ਕਿਹਾ – ਸੰਗਤ ਦੇ ਸਹਿਯੋਗ ਨਾਲ ਮੁੜ ਸ਼ੁਰੂ ਕੀਤਾ ਜਾਵੇਗਾ ਸੰਘਰਸ਼
ਅੰਮ੍ਰਿਤਸਰ/ਬਿਊਰੋ ਨਿਊਜ਼ : ਸਰਬੱਤ ਖਾਲਸਾ ਵਲੋਂ ਥਾਪੇ ਜਥੇਦਾਰ ਧਿਆਨ ਸਿੰਘ ਮੰਡ ਨੇ ਬਰਗਾੜੀ ਮੋਰਚਾ ਖ਼ਤਮ ਕਰਨ ਦੇ ਫੈਸਲੇ ਨੂੰ ਵੱਡੀ ਭੁੱਲ ਆਖਦਿਆਂ ਅਕਾਲ ਤਖ਼ਤ ਸਾਹਿਬ ‘ਤੇ ਖਿਮਾ ਯਾਚਨਾ ਲਈ ਅਰਦਾਸ ਕੀਤੀ। ਆਪਣੇ ਸਾਥੀਆਂ ਨਾਲ ਅਕਾਲ ਤਖ਼ਤ ਸਾਹਿਬ ਪੁੱਜੇ ਜਥੇਦਾਰ ਮੰਡ ਨੇ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਪੰਥ ਕੋਲੋਂ ਮੁਆਫੀ ਮੰਗੀ ਅਤੇ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਦਿੱਤੇ ਗਏ ਭਰੋਸੇ ਦੇ ਝਾਂਸੇ ਵਿੱਚ ਆ ਕੇ ਉਨ੍ਹਾਂ ਕੋਲੋਂ ਇਹ ਭੁੱਲ ਹੋਈ ਸੀ। ਹੁਣ ਸੰਗਤ ਦੇ ਸਹਿਯੋਗ ਨਾਲ ਮੁੜ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।
ਅਰਦਾਸ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਮੰਡ ਨੇ ਆਖਿਆ ਕਿ ਸਰਕਾਰ ਨੇ ਗੁਰੂ ਸਾਹਿਬ ਦੀ ਹਜ਼ੂਰੀ ਵਿਚ ਸੰਗਤ ਦੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਸੀ। ਇਸੇ ਭਰੋਸੇ ਦੇ ਆਧਾਰ ‘ਤੇ ਉਨ੍ਹਾਂ ਸਿੱਖ ਸ਼ਖ਼ਸੀਅਤਾਂ ਅਤੇ ਸੰਗਤ ਨਾਲ ਗੱਲਬਾਤ ਕਰਕੇ ਮੋਰਚਾ ਖਤਮ ਕਰ ਦਿੱਤਾ ਪਰ ਇਹ ਉਨ੍ਹਾਂ ਦੀ ਭੁੱਲ ਸਾਬਤ ਹੋਈ।
ਉਨ੍ਹਾਂ ਨੂੰ ਬਾਅਦ ਵਿਚ ਪਤਾ ਲੱਗਾ ਕਿ ਸਰਕਾਰ ਮੁਲਜ਼ਮਾਂ ਨੂੰ ਬਚਾਉਣ ਵਾਲਿਆਂ ਨਾਲ ਰਲੀ ਹੋਈ ਸੀ। ਇਸ ਫੈਸਲੇ ਨਾਲ ਭਾਵੇਂ ਕੌਮ ਦਾ ਕੋਈ ਜਾਨੀ ਜਾ ਮਾਲੀ ਨੁਕਸਾਨ ਨਹੀਂ ਹੋਇਆ ਪਰ ਸਿੱਖ ਸੰਗਤ ਕਾਫੀ ਨਿਰਾਸ਼ ਹੋਈ। ਉਨ੍ਹਾਂ ਕਿਹਾ ਕਿ ਨਿਆਂ ਪ੍ਰਾਪਤੀ ਅਤੇ ਮੁਲਜ਼ਮਾਂ ਨੂੰ ਸਜ਼ਾ ਦਿਵਾਉਣ ਲਈ ਮੋਰਚਾ ਸ਼ੁਰੂ ਕਰਨ ਦਾ ਫ਼ੈਸਲਾ ਉਨ੍ਹਾਂ ਦਾ ਸੀ, ਇਸ ਕਰਕੇ ਸਾਰੇ ਘਟਨਾਕ੍ਰਮ ਲਈ ਉਹ ਆਪਣੇ ਆਪ ਨੂੰ ਜ਼ਿੰਮੇਵਾਰ ਸਮਝਦੇ ਹਨ। ਮੰਡ ਨੇ ਦੱਸਿਆ ਕਿ ਉਨ੍ਹਾਂ ਮੋਰਚਾ ਮੁੜ ਸ਼ੁਰੂ ਕਰਨ ਦੀ ਵੀ ਅਰਦਾਸ ਕੀਤੀ ਹੈ। ਸਿੱਖ ਸੰਗਤ ਨਾਲ ਸਲਾਹ ਮਸ਼ਵਰਾ ਕਰਨ ਮਗਰੋਂ ਉਹ ਇਸ ਸਬੰਧੀ ਅਗਲਾ ਫੈਸਲਾ ਕਰਨਗੇ। ਇਹ ਮੋਰਚਾ ਸ਼ਾਂਤਮਈ ਢੰਗ ਨਾਲ ਲਾਇਆ ਜਾਵੇਗਾ।
ਸੰਗਤ ਦੀ ਕਚਹਿਰੀ ‘ਚ ਮੁੜ ਜਾਵਾਂਗਾ: ਧਿਆਨ ਸਿੰਘ ਮੰਡ
ਧਿਆਨ ਸਿੰਘ ਮੰਡ ਨੇ ਆਖਿਆ ਕਿ ਉਹ ਕਿਸੇ ਧੜੇ ਨਾਲ ਨਹੀਂ ਜੁੜੇ ਅਤੇ ਨਾ ਹੀ ਕਿਸੇ ਨਾਲ ਵਿਤਕਰਾ ਕੀਤਾ ਹੈ। ਸਾਰਾ ਪੰਥ ਹੀ ਉਨ੍ਹਾਂ ਦਾ ਧੜਾ ਹੈ। ਉਹ ਇਸ ਮਾਮਲੇ ਨੂੰ ਮੁੜ ਸੰਗਤ ਦੀ ਕਚਿਹਰੀ ਵਿਚ ਲੈ ਕੇ ਜਾਣਗੇ। ਸਰਬੱਤ ਖਾਲਸਾ ਵਲੋਂ ਥਾਪੇ ਹੋਰਨਾਂ ਜਥੇਦਾਰਾਂ ਵੱਲੋਂ ਧਰਨਾ ਚੁੱਕਣ ਦੇ ਫ਼ੈਸਲੇ ਦੇ ਵਿਰੋਧ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਇਕ ਸਿੱਖ ਵਜੋਂ ਗੁਰੂ ਸ਼ਰਨ ਵਿਚ ਆਈ ਸਰਕਾਰ ‘ਤੇ ਭਰੋਸਾ ਕੀਤਾ ਸੀ। ਇਹ ਫ਼ੈਸਲਾ ਉਸ ਵੇਲੇ ਸਿੱਖ ਸਿਧਾਂਤਾਂ ਦੀ ਰੌਸ਼ਨੀ ਵਿਚ ਕੀਤਾ ਗਿਆ ਸੀ। ਮਰਹੂਮ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਦਾ ਹਵਾਲਾ ਦਿੰਦਿਆਂ ਮੰਡ ਨੇ ਆਖਿਆ ਕਿ ਉਨ੍ਹਾਂ ਬਲੈਕ ਥੰਡਰ ਅਪਰੇਸ਼ਨ ਕਰਵਾਇਆ ਸੀ ਪਰ ਬਾਅਦ ਵਿਚ ਇਥੇ ਆ ਕੇ ਭੁੱਲ ਬਖਸ਼ਾਈ ਸੀ। ਉਨ੍ਹਾਂ ਕਿਹਾ ਕਿ ਗੁਰੂ ਸ਼ਰਨ ਵਿਚ ਆਏ ਵਿਅਕਤੀ ‘ਤੇ ਭਰੋਸਾ ਕਰਨਾ ਗੁਰੂ ਦਾ ਸਿਧਾਂਤ ਹੈ।