Breaking News
Home / ਕੈਨੇਡਾ / ਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮਰੀਕਾ ਦੀ ਕਾਰਜਕਾਰਨੀ ਨੇ ਆਪਣੇ ਸਲਾਨਾ ਸਮਾਗਮ ਦੀ ਕੀਤੀ ਸਮੀਖਿਆ

ਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮਰੀਕਾ ਦੀ ਕਾਰਜਕਾਰਨੀ ਨੇ ਆਪਣੇ ਸਲਾਨਾ ਸਮਾਗਮ ਦੀ ਕੀਤੀ ਸਮੀਖਿਆ

ਬਰੈਂਪਟਨ/ਡਾ ਝੰਡ
ਲੰਘੇ ਦਿਨੀਂ ‘ਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮਰੀਕਾ’ ਦੀ ਕਾਰਜਕਾਨੀ ਵੱਲੋਂ ਪਿਛਲੇ ਹਫ਼ਤੇ 25 ਨਵੰਬਰ ਨੂੰ ਕਰਵਾਏ ਗਏ ਸਲਾਨਾ ਸਮਾਗ਼ਮ ਦੀ ਸਵੈ-ਪੜਚੋਲ ਕੀਤੀ ਗਈ ਅਤੇ ਆਉਣ ਵਾਲੇ ਸਾਲ 2018 ਵਿਚ ਕਰਵਾਏ ਜਾਣ ਵਾਲੇ ਪ੍ਰੋਗਰਾਮਾਂ ਦੀ ਰੂਪ-ਰੇਖਾ ਉਲੀਕੀ ਗਈ। ਕਾਰਜਕਾਰਨੀ ਦੀ ਇਹ ਇਕੱਤਰਤਾ ਬਰੈਂਪਟਨ ਦੇ ਪ੍ਰਸਿੱਧ ਰੈਸਟੋਰੈਂਟ ‘ਤੰਦੂਰੀ ਨਾਈਟਸ’ ਵਿਚ ਐਸੋਸੀਏਸ਼ਨ ਦੇ ਪ੍ਰਧਾਨ ਟੌਮੀ ਵਾਲੀਆ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਕਾਜਕਾਰਨੀ ਦੇ ਮੈਂਬਰਾਂ ਤੋਂ ਇਲਾਵਾ ਕਈ ਹੋਰ ਮਹਿਮਾਨਾਂ ਸਮੇਤ ਪੰਜਾਬੀ ਮੀਡੀਆ ਵੱਲੋਂ ਡਾ.ਸੁਖਦੇਵ ਸਿੰਘ ਝੰਡ ਅਤੇ ਉੱਘੇ ਵਿਦਵਾਨ ਪ੍ਰੋ. ਰਾਮ ਸਿੰਘ ਵੀ ਇਸ ਮੀਟਿੰਗ ਵਿਚ ਉਚੇਚੇ ਸੱਦੇ ‘ਤੇ ਸ਼ਾਮਲ ਹੋਏ। ਮੀਟਿੰਗ ਵਿਚ ਮਹਿਮਾਨਾਂ ਨੇ ਵੀ ਇਸ ਸਮਾਗ਼ਮ ਬਾਰੇ ਆਪਣੇ ਪ੍ਰਤੀਕਰਮ ਦਿੱਤੇ। ਮੀਟਿੰਗ ਵਿਚ ‘ਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮਰੀਕਾ’ ਜੋ ਇਸ ਸਮੇਂ ਇਕ ਨਾਨ-ਪਰਾਫ਼ਿਟ ਆਰਗੇਨਾਈਜ਼ੇਸ਼ਨ ਹੈ, ਨੂੰ ਅਗਲੇ ਸਾਲ 2018 ਤੋਂ ‘ਚੈਰੀਟੇਬਲ ਆਰਗੇਨਾਈਜ਼ੇਸ਼ਨ’ ਵਜੋਂ ਰਜਿਸਟਰ ਕਰਾਉਣ ਦਾ ਫ਼ੈਸਲਾ ਕੀਤਾ ਗਿਆ। ਇਸ ਰਜਿਸਟ੍ਰੇਸ਼ਨ ਤੋਂ ਬਾਅਦ ਇਹ ਐਸੋਸੀਏਸ਼ਨ ਲੋੜਵੰਦ ਗ਼ਰੀਬ ਵਿਦਿਆਰਥੀਆਂ ਨੂੰ ਅਪਨਾਉਣ, ਬੀਮਾਰ ਵਿਅਕਤੀਆਂ ਅਤੇ ਲੜਾਈ ਵਿਚ ਸ਼ਹੀਦ ਹੋਣ ਵਾਲੇ ਫ਼ੌਜੀ ਪਰਿਵਾਰਾਂ ਦੀ ਚੋਣ ਕਰਕੇ ਉਨ੍ਹਾਂ ਦੀ ਮਾਇਕ ਸਹਾਇਤਾ ਕਰਨ ਵਿਚ ਆਪਣਾ ਬਣਦਾ ਯੋਗਦਾਨ ਪਾਏਗੀ। ਐਸੋਸੀਏਸ਼ਨ ਵੱਲੋਂ ਮਈ ਮਹੀਨੇ ਵਿਚ ਮਹਾਨ ਸਿੱਖ ਜਰਨੈਲ ਨਵਾਬ ਜੱਸਾ ਸਿੰਘ ਆਹਲੂਵਾਲੀਆ ਦਾ ਜਨਮ-ਦਿਹਾੜਾ ਮਈ ਮਹੀਨੇ ਵਿਚ ਬਰੈਂਪਟਨ ਦੇ ਕਿਸੇ ਗੁਰੂ-ਘਰ ਵਿਚ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਜਿਸ ਵਿਚ ਉਨ੍ਹਾਂ ਦੇ ਜੀਵਨ ਅਤੇ ਸਿੱਖ ਕੌਮ ਲਈ ਕੀਤੀ ਗਈ ਮਹਾਨ ਘਾਲਣਾ ਬਾਰੇ ਇਕ ਜਾਂ ਦੋ ਵਿਦਵਾਨਾਂ ਕੋਲੋਂ ਸਪੈਸ਼ਲ ਲੈੱਕਚਰ ਕਰਵਾਏ ਜਾਣਗੇ।
ਇਸੇ ਤਰ੍ਹਾਂ ਜੁਲਾਈ/ਅਗਸਤ ਵਿਚ ਐਸੋਸੀਏਸ਼ਨ ਦੀ ਸਲਾਨਾ ਪਿਕਨਿਕ ਬਰੈਂਪਟਨ ਦੇ ਕਿਸੇ ਪਾਰਕ ਵਿਚ ਕਰਵਾਏ ਜਾਣ ਦਾ ਵੀ ਫ਼ੈਸਲਾ ਕੀਤਾ ਗਿਆ। ਅਖ਼ੀਰ ਵਿਚ ਪ੍ਰਧਾਨ ਜੀ ਵੱਲੋਂ ਸਲਾਨਾ ਸਮਾਗ਼ਮ ਵਿਚ ਹਾਜ਼ਰ ਹੋਣ ਵਾਲੇ ਸਮੂਹ ਵਾਲੀਆ ਪਰਿਵਾਰਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਅੱਗੋਂ ਵੀ ਏਸੇ ਹੀ ਤਰ੍ਹਾਂ ਐਸੋਸੀਏਸ਼ਨ ਵੱਲੋਂ ਕਰਵਾਏ ਜਾਣ ਵਾਲੇ ਵੱਖ-ਵੱਖ ਪ੍ਰੋਗਰਾਮਾਂ ਵਿਚ ਉਨ੍ਹਾਂ ਦੀ ਸਰਗ਼ਰਮ ਸ਼ਮੂਲੀਅਤ ਦੀ ਆਸ ਪ੍ਰਗਟਾਈ ਗਈ। ਹਾਜ਼ਰ-ਮੈਂਬਰਾਂ ਵੱਲੋਂ ‘ਤੰਦੂਰੀ ਨਾਈਟਸ’ ਦੇ ਮਾਲਕ ਟੌਮੀ ਵਾਲੀਆ ਦੀ ਨਿੱਘੀ ਮਹਿਮਾਨ-ਨਿਵਾਜ਼ੀ ਦਾ ਧੰਨਵਾਦ ਕੀਤਾ ਗਿਆ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …