
ਧਰਨੇ ਲਈ ਫੰਡਿੰਗ ਕੀਹਨੇ ਕੀਤੀ, ਐਨਆਈਏ ਕਰੇ ਜਾਂਚ, ਹਾਈਕੋਰਟ ਨੇ ਅਰਜ਼ੀ ਸਵੀਕਾਰੀ
ਚੰਡੀਗੜ੍ਹ/ਅਮਰਜੀਤ ਸਿੰਘ
ਨੀਟ ਪੇਪਰ ਲੀਕ ਅਤੇ ਨੈਸ਼ਨਲ ਟੈਸਟਿੰਗ ਏਜੇਂਸੀ ਦੀ ਮਾੜੀ ਕਾਰਗੁਜ਼ਾਰੀ ਨੂੰ ਲੈਕੇ ਕੇਂਦਰੀ ਸਿੱਖਿਆ ਮੰਤਰੀ ਦੇ ਇਸਤੀਫੇ ਦੀ ਮੰਗ ਤੇ ਅੜੇ ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦੇ ਕਾਰਕੁਨਾਂ ਬਾਰੇ ਅੱਜ ਦੋ ਖਬਰਾਂ ਅਹਿਮ ਹਨ। ਇੱਕ ਪਾਸੇ ਦਿੱਲੀ ਹਾਈਕੋਰਟ ਦੇ ਚੀਫ ਜਸਟਿਸ ਨੇ ਧਰਨੇ ਲਈ ਫੰਡਿੰਗ ਕਿਥੋਂ ਆਈ, ਇਸ ਮੁੱਦੇ ਤੇ ਇਕ ਰਿਟ ਪਟੀਸ਼ਨ ਨੂੰ ਤੁਰਤ ਸਵੀਕਾਰ ਕਰਨ ਦੀ ਮੰਗ ਮਨ ਲਈ ਹੈ ਤੇ ਇਸਦੇ ਲਈ ਕੱਲ੍ਹ ਯਾਨੀ ਸ਼ੁਕਰਵਾਰ ਨੂੰ ਸੁਣਵਾਈ ਤੈਅ ਕਰ ਦਿੱਤੀ ਗਈ ਹੈ। ਇਸ ਅਦਾਲਤੀ ਕਾਰਵਾਈ ਤੇ ਕੀ ਟਿੱਪਣੀ ਕੀਤੀ ਜਾਵੇ, ਕੀ ਇਹ ਨਿਆਂਸੰਗਤ ਹੈ, ਕੀ ਇਹ ਕੋਈ ਕਾਨੂੰਨੀ ਮਜ਼ਬੂਰੀ ਹੈ ਜਾਂ ਫੇਰ ਇਹ ਕੋਈ ਸੋਚੀ ਸਮਝੀ ਹਰਕਤ ਹੈ।
ਪਾਠਕਾਂ ਨੂੰ ਪਤਾ ਹੀ ਹੋਵੇਗਾ ਕਿ ਦੋ ਦਿਨ ਪਹਿਲਾਂ ਸੀਜੇਪੀ ਦੇ ਵਕੀਲ ਵੱਲੋਂ ਸੁਪ੍ਰੀਮ ਕੋਰਟ ਦੇ ਚੀਫ ਜੱਜ ਜਸਟਿਸ ਸੂਰਿਆ ਕਾਂਤ ਤੇ ਅਧਾਰਿਤ ਇੱਕ ਬੈਂਚ ਕੋਲ ਪਹੁੰਚ ਕੀਤੀ ਗਈ ਸੀ ਕਿ ਦਿੱਲੀ ਵਿਚ ਚਲ ਰਹੇ ਵਿਰੋਧ ਪ੍ਰਦਰਸ਼ਨ ਤੇ ਉਹਨਾਂ ਦੀ ਅਰਜ਼ੀ ਨੂੰ ਫੌਰੀ ਤੌਰ ਤੇ ਐਨਲਿਸ੍ਟ ਕਰ ਲਿਆ ਜਾਵੇ ਤਾਂ ਜੋ ਉਸ ਸਮੱਸਿਆ ਦਾ ਹੱਲ ਕੱਢਿਆ ਜਾ ਸਕੇ। ਜੱਜ ਸਾਹਿਬ ਨੇ ਛੇਤੀ ਤਾਂ ਕੀ ਕਰਨੀ ਸੀ ਉਲਟੇ ਵਕੀਲ ਨੂੰ ਕਹਿ ਦਿੱਤਾ ਕਿ ਉਹ ਆਪਣਾ ਤੇ ਉਹਨਾਂ ਦਾ ਸਮਾਂ ਬਰਬਾਦ ਨਾ ਕਰੇ। ਜਦੋਂ ਵਕੀਲ ਨੇ ਕਿਹਾ ਕਿ ਉਹਨਾਂ ਕੋਲ ਸੈਕੜੇ ਵੀਡੀਓਜ਼ ਹਨ ਜਿਹਨਾਂ ਵਿਚ ਦਿੱਲੀ ਪੁਲਿਸ ਵੱਲੋਂ ਯੁਵਕਾਂ ਤੇ ਲਾਠੀਆਂ ਵਰ੍ਹਾਈਆਂ ਜਾ ਰਹੀਆਂ ਹਨ ਤੇ ਲੜਕੀਆਂ ਨਾਲ ਪੁਲਿਸ ਵੱਲੋਂ ਹੀ ਗ਼ਲਤ ਹਰਕਤਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੱਜ ਸਾਹਿਬ ਨੇ ਕਿਹਾ ਕਿ ਉਨ੍ਹਾਂ ਕੋਲ ਇਹ ਸਭ ਕੁੱਝ ਵੇਖਣ ਦਾ ਸਮਾਂ ਹੀ ਨਹੀਂ ਹੈ।
ਦਿੱਲੀ ਹਾਈਕੋਰਟ ਦੇ ਚੀਫ ਜਸਟਿਸ ਡੀ ਕੇ ਉਪਾਧਿਆ ਅਤੇ ਜਸਟਿਸ ਤੇਜਸ ਕਰਿਆ ਦੀ ਬੇਂਚ ਕੋਲ ਵਕੀਲ ਵਰੁਣ ਕੁਮਾਰ ਸਿਨਹਾ ਨੇ ਇੱਕ ਪਬਲਿਕ ਇੰਟਰੇਸ੍ਟ ਲਿਟੀਗੇਸ਼ਨ ਪੇਸ਼ ਕੀਤੀ ਕਿ 20 ਜੁਲਾਈ ਨੂੰ “ਸੰਸਦ ਚਲੋ” ਮਾਰਚ ਤਹਿਤ ਜਿਹਨਾਂ ਲੋਕਾਂ ਨੇ ਹਿੱਸਾ ਲਿਆ ਉਹਨਾਂ ਨੂੰ ਐਨਾ ਸਭ ਕੁੱਝ ਕਰਨ ਲਈ ਫੰਡਿੰਗ ਕਿਸਨੇ ਕੀਤੀ ਜਿਸ ਨਾਲ ਦਿੱਲੀ ਵਾਲਿਆਂ ਦਾ ਜਨਜੀਵਨ ਚਰਮਰਾ ਗਿਆ, ਇਸ ਦਾ ਪਤਾ ਲਾਉਣ ਲਈ ਨੈਸ਼ਨਲ ਇਨਵੈਸਟੀਗੇਸ਼ਨ ਏਜੇਂਸੀ ਤੋਂ ਜਾਂਚ ਕਰਵਾਉਣ ਲਈ ਉਹਨਾਂ ਦੀ ਅਰਜ਼ੀ ਤਰਜੀਹੀ ਤੌਰ ਤੇ ਲਿਸਟ ਕੀਤੀ ਜਾਵੇ। ਜੱਜ ਸਾਹਿਬ ਨੇ ਬਿਨਾ ਕੋਈ ਸਮਾਂ ਖਰਾਬ ਕੀਤੇ ਅਰਜ਼ੀ ਨੂੰ ਲਿਸਟ ਕਰ ਲਿਆ ਤੇ ਕੱਲ੍ਹ ਨੂੰ ਸੁਣਵਾਈ ਵੀ ਰੱਖ ਦਿੱਤੀ। ਦਰਅਸਲ ਅਖਿਲ ਭਾਰਤ ਹਿੰਦੂ ਮਹਾਸਭਾ ਦੇ ਵਾਈਸ ਪ੍ਰੈਸੀਡੈਂਟ ਸਤੀਸ਼ ਕੁਮਾਰ ਅਗਰਵਾਲ ਨੇ ਇਹ ਪਟੀਸ਼ਨ ਦਾਇਰ ਕੀਤੀ ਹੈ।
ਇਹ ਸਹੀ ਹੈ ਕਿ ਜਿਸ ਮਕਸਦ ਵਾਸਤੇ ਇਹ ਐਜੀਟੇਸ਼ਨ ਆਰੰਭ ਹੋਈ ਸੀ ਬਾਅਦ ਵਿਚ ਹਮੇਸ਼ਾ ਵਾਂਗ ਇਸ ਦਾ ਵੀ ਸਿਆਸੀਕਰਨ ਕਰ ਦਿੱਤਾ ਗਿਆ, ਵਿਰੋਧੀ ਪਾਰਟੀਆਂ ਦੇ ਸਿਰਕੱਢ ਨੇਤਾ ਵੀ ਧਰਨੇ ਵਿਚ ਸ਼ਾਮਿਲ ਹੋਣ ਲੱਗੇ, ਭਾਵੇਂ ਸਟੂਡੈਂਟਸ ਨੂੰ ਇਸ ਨਾਲ ਕਾਫੀ ਤਾਕ਼ਤ ਮਿਲੀ ਪਰ ਦਿੱਲੀ ਪੁਲਿਸ ਦੀ ਬੇਗ਼ੈਰਤ ਸੋਚ ਨੇ ਜਦੋਂ ਕੁੜੀਆਂ ਦੇ ਕਪੜੇ ਫਾੜੇ ਤੇ ਕੈਮਰੇ ਸਾਹਮਣੇ ਗੰਦੀਆਂ ਹਰਕਤਾਂ ਕੀਤੀਆਂ ਤਾਂ ਸਤਿਥੀ ਵਿਗੜ ਗਈ।
ਅੱਜ ਸਰਕਾਰ ਵੱਲੋਂ ਜਾਰੀ ਇੱਕ ਪ੍ਰੈਸ ਨੋਟ ਵਿਚ ਕਿਹਾ ਗਿਆ ਹੈ ਕਿ ਸਰਕਾਰ ਸੀਜੇਪੀ ਨਾਲ ਮੁਲਾਕਾਤ ਲਈ 24 ਘੰਟਿਆਂ ਵਿਚ ਚਾਰ ਬਾਰ ਕੋਸ਼ਿਸ਼ ਕਰ ਚੁਕੀ ਹੈ ਪ੍ਰੰਤੂ ਉਹਨਾਂ ਨੇ ਕੋਈ ਰਾਹ ਨਹੀਂ ਦਿੱਤਾ। ਇਹ ਵੀ ਪਤਾ ਲੱਗਿਆ ਹੈ ਕਿ ਹੁਣ ਕਾਕਰੋਚ ਪਾਰਟੀ ਖੁਦ ਇੱਕ ਵਾਰ ਫੇਰ ਤੋਂ ਸਰਕਾਰੀ ਸੰਦੇਸ਼ਵਾਹਕਾਂ ਨਾਲ ਮੁਲਾਕਾਤ ਲਈ ਤਿਆਰ ਹੋ ਗਈ ਹੈ ਤੇ ਇਹ ਮੁਲਾਕਾਤ ਸ਼ੁੱਕਰਵਾਰ ਸਵੇਰੇ ਹੋ ਸਕਦੀ ਹੈ।
ਐਥੇ ਦੋਵੇਂ ਹਾਲਾਤ ਵੀ ਜੱਜ ਸਭਤੋਂ ਊਚੀ ਕੁਰਸੀ ਤੇ ਬੈਠੇ ਨੇ। ਸੁਪ੍ਰੀਮ ਕੋਰਟ ਦੇ ਜੱਜ ਸਾਹਿਬ ਕੋਲ ਸੀਜੇਪੀ ਦੀ ਨਾ ਤਾਂ ਗੱਲ ਸੁਣਨ ਦਾ ਸਮਾਂ ਹੈ ਤੇ ਨਾ ਹੀ ਬੇਸ਼ਰਮੀ ਭਰੇ ਵੀਡੀਓ ਵੇਖਣ ਦਾ। ਜਿਹਨਾਂ ਲੋਕਾਂ ਦੇ ਬੱਚੇ ਦਿੱਲੀ ਗਏ ਹੋਏ ਨੇ ਉਹਨਾਂ ਦਾ ਹਾਲ ਪੁੱਛ ਕੇ ਵੇਖੋ ਕਿਵੇਂ ਜੀ ਰਹੇ ਨੇ।
ਵੀਰਵਾਰ ਨੂੰ ਮੋਦੀ ਸਰਕਾਰ ਵੱਲੋਂ ਜਦੋਂ ਇਹ ਸੂਚਨਾ ਜਾਰੀ ਕੀਤੀ ਗਈ ਕਿ ਪ੍ਰਧਾਨ ਮੰਤਰੀ ਪੇਪਰ ਲੀਕ ਮਾਮਲੇ ਦੇ ਦੋਸ਼ੀਆਂ ਵਿਰੁੱਧ ਕਾਰਵਾਈ ਲਈ ਤਿਆਰ ਹਨ ਤਾਂ ਕਾਕਰੋਚ ਜਨਤਾ ਪਾਰਟੀ (ਸੀਜੇਪੀ) ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੇਪਰ ਲੀਕ ਵਿਰੁੱਧ ਕਾਰਵਾਈ ਦੇ ਐਲਾਨ ਨੇ ਜਵਾਬਦੇਹੀ ਦੇ ਮੁੱਦੇ ਨੂੰ ਸੰਬੋਧਿਤ ਤਾਂ ਕੀਤਾ ਹੀ ਨਹੀਂ।ਉਹਨਾਂ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਨੂੰ ਇੱਕ ਵਾਰ ਫੇਰ ਦੁਹਰਾਇਆ।
ਇਹ ਕੋਈ ਪਹਿਲੀ ਵਾਰ ਨਹੀਂ ਕਿ ਕੇਂਦਰ ਸਰਕਾਰ ਦੇ ਖ਼ਿਲਾਫ਼ ਵਿੱਢੇ ਗਏ ਕਿਸੇ ਅੰਦੋਲਨ ਦਾ ਹੱਲ ਕੱਢਣ ਵਿਚ ਦੇਰ ਹੋਈ ਹੋਵੇ। ਪੰਜਾਬ ਦੇ ਲੋਕ ਹਾਲੇ ਕਿਸਾਨ ਅੰਦੋਲਨ ਨੂੰ ਭੁੱਲੇ ਨਹੀਂ ਹੋਣਗੇ ਤੇ ਨਾ ਭੁੱਲੇ ਹੋਣਗੇ ਹਰਿਆਣਾ ਅਤੇ ਦਿੱਲੀ ਸਰਕਾਰ ਵੱਲੋਂ ਖੜੀਆਂ ਕੀਤੀਆਂ ਸਮੱਸਿਆਵਾਂ ਨੂੰ, ਸੜਕਾਂ ਵਿਚ ਕਿੱਲਾਂ ਗੱਡ ਕੇ ਰਾਹ ਰੋਕੇ ਗਏ ਸੀ। ਅਜਿਹਾ ਹੀ ਕੁੱਝ ਕਾਕਰੋਚ ਪਾਰਟੀ ਦੇ ਵਿਦਿਆਰਥੀਆਂ ਨਾਲ ਹੋ ਰਿਹਾ ਹੈ। ਦਿੱਲੀ ਪੁਲਿਸ ਵੱਲੋਂ ਕੀਤੀ ਗਈ ਕੁੱਟ ਮਾਰ ਵੇਖ ਦੇ ਦਿਲ ਦਹਿਲ ਜਾਂਦਾ ਹੈ। ਲੱਗਦੈ ਕਿ ਇਹਨਾਂ ਪੁਲਿਸ ਵਾਲਿਆਂ ਦੇ ਆਪਣੇ ਬੱਚੇ ਹੀ ਨਹੀਂ ਹੈਗੇ, ਬੇਤਹਾਸ਼ਾ ਲਾਠੀਆਂ ਮਾਰੀਆਂ ਗਈਆਂ, ਜੰਤਰ ਮੰਤਰ ਦੀ ਧਰਤੀ ਲਹੂ ਲੁਹਾਣ ਹੋ ਗਈ। ਬੈਂਤ ਦੀਆਂ ਲਾਠੀਆਂ ਵਿਚ ਕਿੱਲਾਂ ਗੱਡ ਕੇ ਮੁੰਡੇ ਕੁੜੀਆਂ ਦੇ ਮਾਰੀਆਂ ਗਈਆਂ, ਨਾ ਤਾਂ ਕ਼ਾਨੂਨ ਹੀ ਇਸਦੀ ਇਜ਼ਾਜਤ ਦਿੰਦਾ ਹੈ ਤੇ ਨਾ ਹੀ ਇਨਸਾਨੀਅਤ। ਕੌਣ ਕਰੇਗਾ ਇਨਸਾਫ਼ ?

