Breaking News
Home / ਫ਼ਿਲਮੀ ਦੁਨੀਆ / ਕਰਮਜੀਤ ਅਨਮੋਲ ਦੀ ਕਾਮੇਡੀ ਭਰਪੂਰ ਸਮਾਜਿਕ ਫ਼ਿਲਮ

ਕਰਮਜੀਤ ਅਨਮੋਲ ਦੀ ਕਾਮੇਡੀ ਭਰਪੂਰ ਸਮਾਜਿਕ ਫ਼ਿਲਮ

‘ਕੁੜੀਆਂ ਜਵਾਨ-ਬਾਪੂ ਪ੍ਰੇਸ਼ਾਨ’
ਕੋਵਿਡ 19 ਦੇ ਪ੍ਰਕੋਪ ਤੋਂ ਬਾਅਦ ਸੁੰਨੇ ਪਏ ਸਿਨੇਮਾਂ ਘਰਾਂ ਵਿਚ ਬਹੁਤ ਜਲਦੀ ਮੁੜ ਰੌਣਕਾਂ ਪਰਤ ਰਹੀਆਂ ਹਨ। ਪੰਜਾਬੀ ਸਿਨੇ ਦਰਸ਼ਕਾਂ ਲਈ ਇਹ ਵੱਡੀ ਖੁਸ਼ਖ਼ਬਰੀ ਹੋਵੇਗੀ ਕਿ ‘ਲਾਵਾਂ ਫੇਰੇ’, ਮਿੰਦੋ ਤਸੀਲਦਾਰਨੀ’ ਵਰਗੀਆਂ ਸੁਪਰਹਿੱਟ ਪੰਜਾਬੀ ਫ਼ਿਲਮਾਂ ਬਣਾਉਣ ਵਾਲੀ ਪ੍ਰੋਡਕਸ਼ਨ ਹਾਊਸ ਹੁਣ ਇੱਕ ਹੋਰ ਵੱਡੀ ਕਾਮੇਡੀ ਫ਼ਿਲਮ ‘ਕੁੜੀਆਂ ਜਵਾਨ-ਬਾਪੂ ਪ੍ਰੇਸ਼ਾਨ’ ਨਾਂ ਦੀ ਕਾਮੇਡੀ ਭਰਪੂਰ ਫ਼ਿਲਮ ਲੈ ਕੇ ਆ ਰਹੀ ਹੈ।
ਰੰਜੀਵ ਸਿੰਗਲਾ ਪ੍ਰੋਡਕਸ਼ਨ ਦੇ ਬੈਨਰ ਹੇਠ 16 ਅਪ੍ਰੈਲ ਵਿਸਾਖੀ ਦੇ ਦਿਨਾਂ ‘ਤੇ ਰਿਲੀਜ਼ ਹੋ ਰਹੀ ਇਸ ਫ਼ਿਲਮ ਵਿਚ ਪੰਜਾਬੀ ਸਿਨੇਮੇ ਦਾ ਸਿਰਮੌਰ ਕਾਮੇਡੀਅਨ ਕਰਮਜੀਤ ਅਨਮੋਲ ਪਹਿਲੀ ਵਾਰ ਤਿੰਨ ਜਵਾਨ ਧੀਆਂ ਦੇ ਪ੍ਰੇਸ਼ਾਨ ਬਾਪ ਦੀ ਭੂਮਿਕਾ ਵਿਚ ਕਾਮੇਡੀ ਕਰਦਾ ਨਜ਼ਰ ਆਵੇਗਾ। ਫ਼ਿਲਮ ਵਿਚ ਕਰਮਜੀਤ ਅਨਮੋਲ, ਏਕਤਾ ਗੁਲਾਟੀ ਖੇੜਾ,ਪੀਹੂ ਸ਼ਰਮਾ, ਲਵ ਗਿੱਲ, ਲੱਕੀ ਧਾਲੀਵਾਲ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦਾ ਨਿਰਦੇਸ਼ਨ ਰੁਪਿੰਦਰ ਗਾਂਧੀ , ਮਿੰਦੋ ਤਸੀਲਦਾਰਨੀ ਫ਼ਿਲਮਾਂ ਦੇ ਨਾਮੀਂ ਨਿਰਦੇਸ਼ਕ ਅਵਤਾਰ ਸਿੰਘ ਨੇ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਇਸ ਫ਼ਿਲਮ ਦਾ ਪਹਿਲਾ ਪੋਸਟਰ ਰਿਲੀਜ਼ ਕੀਤਾ ਗਿਆ ਜਿਸ ਦੀ ਸੋਸਲ ਮੀਡੀਆ ‘ਤੇ ਕਾਫ਼ੀ ਚਰਚਾ ਹੈ। ਫ਼ਿਲਮ ਬਾਰੇ ਹੋਰ ਜਾਣਕਾਰੀ ਦਿੰਦਿਆਂ ਨਿਰਮਾਤਾ ਰੰਜੀਵ ਸਿੰਗਲਾ ਨੇ ਦੱਸਿਆ ਕਿ ਇਹ ਫ਼ਿਲਮ ‘ਲਾਵਾਂ ਫੇਰੇ’ ਵਾਂਗ ਫੁੱਲ ਪਰਿਵਾਰਕ ਕਾਮੇਡੀ ਹੋਵੇਗੀ। ਫ਼ਿਲਮ ਦਾ ਵਿਸ਼ਾ ਸਮਾਜ ਵਿੱਚੋਂ ਧੀਆਂ-ਪੁੱਤਾਂ ਦੇ ਫ਼ਰਕ ਨੂੰ ਮਿਟਾਉਂਦਾ ਹੈ ਤੇ ਦੱਸਦਾ ਹੈ ਕਿ ਧੀਆਂ ਵੀ ਪੁੱਤਾਂ ਨਾਲੋਂ ਘੱਟ ਨਹੀਂ ਹੁੰਦੀਆਂ। ਇਸ ਫ਼ਿਲਮ ਦੇ ਟਾਇਟਲ ਅਨੁਸਾਰ ਇੱਕ ਬਾਪ ਦੇ ਘਰ ਜਦ ਇੱਕ ਧੀ ਪੈਦਾ ਹੁੰਦੀ ਹੈ ਤਾਂ ਉਸਦੇ ਫ਼ਿਕਰ ਨੂੰ ਦਰਸਾਉਂਦਾ ਹੈ। ਮਨੋਰੰਜਨ ਪੱਖੋਂ ਇਹ ਇੱਕ ਨਿਰੋਲ ਪਰਿਵਾਰਕ ਕਾਮੇਡੀ ਫ਼ਿਲਮ ਹੈ ਜੋ ਦਰਸ਼ਕਾਂ ਨੂੰ ਹਾਸੇ-ਹਾਸੇ ਵਿੱਚ ਸਮਾਜ ਪ੍ਰਤੀ ਚੰਗੀ ਸੋਚ ਵਾਲੇ ਜ਼ਿੰਮੇਵਾਰ ਇਨਸਾਨ ਬਣਨ ਦਾ ਸੁਨੇਹਾ ਦਿੰਦੀ ਹੈ। ਇਸ ਫ਼ਿਲਮ ਦੀ ਕਹਾਣੀ, ਸਕਰੀਨ ਪਲੇਅ ਅਤੇ ਡਾਇਲਾਗ ਅਮਨ ਸਿੱਧੂ ਨੇ ਲਿਖੇ ਹਨ। ਸੰਗੀਤ ਲਾਡੀ ਗਿੱਲ ਤੇ ਜੱਗੀ ਸਿੰਘ ਨੇ ਦਿੱਤਾ ਹੈ। ਹੈਪੀ ਰਾਏਕੋਟੀ, ਰੌਸ਼ਨ ਪ੍ਰਿੰਸ਼, ਤਲਬੀ ਅਤੇ ਜੱਗੀ ਸਿੰਘ ਦੇ ਲਿਖੇ ਗੀਤਾਂ ਨੂੰ ਗੁਰਨਾਮ ਭੁੱਲਰ, ਕਮਲ ਖਾਨ,ਆਰ ਬੀ ਤੇ ਤਲਬੀ ਨੇ ਪਲੇਅ ਬੈਕ ਗਾਇਆ ਹੈ। ਫ਼ਿਲਮ ਦੇ ਸਿਨਮੈਟੋਗ੍ਰਾਫ਼ਰ ਨਵਨੀਤ ਬੀਓਹਰ ਹਨ। ਫ਼ਿਲਮ ਦੇ ਪ੍ਰੋਡਿਊਸਰ ਰੰਜੀਵ ਸਿੰਗਲਾ ਹਨ ਤੇ ਐਗਜ਼ੀਕਿਊਟਰ ਪ੍ਰੋਡਿਊਸਰ ਰਾਜਿੰਦਰ ਕੁਮਾਰ ਗਾਗਾਹਰ ਹਨ। ਕਰੈਟਿਵ ਪ੍ਰੋਡਿਊਸਰ ਇੰਦਰ ਬਾਂਸਲ ਹਨ। ਇਹ ਫ਼ਿਲਮ ਓਮ ਜੀ ਗਰੁੱਪ ਵਲੋਂ 16 ਅਪ੍ਰੈਲ 2021 ਨੂੰ ਦੇਸ਼-ਵਿਦੇਸ਼ਾਂ ਵਿਚ ਰਿਲੀਜ਼ ਕੀਤੀ ਜਾ ਰਹੀ ਹੈ।
– ਹਰਜਿੰਦਰ ਸਿੰਘ ਜਵੰਧਾ

Check Also

ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ

ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ ਲੁਧਿਆਣਾ – ਲੁਧਿਆਣਾ ਦੇ ਪ੍ਰਮੁੱਖ ਸ਼ਾਪਿੰਗ …