50 ਫੀਸਦੀ ਸਬਸਿਡੀ ਮੁਹੱਈਆ ਕਰਾਉਣ ਦੇ ਫੈਸਲੇ ਨੂੰ ਦਿੱਤੀ ਮਨਜੂਰੀ
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਿਟੀ ਕਾਊਂਸਲ ਨੇ ਸਫਰ ਕਰਨ ਵਾਲੇ ਸੀਨੀਅਰਜ਼ ਨੂੰ ਸਹੂਲਤ ਦੇਣ ਦਾ ਫੈਸਲਾ ਕੀਤਾ ਹੈ। ਸਿਟੀ ਕਾਊਂਸਲ ਨੇ ਸੀਨੀਅਰਜ਼ ਲਈ 50 ਫੀਸਦੀ ਸਬਸਿਡੀ ਮੁਹੱਈਆ ਕਰਾਉਣ ਦੇ ਫੈਸਲੇ ਨੂੰ ਮਨਜੂਰੀ ਦੇ ਦਿੱਤੀ ਹੈ। ਲੰਘੇ ਦਿਨੀ ਕਮੇਟੀ ਆਫ ਕਾਊਂਸਲ ਦੀ ਹੋਈ ਮੀਟਿੰਗ ਵਿੱਚ ਬਰੈਂਪਟਨ ਸਿਟੀ ਕਾਊਂਸਲ ਨੇ ਪੀਲ ਰੀਜਨ ਨਾਲ ਭਾਈਵਾਲੀ ਵਿੱਚ ਸਿਟੀ ਦੇ ਹਰੇਕ ਯੋਗ ਬਾਲਗ ਤੇ ਪਾਸ ਰਾਹੀਂ ਹਰ ਮਹੀਨੇ ਟਰਾਂਜ਼ਿਟ ਸਫਰ ਕਰਨ ਵਾਲੇ ਸੀਨੀਅਰਜ਼ ਨੂੰ ਇਹ ਸਹੂਲਤ ਦਿੱਤੀ ਹੈ।
ਇਸ ਸਮੇਂ ਬਾਲਗਾਂ ਨੂੰ ਮਹੀਨਾਵਾਰ ਪਾਸ ਲਈ 124 ਡਾਲਰ ਤੇ ਸੀਨੀਅਰਜ਼ ਨੂੰ 52 ਡਾਲਰ ਦੇਣੇ ਪੈਂਦੇ ਹਨ। ਪਰ ਇਸ ਸਬਸਿਡੀ ਨਾਲ ਜੇ ਕਿਸੇ ਦੀ ਸਾਲਾਨਾ ਆਮਦਨ 22,134 ਡਾਲਰ ਜਾਂ ਇਸ ਤੋਂ ਘੱਟ ਹੈ ਤਾਂ ਉਨ੍ਹਾਂ ਨੂੰ ਇਨ੍ਹਾਂ ਪਾਸਾਂ ਉੱਤੇ 50 ਫੀਸਦੀ ਛੋਟ ਮਿਲੇਗੀ। ਸਿਟੀ ਸਟਾਫ ਦੇ ਅੰਦਾਜ਼ੇ ਮੁਤਾਬਕ 600,000 ਦੀ ਆਬਾਦੀ ਪਿੱਛੇ ਇਸ ਸਮੇਂ 400 ਤੋਂ 600 ਬਾਲਗ ਤੇ 100 ਤੋਂ 140 ਸੀਨੀਅਰਜ਼ ਇਸ ਸਬਸਿਡੀ ਲਈ ਯੋਗ ਹਨ। ਕਾਊਂਸਲਰ ਗੁਰਪ੍ਰੀਤ ਢਿੱਲੋਂ, ਜਿਨ੍ਹਾਂ ਦੀ ਦਸੰਬਰ 2017 ਵਿੱਚ ਸੀਨੀਅਰਜ਼ ਲਈ ਮਹੀਨਾਵਾਰ ਟਰਾਂਜ਼ਿਟ ਪਾਸ 15 ਡਾਲਰ ਕਰਨ ਦੀ ਕੋਸ਼ਿਸ਼ ਅਸਫਲ ਰਹੀ, ਨੇ ਆਖਿਆ ਹਾਲਾਂਕਿ ਉਹ ਖੁਸ਼ ਹਨ ਕਿ ਇਸ ਪਾਸੇ ਗੱਲ ਅੱਗੇ ਤਾਂ ਵਧੀ। ਪਰ ਉਨ੍ਹਾਂ ਆਖਿਆ ਕਿ ਉਨ੍ਹਾਂ ਵੱਲੋਂ ਇਸ ਤੋਂ ਪਹਿਲਾਂ ਸੀਨੀਅਰਜ਼ ਲਈ ਜਿਹੜੀ 15 ਡਾਲਰ ਟਰਾਂਜ਼ਿਟ ਪਾਸ ਦੀ ਮੰਗ ਕੀਤੀ ਗਈ ਸੀ ਉਸ ਉੱਤੇ ਟੈਕਸ ਦਾ ਕੋਈ ਅਸਰ ਨਹੀਂ ਸੀ ਹੋਣਾ ਤੇ ਉਸ ਨਾਲ ਕੁੱਝ ਸੀਨੀਅਰਜ਼ ਦੀ ਨਹੀਂ ਸਗੋਂ ਸਾਰੇ ਸੀਨੀਅਰਜ਼ ਦੀ ਵੀ ਤੁਰੰਤ ਮਦਦ ਹੋਣੀ ਸੀ।
ਸਟਾਫ ਦੀ ਰਿਪੋਰਟ ਮੁਤਾਬਕ, ਇਸ ਪਹਿਲਕਦਮੀ ਲਈ ਇੱਕ ਮਿਲੀਅਨ ਡਾਲਰ ਰੀਜ਼ਨ ਵੱਲੋਂ ਰੱਖੇ ਗਏ ਹਨ ਤੇ ਸਿਟੀ ਨੂੰ ਇਲੈਕਟ੍ਰੌਨਿਕ ਡਾਟਾਬੇਸ, ਆਪਰੇਟਿੰਗ ਤੇ ਸਟਾਫਿੰਗ ਦੀ ਕੌਸਟ ਲਈ ਇੱਕਮੁਸ਼ਤ 85,000 ਡਾਲਰ ਦੀ ਅਦਾਇਗੀ ਕਰਨੀ ਹੋਵੇਗੀ। ਆਪਣੀ ਯੋਗਤਾ ਜਾਂਚਣ ਲਈ ਕੋਈ ਵੀ ਵਾਸੀ ਪੀਲ ਰੀਜਨ ਦੀ ਵੈੱਬਸਾਈਟ peelregion.ca ਉੱਤੇ ਇਸ ਸਬੰਧ ਵਿੱਚ ਹੋਰ ਜਾਣਕਾਰੀ ਹਾਸਲ ਕਰ ਸਕਦੇ ਹਨ।
Check Also
‘ਦਿਸ਼ਾ’ ਵੱਲੋਂ ਆਯੋਜਿਤ ਸਮਾਗਮ ਵਿਚ ਬਲਜੀਤ ਰੰਧਾਵਾ ਦੀ ਪਲੇਠੀ ਪੁਸਤਕ ‘ਲੇਖ ਨਹੀਂ ਜਾਣੇ ਨਾਲ’ ਬਾਰੇ ਕੀਤੀ ਗਈ ਗੋਸ਼ਟੀ
ਡਾ. ਕੁਲਦੀਪ ਕੌਰ ਪਾਹਵਾ, ਡਾ. ਸੁਖਦੇਵ ਸਿੰਘ ਝੰਡ ‘ਤੇ ਸੁਰਜੀਤ ਕੌਰ ਵੱਲੋਂ ਪੁਸਤਕ ਉੱਪਰ ਪੇਪਰ …