ਓਟਵਾ/ਬਿਊਰੋ ਨਿਊਜ਼ : ਡਿਪਟੀ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਸ਼ੌਰਟ ਟਰਮ ਰੈਂਟਲਜ਼ ਨੂੰ ਲਾਂਗ ਟਰਮ ਰੈਂਟਲਜ਼ ਵਿੱਚ ਬਦਲਣ ਵਿੱਚ ਪ੍ਰੋਵਿੰਸਾਂ ਦੀ ਮਦਦ ਕਰਨ ਲਈ ਬਦਲ ਤਲਾਸ਼ ਰਹੀ ਹੈ।
ਫਰੀਲੈਂਡ ਨੇ ਇਹ ਟਿੱਪਣੀ ਮੰਗਲਵਾਰ ਨੂੰ ਇੰਡਸਟਰੀ ਮੰਤਰੀ ਫਰੈਂਕੌਇਸ ਫਿਲਿਪ ਸ਼ੈਂਪੇਨ ਤੇ ਖਜ਼ਾਨਾ ਬੋਰਡ ਦੀ ਪ੍ਰੈਜ਼ੀਡੈਂਟ ਅਨੀਤਾ ਆਨੰਦ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਵਿੱਚ ਕੀਤੀ। ਜ਼ਿਕਰਯੋਗ ਹੈ ਕਿ ਬੀਸੀ ਸਰਕਾਰ ਵੱਲੋਂ ਇਸ ਹਫਤੇ ਦੇ ਸੁਰੂ ਵਿੱਚ ਸ਼ੌਰਟ ਟਰਮ ਰੈਂਟਲ ਮਾਰਕਿਟ ਵਿੱਚ ਤਬਦੀਲੀਆਂ ਕਰਨ ਲਈ ਆਪਣਾ ਕਾਨੂੰਨ ਲਿਆਉਣ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਫਰੀਲੈਂਡ ਵੱਲੋਂ ਇਹ ਟਿੱਪਣੀ ਆਈ। ਉਨ੍ਹਾਂ ਆਖਿਆ ਕਿ ਇਹ ਪ੍ਰੋਵਿੰਸ਼ੀਅਲ ਪੱਧਰ ਉੱਤੇ ਸਹੀ ਦਿਸ਼ਾ ਵੱਲ ਚੁੱਕਿਆ ਜਾਣ ਵਾਲਾ ਸਹੀ ਕਦਮ ਹੈ। ਫਰੀਲੈਂਡ ਨੇ ਆਖਿਆ ਕਿ ਅਸੀਂ ਜਾਣਦੇ ਹਾਂ ਕਿ ਏਅਰਬੀਐਨਬੀ ਤੇ ਵਰਬੋ ਵਰਗੀਆਂ ਸਾਈਟਸ ਰਾਹੀਂ ਸ਼ੌਰਟ ਟਰਮ ਰੈਂਟਲ ਘਰ ਦਿੱਤੇ ਜਾਂਦੇ ਹਨ ਪਰ ਇਸ ਤੋਂ ਭਾਵ ਹੈ ਕਿ ਕੈਨੇਡੀਅਨਜ਼ ਕੋਲ ਰੈਂਟ ਕਰਨ ਲਈ ਘੱਟ ਘਰ ਬਚਦੇ ਹਨ ਤੇ ਉਹ ਪੂਰਾ ਸਮਾਂ ਵੀ ਉੱਥੇ ਨਹੀਂ ਰਹਿ ਪਾਂਦੇ, ਖਾਸ ਤੌਰ ਉੱਤੇ ਅਰਬਨ ਤੇ ਦੇਸ਼ ਦੇ ਵੱਧ ਆਬਾਦੀ ਵਾਲੇ ਇਲਾਕਿਆਂ ਵਿੱਚ ਇਹ ਦਿੱਕਤ ਵੇਖੀ ਜਾ ਸਕਦੀ ਹੈ। ਇਸੇ ਲਈ ਸਾਡੀ ਸਰਕਾਰ ਫੈਡਰਲ ਪੱਧਰ ਉੱਤੇ ਇਸ ਬਾਰੇ ਕੀ ਕੀਤਾ ਜਾ ਸਕਦਾ ਹੈ ਇਸ ਦੇ ਸਾਰੇ ਬਦਲ ਤਲਾਸ਼ ਰਹੀ ਹੈ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਸ਼ੌਰਟ ਟਰਮ ਰੈਂਟਲਜ਼ ਨੂੰ ਲਾਂਗ ਟਰਮ ਰੈਂਟਲਜ਼ ਜਾਂ ਸਥਾਈ ਘਰਾਂ ਵਿੱਚ ਕਿਵੇਂ ਬਦਲਿਆ ਜਾਵੇ ਕਿ ਕੈਨੇਡੀਅਨਜ਼ ਲਈ ਉੱਥੇ ਰਹਿਣਾ ਸੌਖਾ ਹੋਵੇ।
ਫਰੀਲੈਂਡ ਮੁਤਾਬਕ ਜੇ ਸ਼ੌਰਟ ਟਰਮ ਰੈਂਟਲ ਘਰਾਂ ਨੂੰ ਟੋਰਾਂਟੋ, ਮਾਂਟਰੀਅਲ ਤੇ ਵੈਨਕੂਵਰ ਵਿੱਚ ਹੀ ਲਾਂਗ ਟਰਮ ਮਾਰਕਿਟ ਨਾਲ ਜੋੜਿਆ ਜਾਂਦਾ ਹੈ ਤਾਂ 30,000 ਯੂਨਿਟਸ ਖਾਲੀ ਹੋ ਸਕਦੇ ਹਨ। ਇਸ ਨਾਲ ਘਰਾਂ ਦੀ ਘਾਟ ਨੂੰ ਖ਼ਤਮ ਕੀਤਾ ਜਾ ਸਕਦਾ ਹੈ।
ਹਿੱਟ ਐਂਡ ਰਨ ਮਾਮਲੇ ਵਿੱਚ ਇੱਕ ਜ਼ਖ਼ਮੀ
ਸਕਾਰਬਰੋ : ਸਕਾਰਬਰੋ ਵਿੱਚ ਹਿੱਟ ਐਂਡ ਰਨ ਮਾਮਲੇ ਵਿੱਚ ਇੱਕ ਵਿਅਕਤੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਤੇ ਇਸ ਸਮੇਂ ਉਹ ਹਸਪਤਾਲ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ। ਰਾਤੀਂ 11:15 ਦੇ ਨੇੜੇ ਤੇੜੇ ਕਈ ਗੱਡੀਆਂ ਦੀ ਟੱਕਰ ਦੀ ਖਬਰ ਮਿਲਣ ਤੋਂ ਬਾਅਦ ਪੁਲਿਸ ਅਧਿਕਾਰੀ ਮਿੱਡਲੈਂਡ ਐਵਨਿਊ ਤੇ ਕਿੰਗਸਟਨ ਰੋਡ ਦੇ ਇੰਟਰਸੈਕਸ਼ਨ ਉੱਤੇ ਪਹੁੰਚੇ। ਪੁਲਿਸ ਨੇ ਦੱਸਿਆ ਕਿ ਇੱਕ ਚਿੱਟੇ ਰੰਗ ਦੀ ਐਸਯੂਵੀ ਮਿੱਡਲੈਂਡ ਉੱਤੇ ਉੱਤਰ ਵੱਲ ਜਾ ਰਹੀ ਸੀ ਜਦੋਂ ਉਹ ਪੱਛਮ ਵੱਲ ਜਾ ਰਹੇ ਮਸ਼ਕੂਕ ਨਾਲ ਟਕਰਾ ਗਈ। ਜਾਂਚਕਾਰਾਂ ਦਾ ਕਹਿਣਾਂ ਹੈ ਕਿ ਇਸ ਮਸ਼ਕੂਕ ਨੇ ਰੈੱਡ ਲਾਈਟ ਦੀ ਉਲੰਘਣਾ ਕੀਤੀ ਸੀ। ਇਹ ਵੀ ਪਤਾ ਲੱਗਿਆ ਹੈ ਕਿ ਮਸ਼ਕੂਕ ਦੀ ਗੱਡੀ ਕਿੰਗਸਟਨ ਰੋਡ ਪਾਰ ਕਰ ਰਹੇ ਰਾਹਗੀਰ ਨਾਲ ਜਾ ਟਕਰਾਈ। ਪੁਲਿਸ ਅਧਿਕਾਰੀ ਮਸ਼ਕੂਕ ਦੀ ਗੱਡੀ ਨੂੰ ਲੋਕੇਟ ਕਰਨ ਵਿੱਚ ਕਾਮਯਾਬ ਹੋ ਗਏ ਪਰ ਡਰਾਈਵਰ ਪੈਦਲ ਹੀ ਫਰਾਰ ਹੋ ਗਿਆ।