ਅਮਰੀਕਾ ਨਾਲ ਜਾਰੀ ਵਪਾਰਕ ਟਕਰਾਅ ਦੌਰਾਨ ਕਾਰਨੀ ਦਾ ਵਾਅਦਾ
ਓਟਵਾ/ਪਰਵਾਸੀ ਨਿਊਜ਼ : ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਹੈ ਕਿ ਉਹ ਕੈਨੇਡੀਅਨਾਂ ਦੀ ਰੱਖਿਆ ਲਈ ਹਰ ਸੰਭਵ ਕਦਮ ਚੁੱਕਣਗੇ। ਅਮਰੀਕਾ ਨਾਲ ਜਾਰੀ ਵਪਾਰਕ ਟਕਰਾਅ ਦੇ ਮੱਦੇਨਜ਼ਰ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵਾਅਦਾ ਕੀਤਾ ਹੈ ਕਿ ਉਨ੍ਹਾਂ ਦੀ ਸਰਕਾਰ ਕੈਨੇਡਾ ਦੇ ਪਰਿਵਾਰਾਂ, ਲੇਬਰਰਜ਼ ਅਤੇ ਕਾਰੋਬਾਰਾਂ ਦੀ ਸੁਰੱਖਿਆ ਲਈ ਹਰ ਸੰਭਵ ਕਦਮ ਚੁੱਕੇਗੀ।
ਇਹ ਬਿਆਨ ਉਨ੍ਹਾਂ ਨੇ ਸ਼ਾਰਲਟ ਟਾਊਨ ਵਿੱਚ ਸੂਬਾਈ ਅਤੇ ਖੇਤਰੀ ਪ੍ਰੀਮੀਅਰਾਂ ਨਾਲ ਹੋਈ ਬੈਠਕ ਤੋਂ ਪਹਿਲਾਂ ਦਿੱਤਾ। ਕਾਰਨੀ ਨੇ ਕਿਹਾ ਕਿ ਵਪਾਰਕ ਵਿਵਾਦ ਸ਼ੁਰੂ ਹੋਣ ਤੋਂ ਬਾਅਦ ਕੈਨੇਡਾ ਪਹਿਲਾਂ ਨਾਲੋਂ ਵਧੇਰੇ ਮਜ਼ਬੂਤ ਹੋਇਆ ਹੈ ਅਤੇ ਇਸਦਾ ਸਿਹਰਾ ਕੈਨੇਡਾ ਦੇ ਲੋਕਾਂ ਅਤੇ ਸੂਬਾਈ ਸਰਕਾਰਾਂ ਦੇ ਸਾਂਝੇ ਯਤਨਾਂ ਨੂੰ ਜਾਂਦਾ ਹੈ। ਦੂਜੇ ਪਾਸੇ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਤੋਂ ਆਉਣ ਵਾਲੀਆਂ ਕੁਝ ਵਸਤਾਂ, ਜਿਵੇਂ ਕਿ ਵਾਈਨ, ਹਾਕੀ ਸਟਿਕਾਂ ਅਤੇ ਸੀਮੈਂਟ ‘ਤੇ 50 ਫੀਸਦੀ ਨਵਾਂ ਟੈਰਿਫ ਲਗਾਉਣ ਦੇ ਹੁਕਮ ‘ਤੇ ਦਸਤਖ਼ਤ ਕੀਤੇ ਹਨ। ਅਮਰੀਕੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਕਦਮ ਕੈਨੇਡਾ ਦੀਆਂ ਵਪਾਰਕ ਨੀਤੀਆਂ ਦੇ ਜਵਾਬ ਵਜੋਂ ਚੁੱਕਿਆ ਗਿਆ ਹੈ। ਬੈਠਕ ਦੌਰਾਨ ਪ੍ਰੋਵਿੰਸ਼ੀਅਲ ਆਗੂਆਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਅਮਰੀਕਾ ਨਾਲ ਗੱਲਬਾਤ ਦੌਰਾਨ ਸਾਰੇ ਪ੍ਰੋਵਿੰਸਾਂ ਨਾਲ ਲਗਾਤਾਰ ਸਲਾਹ-ਮਸ਼ਵਰਾ ਕੀਤਾ ਜਾਵੇ।
ਉਨ੍ਹਾਂ ਨੇ ਕਿਹਾ ਕਿ ਕੈਨੇਡਾ ਦੇ ਆਰਥਿਕ ਹਿੱਤਾਂ ਦੀ ਰੱਖਿਆ ਲਈ ਇੱਕਜੁੱਟ ਹੋ ਕੇ ਅੱਗੇ ਵਧਣਾ ਸਮੇਂ ਦੀ ਲੋੜ ਹੈ।

