Breaking News
Home / ਫ਼ਿਲਮੀ ਦੁਨੀਆ / ਗੁਰਬਤ ‘ਚ ਦਿਨ ਕੱਟ ਰਿਹਾ ਹੈ ਸਾਰੰਗੀ ਦਾ ਸਿਤਾਰਾ

ਗੁਰਬਤ ‘ਚ ਦਿਨ ਕੱਟ ਰਿਹਾ ਹੈ ਸਾਰੰਗੀ ਦਾ ਸਿਤਾਰਾ

ਈਦੂ ਸ਼ਰੀਫ
ਚੰਡੀਗੜ੍ਹ : ਤੰਗ ਗਲੀਆਂ ਵਿਚ ਵਿਚੋਂ ਲੰਘ ਕੇ ਆਪਣੇ ਛੋਟੇ ਜਿਹੇ ਮਕਾਨ ਵਿਚ ਨਵਜੋਤ ਸਿੱਧੂ ਨੂੰ ਆਇਆ ਦੇਖ ਕੇ ਈਦੂ ਦੀਆਂ ਅੱਖਾਂ ਨਮ ਹੋ ਗਈਆਂ। ਗਲਾ ਭਰ ਆਇਆ। ਕੰਬਦੇ ਹੱਥ ਹਵਾ ਵਿਚ ਉਠੇ ਤਾਂ ਸਿੱਧੂ ਨੇ ਅੱਗੇ ਵਧ ਕੇ ਹੱਥ ਫੜਿਆ। ਬੋਲੇ-ਸਿੱਧੂ ਸਾਹਿਬ ਤੁਹਾਡਾ ਸ਼ੁਕਰੀਆ ਕਿਵੇਂ ਅਦਾ ਕਰਾਂਗਾ।
ਸਿੱਧੂ ਸੋਮਵਾਰ ਨੂੰ ਚੰਡੀਗੜ੍ਹ ਨੇੜੇ ਮਨੀਮਾਜਰਾ ਸਥਿਤ ਈਦੂ ਸ਼ਰੀਫ ਦੇ ਘਰ ਪਹੁੰਚੇ ਅਤੇ ਦੋ ਲੱਖ ਰੁਪਏ ਦੀ ਮੱਦਦ ਕੀਤੀ। ਸਿੱਧੂ ਨੇ ਕਿਹਾ ਕਿ ਪੰਜਾਬ ਮਾਂ ਬੋਲੀ ਨੂੰ ਬੁਲੰਦੀਆਂ ‘ਤੇ ਪਹੁੰਚਾਉਣ ਵਾਲਿਆਂ ਦੀ ਮੱਦਦ ਲਈ ਪੂਰੇ ਪੰਜਾਬ ਨੂੰ ਉਠ ਖੜ੍ਹੇ ਹੋਣਾ ਚਾਹੀਦਾ ਹੈ। ਈਦੂ ਦੇ ਬੇਟਿਆਂ ਸੁੱਖੀ ਅਤੇ ਵਿੱਕੀ ਨੇ ਦੱਸਆ ਕਿ ਉਹਨਾਂ ਦੇ ਪਿਤਾ ਪੰਜ ਸਾਲ ਤੋਂ ਬਿਮਾਰ ਹਨ। ਉਹਨਾਂ ਦੇ ਸਰੀਰ ‘ਤੇ ਪੈਰਾਲਾਈਜ਼ ਦਾ ਅਟੈਕ ਹੋ ਗਿਆ ਸੀ।
ਇਲਾਜ ਕਰਾਉਣ ਵਿਚ ਕਾਫੀ ਖਰਚਾ ਆਇਆ। ਕਈ ਵਾਰ ਦਵਾਈਆਂ ਨਹੀਂ ਲਿਆ ਸਕੇ। ਉਹਨਾਂ ਨੂੰ ਇਤਰਾਜ਼ ਵੀ ਸੀ ਕਿ ਉਹਨਾਂ ਦੇ ਪਿਤਾ ਏਨੇ ਵੱਡੇ ਕਲਾਕਾਰ ਹੋਣ ਦੇ ਬਾਵਜੂਦ ਸਮਾਜਿਕ ਹਾਸ਼ੀਏ ‘ਤੇ ਹੀ ਰਹੇ। ਕਿਸੇ ਨੇ ਵੀ ਉਹਨਾਂ ਦੀ ਸਾਰ ਨਹੀਂ ਲਈ। ਦਿੱਲੀ ਵਿਚ ਲਾਲ ਕਿਲ੍ਹੇ ‘ਤੇ ਜਦ ਉਹਨਾਂ ਨੇ ਰਾਸ਼ਟਰਪਤੀ ਸਾਹਮਣੇ ਸਾਰੰਗੀ ਵਜਾ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਤਾਂ ਕਲਾਮ ਸਾਹਿਬ ਪ੍ਰਭਾਵਤ ਹੋਏ। ਉਹਨਾਂ ਨੂੰ 2006 ਵਿਚ ਰਾਸ਼ਟਰਪਤੀ ਐਵਾਰਡ ਦਿੱਛਾ ਗਿਆ। ਇਸ ਤੋਂ ਬਾਅਦ ਪੰਜਾਬੀ ਵਿਰਸੇ ਨਾਲ ਜੁੜੀਆਂ ਕੁਝ ਸੰਸਥਾਵਾਂ ਨੇ ਵੀ ਉਹਨਾਂ ਦਾ ਸਨਮਾਨ ਕੀਤਾ। ਪਰ ਗਰੀਬੀ ਨਾਲ ਜੂਝ ਰਹੇ ਪੰਜਾਬੀ ਲੋਕ ਗਾਇਕੀ ਦੇ ਇਸ ਹੀਰੇ ਦੇ ਹਾਲਾਤ ਸਮਝਣ ਦੀ ਜ਼ਰੂਰਤ ਨਹੀਂ ਸਮਝੀ। ਸਨਮਾਨ ਲੈ ਕੇ ਉਹਨਾਂ ਨੂੰ ਖੁਸ਼ੀ ਹੈ ਪਰ ਢਿੱਡ ਭਰਨ ਲਈ ਪੈਸੇ ਦੀ ਜ਼ਰੂਰਤ ਕਿਥੋਂ ਪੂਰੇ ਹੋਵੇ।
ਮਨੀਮਾਜਰਾ ਦੇ ਇਕ ਛੋਟੇ ਜਿਹੇ ਮਕਾਨ ਵਿਚ ਬਦਹਾਲੀ ਦੀ ਜ਼ਿੰਦਗੀ ਜੀਅ ਰਹੇ ਈਦੂਅੱਜ ਵੀ ਸਾਰੰਗੀ ਵਜਾ ਕੇ ਆਪਣੇ ਲੰਘੇ ਦਿਨਾਂ ਦੀ ਯਾਦ ਕਰਦੇ ਹਨ। ਸਾਰੰਗੀ ਦੀ ਤਾਨ ‘ਤੇ ਗਰੀਬੀ ਵਿਚ ਵੀ ਉਹਨਾਂ ਦੇ ਹੋਠਾਂ ‘ਤੇ ਮੁਸਕਾਨ ਆ ਜਾਂਦੀ ਹੈ। ਈਦੂ ਦਾ ਕਹਿਣਾ ਹੈ ਕਿ ਇਸ ਕਲਾ ਨੂੰ ਜ਼ਿੰਦਾ ਰੱਖਣ ਲਈ ਉਹਨਾਂ ਨੇ ਆਪਣੇ ਦੋਵੇਂ ਬੇਟਿਆਂ ਨੂੰ ਸਾਰੰਗੀ ਦਾ ਹੁਨਰ ਸਿਖਾਇਆ ਹੈ। ਪਰ ਸਹੀ ਮੰਚ ਨਾ ਮਿਲਣ ਕਾਰਨ ਉਹਨਾਂ ਦੀ ਕਲਾ ਵੀ ਗਲੀਆਂ ਵਿਚ ਦਮ ਤੋੜ ਰਹੀ ਹੈ। ਈਦੂ ਦੀਆਂ ਅੱਖਾਂ ਵਿਚ ਦੋਵੇਂ ਬੇਟਿਆਂ ਦੇ ਭਵਿੱਖ ਦੀ ਚਿੰਤਾ ਸਾਫ ਝਲਕ ਰਹੀ ਹੈ।
ਉਹਨਾਂ ਨੂੰ ਡਰ ਹੈ ਜਿਸ ਤਰ੍ਹਾਂ ਗੁਰਬਤ ਵਿਚ ਉਹਨਾਂ ਨੇ ਆਪਣਾ ਜੀਵਨ ਬਤੀਤ ਕੀਤਾ, ਕਿਤੇ ਬੇਟਿਆਂ ਨੂੰ ਵੀ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪਵੇ। ਜਦਕਿ ਅਸੀਂ ਪੌਪ ਦੇ ਜ਼ਮਾਨੇ ਵਿਚ ਵੀ ਸਾਰੰਗੀ ਦੀ ਕਲਾ ਨੂੰ ਜੀਵਤ ਰੱਖਿਆ ਹੈ।
ਦੋ ਕਮਰਿਆਂ ਦੇ ਮਕਾਨ ਵਿਚ ਈਦੂ ਪਰਿਵਾਰ ਸਮੇਤ ਰਹਿ ਰਹੇ ਹਨ। ਉਹਨਾਂ ਨੇ ਨਵਜੋਤ ਸਿੱਧ ਨੂੰ ਗੁਜ਼ਾਰਿਸ਼ ਕੀਤੀ ਕਿ ਸਰਕਾਰ ਉਹਨਾਂ ਨੂੰ ਰਹਿਣ ਲਈ ਮਕਾਨ ਮੁਹੱਈਆ ਕਰਵਾਏ ਤਾਂ ਮੁਸ਼ਕਲਾਂ ਕੁਝ ਘੱਟ ਹੋ ਸਕਦੀਆਂ ਹਨ।
ਸ਼ੁਕਰੀਆ ਪਾਤਰ ਸਾਹਿਬ, ਤੁਸੀਂ ਈਦੂ ਨਾਲ ਮਿਲਾਇਆ
ਨਵਜੋਤ ਸਿੱਧੂ ਨੇ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਸੁਰਜੀਤ ਪਾਤਰ ਦਾ ਸ਼ੁਕਰੀਆ ਕਰਦੇ ਹੋਏ ਕਿਹਾ ਕਿ ਉਨ੍ਹਾਂ ਕਰਕੇ ਹੀ ਮੈਂ ਪੰਜਾਬ ਦੇ ਅਨਮੋਲ ਨਗੀਨੇ ਨੂੰ ਮਿਲ ਸਕਿਆ ਹਾਂ। ਇਨ੍ਹਾਂ ਦੀ ਮੱਦਦ ਕਰਕੇ ਮੈਂ ਆਪਣੇ ਆਪ ਭਾਗਾਂ ਵਾਲਾ ਸਮਝ ਰਿਹਾ ਹਾਂ। ਅੱਗੇ ਵੀ ਇਨ੍ਹਾਂ ਲਈ ਜੋ ਹੋ ਸਕੇਗਾ, ਜ਼ਰੂਰ ਕਰਾਂਗਾ। ਸੁਰਜੀਤ ਪਾਤਰ ਨੇ ਵੀ ਈਦੂ ਦੇ ਪਰਿਵਾਰ ਨੂੰ ਹਰ ਸੰਭਵ ਮੱਦਦ ਦੇਣ ਦਾ ਵਾਅਦਾ ਕੀਤਾ।
ਡਾ. ਪਾਤਰ ਨੇ ਉਠਾਇਆ ਸੀ ਈਦੂ ਦੀ ਆਰਥਿਕ ਤੰਗੀ ਦਾ ਮੁੱਦਾ
ਈਦੂ ਸ਼ਰੀਫ ਦੇ ਘਰ ਪਹੁੰਚੇ ਨਵਜੋਤ ਸਿੱਧੂ ਨੇ ਈਦੂ ਸ਼ਰੀਫ ਦੇ ਛੇਤੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਹੈ। ਸਿੱਧੂ ਨੇ ਕਿਹਾ ਕਿ ਈਦੂ ਸ਼ਰੀਫ ਦੀ ਆਰਥਿਕ ਤੰਗਹਾਲੀ ਦਾ ਮੁੱਦਾ ਡਾ. ਪਾਤਰ ਹੋਰਾਂ ਨੇ ਪਰਿਸ਼ਦ ਦੀ ਮੀਟਿੰਗ ਵਿਚ ਉਠਾਇਆ ਸੀ। ਈਦੂ ਅਤੇ ਉਹਨਾਂ ਦੇ ਬੇਟੇ ਵਿੱਕੀ ਨੇ ਇਕ ਗੀਤ ‘ਜ਼ਿੰਦਗੀ ਦੇ ਰੰਗ ਸੱਜਣ’ ਗਾਇਆ। ਸਿੱਧੂ ਨੇ ਕਿਹਾ ਜਿਸ ਤਰ੍ਹਾਂ ਕ੍ਰਿਕਟਰ ਸਲੀਮ ਦੁਰਾਨੀ ਦੀ ਆਰਥਿਕ ਤੰਗਹਾਲੀ ਨੂੰ ਦੇਖਦੇ ਹੋਏ ਹੁਣ ਬੀਸੀਸੀਆਈ ਨੇ ਸਾਰੇ ਸਾਬਕਾ ਕ੍ਰਿਕਟਰਾਂ ਨੂੰ ਪੈਨਸ਼ਨ ਦੇਣ ਦਾ ਫੈਸਲਾ ਕੀਤਾ ਹੈ। ਉਸੇ ਤਰ੍ਹਾਂ ਪੰਜਾਬ ਦੇ ਅਜੀਮ ਫਨਕਾਰਾਂ, ਸਾਹਿਤਕਾਰਾਂ ਦੀ ਬੁਢਾਪੇ ਵਿਚ ਸਹਾਇਤਾ ਲਈ ਕਾਰਪਸ ਫੰਡ ਬਣਾਉਣ ਦੀ ਜ਼ਰੂਰਤ ਹੈ। ਇਸ ‘ਤੇ ਵਿਚਾਰ ਕੀਤਾ ਜਾਵੇਗਾ, ਤਾਂ ਕਿ ਕਿਸੇ ਕਲਾਕਾਰ ਨੂੰ ਬੁਢਾਪੇ ਵਿਚ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਡਾ. ਲਖਵਿੰਦਰ ਜੌਹਲ ਅਤੇ ਨਿਰਮਲ ਜੌੜਾ ਵੀ ਮੌਜੂਦ ਸਨ।
ਬੁਲੰਦੀਆਂ ਛੂ ਰਹੇ ਹਨ ਈਦੂ ਦੇ ਸਾਥੀ
ਈਦੂ ਦਾ ਕਹਿਣਾਹੈ ਕਿ ਜੋ ਉਹਨਾਂ ਦੇ ਸਾਥੀ ਕਲਾਕਾਰ ਅੱਜ ਬੁਲੰਦੀਆਂ ‘ਤੇ ਹਨ। ਪਰ ਗਰਬੀ ਦੇ ਕਾਰਨ ਸਾਰਿਆਂ ਨੇ ਉਨ੍ਹਾਂ ਕੋਲੋਂ ਮੂੰਹ ਮੋੜ ਲਿਆ। ਹਾਲਾਂਕਿ ਪੰਜਾਬ ਸਰਕਾਰ ਅਤੇ ਕੁਝ ਚੋਣਵੇਂ ਗਾਇਕਾਂ ਨੇ ਦੋ ਸਾਲ ਪਹਿਲਾਂ ਕੁਝ ਆਰਥਿਕ ਮੱਦਦ ਜ਼ਰੂਰ ਕੀਤੀ ਸੀ। ਬਿਮਾਰੀ ਦੇ ਚੱਲਦਿਆਂ ਹੋ ਰਹੇ ਖਰਚੇ ਕਾਰਨ ਇਹ ਮੱਦਦ ਵੀ ਨਾਕਾਫੀ ਰਹੀ।
ਪਿਤਾ ਕੋਲੋਂ ਸਿੱਖੇ ਸਨ ਸਾਰੰਗੀ ਦੇ ਸੁਰ
ਈਦੂ ਸ਼ਰੀਫ ਨੇ ਗਾਇਕੀ ਦਾ ਸਫਰ ਬਚਪਨ ਤੋਂ ਸ਼ੁਰੂ ਕੀਤਾ, ਜਦ ਉੋਹਨਾਂ ਦੇ ਪਿਤਾ ਨੇ ਉਹਨਾਂ ਨੂੰ ਗਾਇਕੀ ਦੀ ਤਾਲੀਮ ਦਿੱਤੀ। ਪਰ ਗਰੀਬੀ ਨੇ ਸ਼ੁਰੂ ਤੋਂ ਹੀ ਉਹਨਾਂ ਦਾ ਪੱਲਾ ਨਹੀਂ ਛੱਡਿਆ। ਜਵਾਨਾਂ ਦੇ ਦਿਨਾਂ ਵਿਚ ਵੀ ਉਹਨਾਂ ਨੇ ਤਾਂਗਾ ਚਲਾ ਕੇ ਪਰਿਵਾਰ ਨੂੰ ਪਾਲਿਆ। ਰਾਸ਼ਟਰਪਤੀ ਐਵਾਰਡ ਮਿਲਣ ਤੋਂ ਬਾਅਦ ਉਹਨਾਂ ਦੀ ਕਲਾ ਦਾ ਲੋਹਾ ਪੰਜਾਬ ਸਮੇਤ ਪੂਰੇ ਦੇਸ਼ ਵਿਚ ਮੰਨਿਆ ਗਿਆ। 2010 ਵਿਚ ਪੰਜਾਬ ਵਿਚ ਭਾਸ਼ਾ ਵਿਭਾਗ ਐਵਾਰਡ ਨਾਲ ਨਿਵਾਜਿਆ ਗਿਆ। ਉਸਤੋਂ ਬਾਅਦਫਿਰ ਪੀਸੀਟੀ ਲਾਈਫ ਟਾਈਮ ਅਚੀਵਮੈਂਟ ਐਵਾਰਡ ਦਿੱਤਾ ਗਿਆ।
ਈਦੂ ਦੇ ਕੁਝ ਚੋਣਵੇਂ ਗੀਤ
ਪਹਿਲਾਂ ਵਰਗਾ ਮੇਰੇ ਵਿਚ ਮੋਹ ਹੈਨੀ
ਦਸ ਕਿੱਥੇ ਗਿਆ ਵੇ ਤੇਰਾ ਪਿਆਰ ਢੋਲਾ

ਜ਼ਿੰਮੀ ਸ਼ੇਰਗਿੱਲ ਦੀ ਪੰਜਾਬੀ ਫਿਲਮ ‘ਤੇਰਾ ਮੇਰਾ ਕੀ ਰਿਸ਼ਤਾ’ ਵਿਚ ਉਹਨਾਂ ਦੇ ਗੀਤ ਨੂੰ ਜਗ੍ਹਾ ਮਿਲੀ। ਲਿਖਿਆ ਜੋ ਲੇਖਾਂ ਵਿਚ, ਓਹੀਓ ਕੁਝ ਮਿਲਦਾ।

ਉਹਦੀ ਮਰਜ਼ੀ ਤੋਂ ਬਿਨਾ, ਪੱਤਾ ਵੀ ਨਹੀਂ ਹਿੱਲਦਾ
ਇਸ ਤੋਂ ਬਾਅਦ ਇਹ ਗੀਤ ਨੌਜਵਾਨਾਂ ਦੀ ਜੁਬਾਨ ‘ਤੇ ਚੜ੍ਹ ਗਿਆ। ਦੁੱਲਾ ਭੱਟੀ, ਹੀਰ, ਮਿਰਜ਼ਾ, ਸੱਸੀ ਪੁੰਨੂ, ਲੋਕ ਗਾਇਕ ਪੰਮੀ ਦੇ ਗੀਤਾਂ ਦੀ ਐਲਬਮ ਵਿਚ ਵੀ ਈਦੂ ਨੇ ਸਾਰੰਗੀ ਦੇ ਸੁਰ ਪਰੋਏ ਹਨ।
ਨਵਜੋਤ ਸਿੱਧੂ ਨੇ ਈਦੂ ਸ਼ਰੀਫ ਨੂੰ ਦੋ ਲੱਖ ਰੁਪਏ ਦੀ ਦਿੱਤੀ ਸਹਾਇਤਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਸੱਭਿਆਚਾਰਕ ਮਾਮਲਿਆਂ ਤੇ ਸੈਰ ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਪ੍ਰਸਿੱਧ ਢਾਡੀ ਲੋਕ ਗਾਇਕ ਈਦੂ ਸ਼ਰੀਫ ਦੇ ਘਰ ਜਾ ਕੇ ਉਨ੍ਹਾਂ ਨੂੰ ਆਪਣੇ ਕੋਲੋਂ ਦੋ ਲੱਖ ਰੁਪਏ ਦੀ ਵਿੱਤੀ ਸਹਾਇਤਾ ਭੇਟ ਕੀਤੀ। ਈਦੂ ਸ਼ਰੀਫ ਅਧਰੰਗ ਦੀ ਬਿਮਾਰੀ ਤੋਂ ਪੀੜਤ ਹਨ। ਚੰਡੀਗੜ੍ਹ ਦੇ ਮਨੀਮਾਜਰਾ ਸਥਿਤ ਈਦੂ ਸ਼ਰੀਫ ਦੇ ਘਰ ਇਹ ਵਿੱਤੀ ਸਹਾਇਤਾ ਭੇਟ ਕਰਨ ਮੌਕੇ ਕਲਾ ਪ੍ਰੀਸ਼ਦ ਦੇ ਚੇਅਰਮੈਨ ਡਾ. ਸੁਰਜੀਤ ਪਾਤਰ, ਸਕੱਤਰ ਜਨਰਲ ਲਖਵਿੰਦਰ ਸਿੰਘ ਜੌਹਲ ਤੇ ਡਾ. ਨਿਰਮਲ ਜੌੜਾ ਵੀ ਉਨ੍ਹਾਂ ਦੇ ਨਾਲ ਸਨ।ਸਿੱਧੂ ਨੇ ਈਦੂ ਸ਼ਰੀਫ ਦੀ ਸਿਹਤਯਾਬੀ ਦੀ ਕਾਮਨਾ ਵੀ ਕੀਤੀ। ਉਨ੍ਹਾਂ ਕਿਹਾ ਕਿ ਇਹ ਵਿੱਤੀ ਸਹਾਇਤਾ ਭਾਵੇਂ ਥੋੜ੍ਹੀ ਹੈ ਪਰ ਇਸ ਵਿੱਚ ਬਾਬਾ ਫਰੀਦ ਦੀਆਂ ਦੁਆਵਾਂ ਵੀ ਜੁੜੀਆਂ ਹਨ। ਚੇਤੇ ਰਹੇ ਕਿ ਸਿੱਧੂ ਨੂੰ ਫਰੀਦਕੋਟ ਵਿੱਚ ਬਾਬਾ ਫਰੀਦ ਮੇਲੇ ਦੌਰਾਨ ਇਮਾਨਦਾਰੀ ਐਵਾਰਡ ਨਾਲ ਸਨਮਾਨ ਵਿੱਚ ਇੱਕ ਲੱਖ ਰੁਪਏ ਦੀ ਇਨਾਮ ਰਾਸ਼ੀ ਮਿਲੀ ਸੀ। ਸਿੱਧੂ ਨੇ ਇਸ ਨੇਕ ਕੰਮ ਦਾ ਸਿਹਰਾ ਡਾ. ਸੁਰਜੀਤ ਪਾਤਰ ਸਿਰ ਬੰਨ੍ਹਿਆ ਜਿਨ੍ਹਾਂ ਨੇ ਈਦੂ ਸ਼ਰੀਫ ਦਾ ਮਾਮਲਾ ਕਲਾ ਪ੍ਰੀਸਦ ਦੀ ਮੀਟਿੰਗ ਵਿੱਚ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਡਾ. ਪਾਤਰ ਦੀ ਅਗਵਾਈ ਹੇਠ ਕਲਾ ਪ੍ਰੀਸ਼ਦ ਪੰਜਾਬ ਦੇ ਕਲਾਕਾਰਾਂ ਤੇ ਸਾਹਿਤਕਾਰਾਂ ਦੀ ਪੂਰੀ ਤਰ੍ਹਾਂ ਸੰਭਾਲ ਕਰੇਗੀ।
ਸਿੱਧੂ ਨੇ ਈਦੂ ਸ਼ਰੀਫ ਨੂੰ ਲੋਕ ਗਾਇਕੀ ਦਾ ਨਗੀਨਾ ਦੱਸਿਆ
ਈਦੂ ਸ਼ਰੀਫ ਦੇ ਘਰ ਪਹੁੰਚੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਅਜਿਹੇ ਵਿਅਕਤੀ ਸਾਡੀ ਸਭਿਅਤਾ ਅਤੇ ਵਿਰਾਸਤ ਦੀ ਪਹਿਚਾਣ ਹਨ। ਜਿਨ੍ਹਾਂ ਨੂੰ ਉਹ ਕਿਸੇ ਵੀ ਹਾਲਤ ਵਿਚ ਦੁਖੀ ਨਹੀਂ ਦੇਖ ਸਕਦੇ। ਉਹਨਾਂ ਕਿਹਾ ਕਿ ਇਹ ਅਜਿਹੇ ਅਨਮੋਲ ਨਗ ਹਨ, ਜਿਹਨਾਂ ਨੂੰ ਸੋਨੇ ਵਿਚ ਮੜ੍ਹਨ ਦੀ ਜ਼ਰੂਰਤ ਹੈ। ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲੇ ਅਜਿਹੇ ਕਲਾਕਾਰਾਂ ਦੀ ਵਜ੍ਹਾ ਨਾਲ ਹੀ ਪੰਜਾਬੀ ਵਿਰਸਾ ਬਚਿਆ ਹੋਇਆ ਹੈ। ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਮਾਮਲੇ ਵਿਚ ਕਾਫੀ ਨਰਮਦਿਲ ਹਨ ਅਤੇ ਕਈ ਹਸਤੀਆਂ ਨੂੰ ਸਪਾਂਸਰ ਕਰ ਰਹੇ ਹਨ। ਉਹਨਾਂ ਕਿਹਾ ਕਿ ਉਹ ਮੁੱਖ ਮੰਤਰੀ ਨੂੂੰ ਅਪੀਲ ਕਰਨਗੇ ਅਤੇ ਕੈਬਨਿਟ ਵਿਚ ਵੀ ਇਹ ਗੱਲ ਰੱਖਣਗੇ ਕਿ ਈਦੂ ਸ਼ਰੀਫ ਨੂੰ ਰਹਿਣ ਲਈ ਜਗ੍ਹਾ ਦਿੱਤੀ ਜਾਵੇ।

Check Also

Nurturing India to Safety, Security and Prosperity

Dr (Prof) Nishakant Ojha, is among India’s eminent experts who are internationally recognisedin the cyber-crime …