-1.2 C
Toronto
Sunday, December 7, 2025
spot_img
Homeਖੇਡਾਂਮੈਰਾਥਨ ਦੌੜਾਕ ਧਿਆਨ ਸਿੰਘ ਸੋਹਲ

ਮੈਰਾਥਨ ਦੌੜਾਕ ਧਿਆਨ ਸਿੰਘ ਸੋਹਲ

ਹਰਜੀਤ ਸਿੰਘ ਬੇਦੀ
ਜ਼ਿਲ੍ਹਾ ਹੁਸ਼ਿਆਰਪੁਰ ਦੇ ਚਹੁੰਗੜਾ ਪਿੰਡ ਦਾ ਜੰਮਪਲ ਧਿਆਨ ਸਿੰਘ ਸੋਹਲ ਜੋ ਕੈਨੇਡਾ ਦੇ ਸ਼ਹਿਰ ਬਰੈਂਪਟਨ ਦਾ ਵਾਸੀ ਬਣ ਚੁੱਕਾ ਹੈ ਮੈਰਾਥਾਨ ਦੌੜ ਦਾ ਉੱਭਰ ਰਿਹਾ ਦੌੜਾਕ ਹੈ। ਉਹ ਕੁੱਝ ਸਮਾਂ ਲਿਬੀਆ ਵਿੱਚ ਰਿਹਾ ਤੇ ਉੱਥੇ ਵਿਹਲ ਸਮੇਂ ਉਹ ਦੌੜ ਲਾਉਂਦਾ। ਇਸ ਤਰ੍ਹਾਂ ਰੋਜਾਨਾ ਦੌੜ ਲਾਉਣੀ ਉਸ ਦੇ ਜੀਵਣ ਦਾ ਅੰਗ ਬਣ ਗਈ। ਪਰ ਉਸਨੇ ਕਿਸੇ ਮੁਕਾਬਲੇ ਵਿੱਚ ਕਦੇ ਹਿੱਸਾ ਨਹੀਂ ਸੀ ਲਿਆ। ਉਹ ਇਹ ਦੌੜ ਆਪਣੀ ਸਿਹਤ ਨੂੰ ਕਾਇਮ ਰੱਖਣ ਲਈ ਕਰਦਾ। ਇਸ ਨਾਲ ਉਸਦਾ ਸਟੈਮਨਾ ਵਧ ਗਿਆ ਤੇ ਇਹ ਉਸਦੇ ਹੋਰ ਕੰਮਾਂ ਵਿੱਚ ਵੀ ਸਹਾਈ ਹੋਇਆ। ਸੰਨ 1997 ਵਿੱਚ ਕਨੇਡਾ ਆ ਜਾਣ ਤੋਂ ਬਾਅਦ ਵੀ ਇਸ ਨੇ ਆਪਣੇ ਇਸ ਸ਼ੌਕ ਨੂੰ ਬਰਕਰਾਰ ਰੱਖਿਆ।
2014 ਵਿੱਚ ਸੰਧੂਰਾ ਸਿੰਘ ਬਰਾੜ ਨੇ ਇਸ ਨੂੰ ਸਾਈਡ ਵਾਅਕ ‘ਤੇ ਕਈ ਵਾਰ ਦੌੜਦੇ ਹੋਏ ਦੇਖਿਆ। ਸੰਧੂਰਾ ਸਿੰਘ ਨੂੰ ਆਪ ਵੀ ਦੌੜਨ ਦਾ ਸ਼ੌਕ ਹੈ ਤੇ ਅਜਿਹੇ ਬੰਦਿਆਂ ਨਾਲ ਮੇਲ ਜੋਲ ਵਧਾਉਣਾ ਉਸਦਾ ਜਨੂੰਨ ਦੀ ਹੱਦ ਤੱਕ ਸ਼ੌਕ ਹੈ। ਇੱਕ ਦਿਨ ਉਸ ਨੇ ਦੌੜ ਰਹੇ ਧਿਆਨ ਸਿੰਘ ਨੂੰ ਰੋਕ ਕੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਧਿਆਨ ਸਿੰਘ ਆਪਣੇ ਹੀ ਧਿਆਨ ਵਿੱਚ ਉਸ ਕੋਲ ਦੀ ਫੁਰਰ ਕਰ ਕੇ ਲੰਘ ਗਿਆ। ਥੋੜੇ ਜਿਹੇ ਦਿਨਾਂ ਬਾਅਦ ਉਹ ਫਿਰ ਕਾਫੀ ਚਿਰ ਸਾਈਡ ਵਾਅਕ ਤੇ ਉਸ ਦੀ ਉਡੀਕ ਕਰਦਾ ਰਿਹਾ ਤੇ ਉਸਨੇ ਧਿਆਨ ਸਿੰਘ ਨੂੰ ਰੋਕ ਹੀ ਲਿਆ। ਉਸ ਨਾਲ ਮੇਲ ਜੋਲ ਵਧਾ ਕੇ ਉਸ ਨੂੰ ਆਪਣੇ ਗਰੁੱਪ ਨਾਲ ਮਿਲਾ ਲਿਆ। ਉਹਨਾਂ ਦੀ ਪਰੇਰਣਾ ਸਦਕਾ ਧਿਆਨ ਸਿੰਘ ਨੇ 22 ਅਕਤੂਬਰ 2014 ਨੂੰ ਸ਼ਕੋਸ਼ੀਆ ਬੈਂਕ ਦੀ ਟੋਰਾਂਟੋ ਵਾਟਰ ਫਰੰਟ ਮੈਰਾਥਨ ਦੌੜ ਵਿੱਚ ਭਾਗ ਲੈ ਕੇ ਹਾਫ ਮੈਰਾਥਨ ਭਾਵ 21  ਕਿ:ਮੀ: ਦੀ ਦੌੜ ਲਾਈ। ਇਸ ਤਰ੍ਹਾਂ ਉਸਦਾ ਜਨਤਕ ਮੈਰਾਥਨ ਦੌੜਾਂ ਵਿੱਚ ਸ਼ਾਮਲ ਹੋਣ ਦਾ ਸਿਲਸਿਲਾ ਸ਼ੁਰੂ ਹੋ ਗਿਆ।
ਧਿਆਨ ਸਿੰਘ ਸੋਹਲ ਨੇ ਮੈਰਾਥਨ ਦੌੜ ਦਾ ਆਪਣਾ ਸਫਰ ਜਾਰੀ ਰਖਦੇ ਹੋਏ 22 ਮਈ 2015 ਨੂੰ ਗੁਰੂ ਗੋਬਿੰਦ ਸਿੰਘ ਚਿਲਡਰਨ  ਫਾਊਂਡੇਸ਼ਨ ਦੀ ਮੈਰਾਥਨ, ਟੋਰਾਂਟੋ ਵਾਟਰ ਫਰੰਟ ਸਕੋਸੀਆ ਬੈਂਕ ਦੀ ਮੈਰਾਥਨ  ਅਕਤੂਬਰ 2015, ਚਿਲਡਰਨ ਫਾਊਂਡੇਸ਼ਨ ਮੈਰਾਥਨ ਮਈ 2016 ਅਤੇ ਟੋਰਾਂਟੋ ਵਾਟਰ ਫਰੰਟ ਸ਼ਕੋਸ਼ੀਆ ਬੈਂਕ ਅਕਤੂਬਰ ਦੀਆਂ ਮੈਰਾਥਨ ਦੌੜਾਂ ਵਿੱਚ 21 ਕਿ: ਮੀ: ਦੌੜ ਲਾ ਕੇ ਸ਼ਮੂਲੀਅਤ ਕੀਤੀ। ਇੱਥੇ ਉਸ ਨੇ ਇਹ ਦੌੜ 1 ਘੰਟਾ 52 ਮਿੰਟ ਵਿੱਚ ਪੂਰੀ ਕੀਤੀ। ਮਾਰਚ 26 ਸੰਨ 2017 ਨੂੰ ਹੈਮਿਲਟਨ ਵਿੱਚ 30 ਕਿ:ਮੀ: ਦੀ ਦੌੜ 2ਘੰਟੇ 47 ਮਿੰਟ ਵਿੱਚ ਪੂਰੀ ਕੀਤੀ। ਹੁਣੇ ਹੁਣੇ 7 ਮਈ 2017 ਨੂੰ ਗੁੱਡ ਲਾਈਫ ਟੋਰਾਂਟੋ ਮੈਰਾਥਨ 42 ਕਿ: ਮੀ: 3ਘੰਟੇ 51 ਮਿੰਟ ਵਿੱਚ ਪੂਰੀ ਕੀਤੀ ਹੈ।
ਪੜ੍ਹਾਈ ਵਲੋਂ ਹੱਥ ਤੰਗ ਹੋਣ ਕਰ ਕੇ ਧਿਆਨ ਸਿੰਘ ਸੋਹਲ ਪਹਿਲਾਂ ਤਾਂ ਆਪਣੀ ਹਿੱਕ ਦੇ ਜ਼ੋਰ ਅਤੇ ਸਰੀਰਕ ਤਾਕਤ ਦੀ ਵਰਤੋਂ ਨਾਲ ਹੀ ਦੌੜਦਾ ਸੀ ਪਰੰਤੂ ਜਦੋਂ ਦਾ ਸੰਧੂਰਾ ਸਿੰਘ ਬਰਾੜ ਦੇ ਸੰਪਰਕ ਵਿੱਚ ਆਇਆ ਤਾਂ ਉਸ ਨੇ ਸੋਹਲ ਨੂੰ ਕਰਮਜੀਤ ਸਿੰਘ ਖੰਘੂੜਾ ਨਾਲ ਮਿਲਾਇਆ ਜੋ ਇੰਡੀਆਂ ਤੋਂ ਹੀ ਮੈਰਾਥਨ ਦੌੜਾਕ ਰਿਹਾ ਹੈ। ਉਹ ਹੁਣ ਤੱਕ 100 ਦੇ ਲੱਗਪੱਗ ਮੈਰਾਥਨ ਦੌੜਾਂ ਵਿੱਚ ਭਾਗ ਲੈ ਚੁੱਕਾ ਹੈ ਅਤੇ ਅਕਤੂਬਰ 2017 ਵਿੱਚ ਬਰਲਿਨ ਮੈਰਾਥਨ ਵਿੱਚ ਭਾਗ ਲੈਣ ਲਈ ਜਾ ਰਿਹਾ ਹੈ। ਧਿਆਨ ਸਿੰਘ ਹੁਣ ਕਰਮਜੀਤ ਸਿੰਘ ਤੋਂ ਮੈਰਾਥਨ ਲਈ ਗੁਰ ਸਿੱਖ ਰਿਹਾ ਹੈ ਜਿਸ ਨਾਲ ਉਸ ਦੀ ਪਰਫਾਰਮੈਂਸ ਵਿੱਚ ਕਾਫੀ ਸੁਧਾਰ ਹੋ ਰਿਹਾ ਹੈ। ਇਸ ਦਾ ਨਤੀਜਾ ਹੈ ਕਿ ਉਸ ਨੇ 64 ਸਾਲ ਦੀ ਉਮਰ ਵਿੱਚ ਗੁੱਡ ਲਾਈਫ ਟੋਰਾਂਟੋ ਦੀ ਮੈਰਾਥਨ 3ਘੰਟੇ 51 ਮਿੰਟ ਵਿੱਚ ਪੂਰੀ ਕਰ ਲਈ ਤੇ ਉਹ ਆਪਣੇ ਉਮਰ- ਗਰੁੱਪ ਵਿੱਚ ਬੋਸਟਨ ਮੈਰਾਥਨ ਲਈ ਕੁਆਲੀਫਾਈਡ ਹੋ ਗਿਆ ਹੈ। ਇਸ ਨਾਲ ਰੱਨਰ ਕਲੱਬ ਦੇ ਸਾਰੇ ਮੈਂਬਰ ਬਹੁਤ ਖੁਸ਼ ਹਨ ਤੇ ਉਸ ਨੂੰ ਵਧਾਈਆਂ ਦੇ ਰਹੇ ਹਨ।
ਧਿਆਨ ਸਿੰਘ ਸੋਹਲ ਟੋਰਾਂਟੋ ਪੀਅਰਸਨ ਏਅਰਪੋਰਟ ਸਪੋਰਟਸ ਰੱਨਰ ਕਲੱਬ ਜੋ ਜਨਵਰੀ 2017 ਵਿੱਚ ਹੋਂਦ ਵਿੱਚ ਆਇਆ ਹੈ ਦਾ ਮੈਂਬਰ ਹੈ। ਉਹ ਆਪਣੀਆਂ ਪ੍ਰਾਪਤੀਆਂ ਦਾ ਸਾਰਾ ਸਿਹਰਾ ਸੰਧੂਰਾ ਸਿੰਘ ਬਰਾੜ ਅਤੇ ਕਰਮਜੀਤ ਸਿੰਘ ਖੰਗੂੜਾ ਨੂੰ ਦਿੰਦਾ ਹੈ ਜਿਨ੍ਹਾਂ ਦੀ ਸੰਗਤ ਅਤੇ ਪ੍ਰੇਰਣਾ ਸਦਕਾ ਉਹ ਸਫਲਤਾ ਦੀਆਂ ਬੁਲੰਦੀਆਂ ਵੱਲ ਜਾ ਰਿਹਾ ਹੈ। ਉਹ ਆਉਣ ਵਾਲੀ 21 ਮਈ 2017 ਨੂੰ ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਦੀ ਮੈਰਾਥਨ ਦੌੜ ਵਿੱਚ 42 ਕਿ: ਮੀ: ਦੀ ਫੁੱਲ ਮੈਰਾਥਨ ਦੌੜ ਲਾਵੇਗਾ। ਉਸ ਦੀਆਂ ਹੁਣ ਤੱਕ ਦੀਆਂ ਪਰਾਪਤੀਆਂ ਤੋਂ ਜਾਪਦਾ ਹੈ ਕਿ ਉਹ ਆਪਣਾ ਤੇ ਭਾਈਚਾਰੇ ਦਾ ਨਾਂ ਰੋਸ਼ਨ ਕਰੇਗਾ।

RELATED ARTICLES

POPULAR POSTS