਘਾ ਕੀਤੀ। ਟਰੂਡੋ ਨੇ ਪੰਜਾਬੀਆਂ ਨੂੰ ਖੁਸ਼ਹਾਲੀ ਅਤੇ ਤੰਦਰੁਸਤੀ ਦੀ ਕਾਮਨਾ ਵਾਲਾ ਸੰਦੇਸ਼ ਵੀ ਦਿੱਤਾ। ਉਨ੍ਹਾਂ ਤੋਂ ਪਹਿਲਾਂ ਹਾਊਸ ਆਫ਼ ਕਾਮਨਜ਼ (ਲੋਕ ਸਭਾ) ਦੇ ਸਪੀਕਰ ਜਿਓਫ ਰੀਗਨ ਨੇ ਆਪਣੇ ਸੰਬੋਧਨ ਵਿਚ ਆਖਿਆ ਕਿ ਉਹ ਪੰਜਾਬੀਆਂ ਵਲੋਂ ਤਿਉਹਾਰ ਮਿਲਜੁਲ ਕੇ ਮਨਾਉਣ ਅਤੇ ਖੁਸ਼ ਰਹਿਣ ਦੇ ਸੁਭਾਅ ਤੋਂ ਪ੍ਰਭਾਵਿਤ ਹਨ।  ਉਨ੍ਹਾਂ ਪਾਰਲੀਮੈਂਟ ਵਿਚ ਡੇਢ ਦਰਜਨ ਪੰਜਾਬੀ ਸੰਸਦ ਮੈਂਬਰਾਂ ਦੀ ਸ਼ਲਾਘਾ ਕੀਤੀ। ਕੈਬਨਿਟ ਮੰਤਰੀ ਨਵਦੀਪ ਸਿੰਘ ਬੈਂਸ, ਅਮਰਜੀਤ ਸੋਹੀ, ਸੰਸਦ ਮੈਂਬਰ ਰਾਜ ਗਰੇਵਾਲ, ਕਮਲ ਖਹਿਰਾ ਅਤੇ ਰੂਬੀ ਸਹੋਤਾ ਨੇ ਵੀ ਸਟੇਜ਼ ‘ਤੇ ਹਾਜ਼ਰੀ ਲਗਵਾਈ। ਸਾਰੇ ਆਗੂਆਂ ਦੇ ਸੰਬੋਧਨਾਂ ਵਿਚ ਅੰਗਰੇਜ਼ੀ, ਫਰੈਂਚ ਅਤੇ ਪੰਜਾਬੀ ਦਾ ਬੋਲਬਾਲਾ ਰਿਹਾ। ਟਰੂਡੋ ਨੇ ਤਾਂ ਇਹ ਵੀ ਆਖਿਆ ਕਿ ਪਾਰਲੀਮੈਂਟ ਵਿਚ ਪੰਜਾਬੀ ਤੀਸਰੇ ਨੰਬਰ ਦੀ ਵੱਡੀ ਭਾਸ਼ਾ ਬਣ ਗਈ ਹੈ। ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੇ ਇਕ ਦਿਨ ਵਿਚ ਹੋਏ ਦੋ ਵੱਡੇ ਸਮਾਗਮਾਂ ਵਿਚ ਟਰੂਡੋ ਵੱਲੋਂ ਆਪਣੇ ਕੈਬਨਿਟ ਮੰਤਰੀਆਂ ਅਤੇ ਸੰਸਦ ਮੈਂਬਰਾਂ ਦੀ ਵੱਡੀ ਗਿਣਤੀ ਨਾਲ ਪੁੱਜਣ ਦੇ ਅੰਦਾਜ਼ ਤੋਂ ਲੋਕ ਪ੍ਰਭਾਵਿਤ ਹੋਏ ਬਿਨਾ ਨਾ ਰਹਿ ਸਕੇ। ਭਾਸ਼ਣ ਤੋਂ ਬਾਅਦ ਟਰੂਡੋ ਲੋਕਾਂ ਵਿਚ ਚਲੇ ਗਏ ਅਤੇ ਪੰਜਾਬੀਆਂ ਨੇ ਉਨ੍ਹਾਂ ਨੂੰ ਕਲਾਵੇ ਵਿਚ ਘੁੱਟ ਕੇ ਅਤੇ ਹੱਥਾਂ ‘ਤੇ ਚੁੱਕ-ਚੁੱਕ ਕੇ ਪਿਆਰ ਅਤੇ ਸਤਿਕਾਰ ਦਿੱਤਾ। ਸੈਲਫੀਆਂ ਖਿੱਚਣ ਦੇ ਸ਼ੌਕੀਨਾਂ ਨੂੰ ਉਨ੍ਹਾਂ ਖੁੱਲ੍ਹਾ ਸਮਾਂ ਦਿੱਤਾ। ਗਾਇਕ ਸਤਿੰਦਰ ਸਰਤਾਜ ਵੀ ਇਸ ਮੌਕੇ ਦਾ ਵਿਸ਼ੇਸ਼ ਸ਼ਿੰਗਾਰ ਸੀ, ਜਿਸ ਦੀ ਗਾਇਕੀ ਦੀ ਭਾਰੀ ਸ਼ਲਾਘਾ ਹੋਈ। ਸਰਤਾਜ ਨੇ ਪ੍ਰਧਾਨ ਮੰਤਰੀ ਟਰੂਡੋ ਨੂੰ ਆਪਣੇ ਵੱਲੋਂ ਯਾਦਗਾਰੀ ਚਿੰਨ੍ਹ ਭੇਟ ਕੀਤਾ। ਭੰਗੜੇ ਦੀ ਟੀਮ ਦੇ ਨੌਜਵਾਨਾਂ ਨੇ ਪੰਜਾਬੀ ਸੱਭਿਆਚਾਰਕ ਪਹਿਰਾਵੇ ਵਿਚ ਆਪਣੇ ਜੌਹਰ ਦਿਖਾਏ। ਇਸ ਮੌਕੇ ਸ਼ਾਮਿਲ ਹੋਣ ਲਈ ਜਿੱਥੇ ਵੱਡੀ ਗਿਣਤੀ ਓਟਾਵਾ ਵਾਸੀਆਂ ਦੀ ਸੀ, ਉਥੇ ਕੈਨੇਡਾ ਦੇ ਕੋਨੇ-ਕੋਨੇ ਤੋਂ ਲੋਕ ਪੁੱਜੇ ਹੋਏ ਸਨ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਟੀਲ ਪਲਾਂਟ ਦੇ ਵਰਕਰਾਂ ਨਾਲ ਕੀਤੀ ਗੱਲਬਾਤ

ਓਟਵਾ/ਬਿਊਰੋ ਨਿਊਜ਼ : ਲੰਘੇ ਦਿਨੀਂ ਨੂੰ ਟਰਾਂਜਿਟ ਕਰਮਚਾਰੀਆਂ ਅਤੇ ਸਥਾਨਕ ਮੇਅਰ ਮੈਥਿਊ ਸ਼ੂਮੇਕਰ ਨੂੰ ਮਿਲਣ …