20.8 C
Toronto
Wednesday, August 12, 2026
spot_img
Homeਕੈਨੇਡਾਫਲਾਵਰ ਸਿਟੀ ਫ਼ਰੈਂਡਜ਼ ਕਲੱਬ ਨੇ 'ਪਿਤਾ-ਦਿਵਸ' ਤੇ 'ਅੰਤਰਰਾਸ਼ਟਰੀ ਯੋਗਾ-ਦਿਵਸ' ਰੌਕਵੁੱਡ ਕੰਜ਼ਰਵੇਸ਼ਨ ਏਰੀਆ...

ਫਲਾਵਰ ਸਿਟੀ ਫ਼ਰੈਂਡਜ਼ ਕਲੱਬ ਨੇ ‘ਪਿਤਾ-ਦਿਵਸ’ ਤੇ ‘ਅੰਤਰਰਾਸ਼ਟਰੀ ਯੋਗਾ-ਦਿਵਸ’ ਰੌਕਵੁੱਡ ਕੰਜ਼ਰਵੇਸ਼ਨ ਏਰੀਆ ਬੀਚ ‘ਤੇ ਇਕੱਠੇ ਮਨਾਏ

98 ਸਾਲਾ ਪ੍ਰਤਾਪ ਸਿੰਘ ਪੰਫੇਰ ਨੂੰ ਕਲੱਬ ਵੱਲੋਂ ਕੀਤਾ ਗਿਆ ਸਨਮਾਨਿਤ
ਐਰਾਮੋਸਾ, ਓਨਟਾਰੀਓ/ਡਾ. ਝੰਡ : ਲੰਘੇ ਐਤਵਾਰ 21 ਜੂਨ ਨੂੰ ਫ਼ਲਾਵਰ ਸਿਟੀ ਫ਼ਰੈਂਡਜ਼ ਕਲੱਬ ਦੇ 100 ਤੋਂ ਵਧੇਰੇ ਮੈਂਬਰਾਂ ਨੇ ਗੁਅੱਲਫ਼ ਦੇ ਨੇੜੇ ਰੌਕਵੁੱਡ ਕੰਜ਼ਵੇਸ਼ਨ ਏਰੀਏ ਦੀ ਬੀਚ ਐਰਾਮੋਸਾ ਪਹੁੰਚ ਕੇ ਅਤੇ ਉੱਥੇ ਯੋਗਾ ਕਰਕੇ ‘ਪਿਤਾ-ਦਿਵਸ’ ਅਤੇ ‘ਅੰਤਰਰਾਸ਼ਟਰੀ ਯੋਗਾ-ਦਿਵਸ’ ਸਮੂਹਿਕ ਰੂਪ ਵਿੱਚ ਮਨਾਏ। ਉਹ ਦੋ ਬੱਸਾਂ ‘ਤੇ ਸਵਾਰ ਹੋ ਕੇ ਇਸ ਰਮਣੀਕ ਜਗ੍ਹਾ ‘ਤੇ ਪਹੁੰਚੇ।
ਉੱਥੇ ਪਹੁੰਚਣ ‘ਤੇ ਕਲੱਬ ਦੇ ਚੇਅਰਪਰਸਨ ਗਿਆਨ ਪਾਲ ਨੇ ਸਾਰੇ ਮੈਂਬਰਾਂ ਨੂੰ ਨਿੱਘੀ ‘ਜੀ ਆਇਆਂ’ ਕਹਿੰਦਿਆਂ ‘ਪਿਤਾ-ਦਿਵਸ’ ਦੀ ਮਹਾਨਤਾ ਬਾਰੇ ਗੱਲ ਕਰਦਿਆਂ ਕਿਹਾ, ”ਪਿਤਾ-ਦਿਵਸ ਮਨਾਉਣਾ ਇੱਕ ਅਜਿਹਾ ਮੌਕਾ ਹੈ ਜਿੱਥੇ ਅਸੀਂ ਪਿਆਰ, ਕੁਰਬਾਨੀ, ਸਿਆਣਪ ਵਰਗੀਆਂ ਬਹੁ-ਮੁੱਲੀਆਂ ਮਨੁੱਖੀ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਆਪਣੇ ਵੱਡੇ-ਵਡੇਰਿਆਂ ਨੂੰ ਯਾਦ ਕਰਦੇ ਹਾਂ, ਜਿਨ੍ਹਾਂ ਕੋਲੋਂ ਇਹ ਸਾਨੂੰ ਵਿਰਸੇ ਵਿੱਚ ਪ੍ਰਾਪਤ ਹੋਈਆਂ ਹੁੰਦੀਆਂ ਹਨ।
ਇਹ ਭਾਵਨਾਵਾਂ ਸਾਡੇ ਵਿੱਚ ਦੋਸਤਾਨਾਂ ਸਬੰਧਾਂ ਨੂੰ ਮਜ਼ਬੂਤ ਕਰਦੀਆਂ ਹਨ, ਇਕੱਲੇਪਨ ਨੂੰ ਘਟਾਉਂਦੀਆਂ ਹਨ ਅਤੇ ਸਿਹਤਮੰਦ ਤੇ ਚੁਸਤ-ਦਰੱਸਤ ਜੀਵਨ ਨੂੰ ਉਤਸ਼ਾਹਿਤ ਕਰਦੀਆਂ ਹਨ। ਇਹ ਬੜਾ ਸ਼ਾਨਦਾਰ ਮੌਕਾ-ਮੇਲ਼ ਹੈ ਕਿ ਅਸੀਂ ‘ਪਿਤਾ-ਦਿਵਸ’ ਅਤੇ ‘ਅੰਤਰਰਾਸ਼ਟਰੀ ਯੋਗਾ-ਦਿਵਸ’ ਇਕੱਠੇ ਮਨਾ ਰਹੇ ਹਾਂ ਜੋ ਸਾਡੇ ਲਈ ਪਰਿਵਾਰਕ ਕਦਰਾਂ-ਕੀਮਤਾਂ, ਸ਼ੁਕਰਗ਼ੁਜ਼ਾਰੀ, ਸਰੀਰਕ ਤੰਦਰੁਸਤੀ ਅਤੇ ਦਿਮਾਗ਼ੀ ਸ਼ਾਂਤੀ ਬਣਾਏ ਰੱਖਣ ਲਈ ਜ਼ਰੂਰੀ ਹਨ।
ਚੂਨੇ ਵਾਲੇ ਪੱਥਰ ਦੀਆਂ ਚਟਾਨਾਂ, ਕੁੰਦਰਾਂ, ਗੁਫ਼ਾਵਾਂ, ਪੈਦਲ ਚੱਲਣ ਲਈ ਬਣੀਆਂ ਖ਼ੂਬਸੂਰਤ ਟਰੇਲਾਂ, ਰੇਤਲੀਆਂ ਬੀਚਾਂ, ਐਰਾਮੋਸਾ ਦਰਿਆ ਦੇ ਵਗਦੇ ਨਿਰਮਲ ਪਾਣੀ ਅਤੇ ਆਲ਼ੇ-ਦੁਆਲ਼ੇ ਦੀ ਸੁੰਦਰਤਾ ਨਾਲ ਘਿਰਿਆ ਹੋਇਆ ਰੌਕਵੁੱਡ ਕੰਜ਼ਰਵੇਸ਼ ਏਰੀਆ ਬਹੁਤ ਹੀ ਸੁੰਦਰ ਤੇ ਰਮਣੀਕ ਸਥਾਨ ਹੈ ਜਿੱਥੇ ਕਲੱਬ ਦੇ ਮੈਂਬਰਾਂ ਨੇ ਇਹ ਮਹੱਤਵਪੂਰਨ ਦਿਨ ਮਨਾਉਣ ਦਾ ਸ਼ਾਨਦਾਰ ਤੇ ਸਿਆਣਪ ਭਰਪੂਰ ਫ਼ੈਸਲਾ ਕੀਤਾ ਹੈ।
ਇੱਥੇ ਪਹੁੰਚ ਕੇ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਸਬੰਧ ਵਿੱਚ ਮੈਂਬਰਾਂ ਨੂੰ ‘ਬੀਚ ਉੱਪਰ ਯੋਗਾ’ ਕਰਵਾਉਣ ਤੋਂ ਪਹਿਲਾਂ ਸਰਟੀਫਾਈਡ ਯੋਗਾ ਇੰਸਟਰੱਕਟਰ ਅਨੁਜਾ ਕਾਬੁਲੀ ਵੱਲੋਂ ਮੈਂਬਰਾਂ ਨੂੰ ਪਹਿਲਾਂ ਸਰੀਰ ਤੇ ਦਿਮਾਗ਼ ਲਈ ਯੋਗਾ ਦੀ ਅਹਿਮੀਅਤ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਫਿਰ ਯੋਗਾ ਦੇ ਕਈ ਆਸਣਾਂ ਦਾ ਅਭਿਆਸ ਕਰਵਾਇਆ ਗਿਆ।
ਇਸ ਦੌਰਾਨ ਸੱਭ ਤੋਂ ਸ਼ਾਨਦਾਰ ਤੇ ਮਹੱਤਵਪੂਰਨ ਮੌਕਾ ਆਪਣੇ ਪਰਿਵਾਰ ਨਾਲ ਪਹੁੰਚੇ 98 ਸਾਲ ਦੇ ਬਾਪੂ ਪ੍ਰਤਾਪ ਸਿੰਘ ਪੰਫੇਰ ਨੂੰ ਕਲੱਬ ਵੱਲੋਂ ਸਨਮਾਨਿਤ ਕਰਨਾ ਸੀ। ਕਲੱਬ ਦੇ ਮੈਂਬਰਾਂ ਵੱਲੋਂ ਖੜੇ ਹੋ ਕੇ ਉਨ੍ਹਾਂ ਨੂੰ ਪੂਰਾ ਮਾਣ-ਸਤਿਕਾਰ ਦਿੱਤਾ ਗਿਆ ਅਤੇ ਉਨ੍ਹਾਂ ਦੀ ਤੰਦਰੁਸਤ ਤੇ ਲੰਮੀ ਉਮਰ ਲਈ ਸ਼ੁਭ-ਇੱਛਾਵਾਂ ਦਿੱਤੀਆਂ ਗਈਆਂ।
ਉਨ੍ਹਾਂ ਵੱਲੋਂ ਇਸ ਸਮੇਂ ਇੱਥੇ ਕਲੱਬ ਮੈਂਬਰਾਂ ਦੇ ਨਾਲ ਸ਼ਾਮਲ ਹੋਣਾ ਪਰਿਵਾਰਕ ਕਦਰਾਂ-ਕੀਮਤਾਂ ਨੂੰ ਬੜ੍ਹਾਵਾ ਦੇਣਾ ਅਤੇ ਕਲੱਬ ਵੱਲੋਂ ‘ਪਿਤਾ-ਦਿਵਸ’ ਨੂੰ ਸਹੀ ਮਾਅਨਿਆਂ ਵਿੱਚ ਮਨਾਏ ਜਾਣ ਵਾਲੇ ਜਸ਼ਨ ਨੂੰ ਬਾਖ਼ੂਬੀ ਦਰਸਾ ਰਿਹਾ ਸੀ। ਇਸ ਮੌਕੇ ਗੀਤ-ਸੰਗੀਤ, ਹਾਸੇ-ਮਜ਼ਾਕ, ਨਾਚ-ਗਾਣੇ ਅਤੇ ਸੁਆਦਲੇ ਖਾਣੇ ਨੇ ਇਸ ਖ਼ੁਸ਼ੀ ਵਿੱਚ ਹੋਰ ਵੀ ਵਾਧਾ ਕੀਤਾ। ਕਮਲ ਬਬਰਾ ਅਤੇ ਜਿਓਤੀ ਵੱਲੋਂ ਮਨੋਰੰਜਨ ਦੀਆ ਆਈਟਮਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ।
ਕਲੱਬ ਦੀ ਪ੍ਰਧਾਨ ਜਸਵਿੰਦਰ ਦੈਂਦ ਨੇ ਇਸ ਮੌਕੇ ਬੋਲਦਿਆਂ ਕਿਹਾ, ”ਸਾਡੇ ਮੈਂਬਰ ਇੱਕ ਪਰਿਵਾਰ ਵਾਂਗ ਹਨ। ਉਨ੍ਹਾਂ ਦੀ ਖੁਸ਼ੀ, ਸਿਹਤ ਅਤੇ ਭਲਾਈ ਦਾ ਧਿਆਨ ਰੱਖਣਾ ਸਾਡੀ ਸੱਭ ਤੋਂ ਵੱਡੀ ਪਹਿਲ ਹੈ। ਇੱਥੇ ਹਰੇਕ ਮੈਂਬਰ ਨੂੰ ਇਸ ਖੁਸ਼ੀ ਭਰੇ ਮਾਹੌਲ ਵਿੱਚ ਵੇਖ ਕੇ ਮਨ ਬਹੁਤ ਖੁਸ਼ ਹੁੰਦਾ ਹੈ। ਇਹ ਸ਼ਾਨਦਾਰ ਪਲ ਸਾਡੀਆਂ ਸਦੀਵੀ ਯਾਦਾਂ ਦੇ ਖ਼ੂਬਸੂਰਤ ‘ਲਮਹੇ’ ਬਣ ਜਾਂਦੇ ਹਨ।”
ਇਸ ਦੌਰਾਨ ਜੂਨ ਮਹੀਨੇ ਵਿੱਚ ਮੈਂਬਰਾਂ ਦੇ ਜਨਮ-ਦਿਨ ਸਾਂਝੇ ਤੌਰ ‘ਤੇ ਮਨਾਏ ਗਏ। ਮੈਂਬਰਾਂ ਵੱਲੋਂ ਆਪਣੇ ਸੈੱਲਫ਼ੋਨਾਂ ਨਾਲ ਇੱਕ ਦੂਸਰੇ ਦੀਆਂ ਅਤੇ ਕਈ ਗਰੁੱਪ ਤਸਵੀਰਾਂ ਲੈ ਕੇ ਇਸ ਖੁਸ਼ੀ ਭਰੇ ਮਾਹੌਲ ਨੂੰ ਸਾਂਭਿਆ ਗਿਆ।
ਕਲੱਬ ਦੇ ਚੇਅਰਪਰਸਨ ਗਿਆਨ ਪਾਲ ਵੱਲੋਂ ਸਮੂਹ ਮੈਂਬਰਾਂ, ਵਾਲੰਟੀਅਰਾਂ ਅਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ, ”ਫ਼ਲਾਵਰ ਸਿਟੀ ਫ਼ਰੈਂਡਜ਼ ਕਲੱਬ ਆਪਣੇ ਮੈਂਬਰਾਂ ਦੀ ਸਿਹਤ, ਭਲਾਈ ਅਤੇ ਸੀਨੀਅਰਾਂ ਦੇ ਚੁਸਤ ਜੀਵਨ ਲਈ ਹੋਰ ਵੀ ਵਧੀਆ ਮੌਕੇ ਪੈਦਾ ਕਰਨ ਲਈ ਵਚਨਬੱਧ ਹੈ।” ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਕਲੱਬ ਵੱਲੋਂ ‘ਕੈਨੇਡਾ ਡੇਅ’ 12 ਜੁਲਾਈ ਨੂੰ ਮਨਾਇਆ ਜਾਏਗਾ ਅਤੇ ਇਸਦੇ ਇਸਤਰੀ-ਵਿੰਗ ਵੱਲੋਂ ਕਮਲ ਬਬਰਾ ਦੀ ਅਗਵਾਈ ਵਿੱਚ ‘ਤੀਆਂ ਦਾ ਮੇਲਾ’ 19 ਜੁਲਾਈ ਨੂੰ ਮਨਾਇਆ ਜਾਏਗਾ।

 

RELATED ARTICLES
POPULAR POSTS