Breaking News
Home / ਰੈਗੂਲਰ ਕਾਲਮ / ਭਾਰਤ-ਪਾਕਿ ਜੰਗਂ1965

ਭਾਰਤ-ਪਾਕਿ ਜੰਗਂ1965

ਜਰਨੈਲ ਸਿੰਘ
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
(ਕਿਸ਼ਤ 18ਵੀਂ)
ਵਿਆਹ ਦੀ ਤਾਰੀਖ਼ 18 ਜੂਨ, 1967 ਹੈ। ਵਿਆਹ ਤੋਂ ਤਿੰਨ ਦਿਨ ਪਹਿਲਾਂ ਸਾਡੇ ਮਾਸੜ ਹਰਬੰਸ ਸਿੰਘ ਦੀ ਅਚਾਨਕ ਮੌਤ ਹੋ ਗਈ। ਦੋ ਮਾਸੀਆਂ ਇਕੋ ਘਰ ਵਿਚ ਸਨ, ਦਰਾਣੀ-ਜਠਾਣੀ। ਦੋਨਾਂ ਪਰਿਵਾਰਾਂ ਵਿਚੋਂ ਸਿਰਫ਼ ਦੋ ਜਣੇ ਹੀ ਵਿਆਹ ‘ਤੇ ਆਏ। ਨਾਨਕਾ ਮੇਲ਼ ਤੇ ਸ਼ਰੀਕੇ-ਭਾਈਚਾਰੇ ਵੱਲੋਂ ਗਾਉਣ-ਨੱਚਣ ਦੇ ਪ੍ਰੋਗਰਾਮ ਵੀ ਠੰਢੇ ਹੀ ਰਹੇ। ਦੋਸਤਾਂ ਵਿਚੋਂ ਸਿਰਫ਼ ਰਾਜ ਢਿੱਲੋਂ ਹੀ ਸ਼ਾਮਿਲ ਹੋਇਆ ਸੀ।
18 ਜੂਨ ਸਵੇਰੇ ਮੇਰੀ ਜੰਞ, ਬੱਸ ਵਿਚ ਜਲੰਧਰ-ਕਪੂਰਥਲਾ ਰੋਡ ‘ਤੇ ਸਥਿਤ ਪਿੰਡ ਖਹਿਰਾ ਮੱਜਾ ਜਾ ਢੁਕੀ। ਵਿਆਹ ਦੀ ਫੋਟੋਗ੍ਰਾਫੀ ਲਈ ਮੇਰੇ ਕੋਲ਼ ਕੈਨਟੀਨ ਤੋਂ ਖਰੀਦਿਆ ਕੈਮਰਾ ਸੀ। ਦੁਕਾਨਦਾਰ ਨੇ ਗਲਤੀ ਨਾਲ਼ ਫਿਲਮ-ਰੋਲ ਕਿਸੇ ਹੋਰ ਕੈਮਰੇ ਦੇ ਫੜਾ ਦਿੱਤੇ। ਆਨੰਦ ਕਾਰਜ ਸਮੇਂ ਜਦੋਂ ਰਾਜ ਫੋਟੋ ਖਿੱਚਣ ਲੱਗਾ ਤਾਂ ਰੋਲ ਠੀਕ ਤਰ੍ਹਾਂ ਫਿੱਟ ਹੀ ਨਾ ਹੋਏ। ਵਿਆਹ ਦੀ ਇਕਵੀ ਫੋਟੋ ਨਾ ਬਣ ਸਕੀ। ਪਰ ਮੇਰੀ ਤੇ ਕੁਲਵੰਤ ਦੀ ਫੋਟੋ ਇਕ ਦੂਜੇ ਦੇ ਦਿਲਾਂ ਵਿਚ ਸਦੀਵੀ ਤੌਰ ‘ਤੇ ਖੁਣੀ ਹੋਈ ਹੈ।
ਕੁਲਵੰਤ ਨੇ ਦਸਵੀਂ ਤੋਂ ਬਾਅਦ ਸਿਲਾਈ-ਕਢਾਈ ਦਾ ਡਿਪਲੋਮਾ ਕੀਤਾ ਹੋਇਆ ਏ। ਇਸ ਦੀ ਇਕ ਭੈਣ ਤੇ ਦੋ ਭਰਾ ਹਨ। ਇਹ ਸਭ ਤੋਂ ਛੋਟੀ ਹੈ। ਸਹੁਰਿਆਂ ਦੇ ਕੋੜਮੇ ਵਿਚ ਖਾਕੀ ਰੰਗ ਪ੍ਰਧਾਨ ਹੈ। ਕੁਲਵੰਤ ਦਾ ਇਕ ਤਾਇਆ ਮੇਜਰ ਤੇ ਦੂਜਾ ਸੂਬੇਦਾਰ ਸੀ। ਮੇਜਰ ਦਾ ਵੱਡਾ ਲੜਕਾ ਕਰਨਲ ਤੇ ਛੋਟਾ ਫੌਜ ਵਿਚ ਸਿਵਲੀਅਨ ਕਲਰਕ ਸੀ। ਸੂਬੇਦਾਰ ਤਾਏ ਦਾ ਲੜਕਾ ਵੀ ਅਗਾਂਹ ਸੂਬੇਦਾਰ ਸੀ। ਕੁਲਵੰਤ ਦਾ ਵੱਡਾ ਭਰਾ ਰਿਸਾਲਦਾਰ ਤੇ ਉਸ ਤੋਂ ਛੋਟਾ ਫੌਜੀ ਟੈਂਕਾ ਦਾ ਸਿਵਲੀਅਨ ਮਕੈਨਿਕ ਸੀ। ਕੁਲਵੰਤ ਦੀ ਭੂਆ ਦਾ ਪੁੱਤ ਏਅਰਫੋਰਸ ‘ਚ ਸੀ। ਸ਼ੁਰੂ-ਸ਼ੁਰੂ ਵਿਚ ਮੈਨੂੰ ਧੁੜਕੂ ਜਿਹਾ ਲੱਗ ਜਾਂਦਾ ਕਿ ਫੌਜੀ ਲਾਣਾ ਕਿਤੇ ਮੇਰੀ ਪਰੇਡ ਹੀ ਨਾ ਕਰਾਉਣ ਲੱਗ ਪਏ।
ਨਾਵਲ ਬਾਰੇ ਰਾਇ ਜਾਣਨ ਲਈ ਮੈਂ ਖਰੜਾ, ਆਪਣੇ ਗਵਾਂਢੀ ਪਿੰਡ ਅਜੜਾਮ ਦੇ ਗੁਰਮੀਤ ਹੇਅਰ ਨੂੰ ਪੜ੍ਹਾਇਆ। ਉਹ ਹਾਈ ਸਕੂਲ ‘ਚ ਅਧਿਆਪਕ ਸੀ। ਸਾਹਿਤ ਨੂੰ ਘੋਖਣ ਦੀ ਜਾਚ ਉਸਨੂੰ ਹੈਗੀ ਸੀ। ਉਸ ਅਨੁਸਾਰ ਨਾਵਲ ਦੇ ਪਲਾਟ ਦੀ ਬੁਣਤਰ ਤੇ ਪਾਤਰਾਂ ਦੀ ਮਨੋਵਿਗਿਆਨਕ ਅਵੱਸਥਾ ਨਾਵਲ ਦੇ ਗੁਣ ਸਨ, ਮੌਲਿਕਤਾ ਦੀ ਘਾਟ ਤੇ ਆਦਰਸ਼ਵਾਦ ਵੱਡੇ ਔਗੁਣ। ਉਸ ਦੀ ਰਾਇ ਮੈਨੂੰ ਠੀਕ ਜਾਪੀ। ਨਾਵਲ ਲਿਖਦਿਆਂ ਮੇਰੇ ‘ਤੇ ਨਾਨਕ ਸਿੰਘ ਦਾ ਸਟਾਈਲ ਭਾਰੂ ਸੀ। ਨਾਵਲ ਨੂੰ ਦੁਬਾਰਾ ਲਿਖਣ ਬਾਰੇ ਸੋਚ ਕੇ ਮੈਂ ਛਪਵਾਉਣ ਦੀ ਕਾਹਲ਼ ਤਿਆਗ ਦਿੱਤੀ।
ਛੁੱਟੀਓਂ ਪਰਤ ਕੇ ਮੈਂ ਕਮਿਸ਼ਨ ਲਈ ਅਪਲਾਈ ਕਰ ਦਿੱਤਾ। ਮੱਛਰ ਤੇ ਸੇਨਗੁਪਤਾ ਨੇ ਪਹਿਲਾਂ ਹੀ ਕੀਤਾ ਹੋਇਆ ਸੀ। ਮੁਢਲਾ ਟੈਸਟ ਆਗਰੇ ਦੀ ਛਾਉਣੀ ‘ਚ ਸੀ। ਅਸੀਂ ਤਿੰਨਾਂ ਨੇ ਪਾਸ ਕਰ ਲਿਆ ਤੇ ਅਗਲੇ ਟੈਸਟਾਂ ਦੀ ਤਿਆਰੀ ‘ਚ ਰੁੱਝ ਗਏ।
ਇਸੇ ਦੌਰਾਨ ਮੈਨੂੰ ਤੇ ਮਨਜੀਤ ਨੂੰ ‘ਸੈਂਟਰਲ ਟਰੇਡ ਟੈਸਟ ਬੋਰਡ’ ਕਾਨਪੁਰ ਤੋਂ ਬੁਲਾਵਾ ਆ ਗਿਆ। ਅਗਲੀ ਤਰੱਕੀ ਵਾਸਤੇ ਇਹ ਟੈਸਟ ਪਾਸ ਕਰਨਾ ਜ਼ਰੂਰੀ ਸੀ। ਟੈਸਟ ਵਧੀਆ ਹੋ ਗਿਆ। ਕੁਲਵੰਤ ਦੀ ਭੂਆ ਦਾ ਪੁੱਤ ਸੁਖਜੀਤ ਨਰਵਾਲ਼ ਕਾਨਪੁਰ ਦੀ ਇਕ ਯੂਨਿਟ ‘ਚ ਸੀ। ਇਕ ਸ਼ਾਮ ਉਸ ਨਾਲ਼ ਬਿਤਾਈ। ਕਾਨਪੁਰ ‘ਚ ਦੇਖਣ ਵਾਲ਼ੀਆਂ ਥਾਵਾਂ ਤਾਂ ਹੋਰ ਵੀ ਸਨ ਪਰ ਸਮੇਂ ਦੀ ਥੁੜ੍ਹ ਕਾਰਨ ਅਸੀਂ ‘ਨਾਨਾ ਰਾਓ ਪਾਰਕ’ ਹੀ ਦੇਖ ਸਕੇ। ਇਹ ਪਾਰਕ ਉਹ ਥਾਂ ਹੈ ਜਿਥੇ 1857 ਦੇ ਗਦਰ ਸਮੇਂ ਕਾਫ਼ੀ ਖੂਨ-ਖਰਾਬਾ ਹੋਇਆ ਸੀ।
ਕਾਨਪੁਰ ਗੰਗਾ ਦੇ ਕਿਨਾਰੇ ਹੈ। ਵਿਸ਼ਾਲ ਪਾਣੀਆਂ ਨਾਲ਼ ਬਣੇ ਮੋਹ ਨੇ ਖਿੱਚ ਪਾਈ। ਮਨਜੀਤ ਦਾ ਮੂਡ ਨਹੀਂ ਸੀ। ਮੈਂ ਇਕੱਲਾ ਹੀ ਚਲਾ ਗਿਆ। ਕਿਨਾਰੇ ‘ਤੇ ਪਈ ਬਹੁਤ ਹੀ ਵੱਡੀ ਮੱਛੀ ਦੇਖ ਕੇ ਮੈਂ ਹੈਰਾਨ ਰਹਿ ਗਿਆ। ਮੱਛੀ ਕੋਲ਼ ਖੜ੍ਹੇ ਮਛੇਰਿਆਂ ਤੋਂ ਪੁੱਛਣ ‘ਤੇ ਪਤਾ ਲੱਗਾ ਕਿ ਪੰਜ-ਛੇ ਕੁਇੰਟਲ ਦੀ ਉਹ ਮੱਛੀ ਉਨ੍ਹਾਂ ਨੇ ਦਰਿਆ ਵਿਚੋਂ ਹੁਣੇ-ਹੁਣੇ ਕਾਬੂ ਕੀਤੀ ਸੀ। ਵੱਡੇ ਸ਼ਿਕਾਰ ਦੀ ਖੁਸ਼ੀ ਉਨ੍ਹਾਂ ਦੇ ਚਿਹਰਿਆਂ ‘ਤੇ ਝਲਕ ਰਹੀ ਸੀ, ”ਮਛਲੀਆਂ ਇਤਨੀ ਬੜੀ ਕੈਸੇ ਹੋ ਜਾਤੀ ਹੈਂ? ਕਿਆ ਖਾਤੀ ਹੈ ਯਹ?” ਮੈਂ ਪੁੱਛਿਆ। ਮਛੇਰਿਆਂ ‘ਚੋਂ ਇਕ ਜਣਾ ਬੋਲਿਆ, ”ਸਰਦਾਰ ਜੀ! ਆਪ ਨੇ ਵੋਹ ਕਹਾਵਤ ਨਹੀਂ ਸੁਨੀ?”
”ਕੌਨ ਸੀ?” ਮੈਂ ਉਤਸੁਕਤਾ ਪ੍ਰਗਟਾਈ।
”ਬੜੀ ਮਛਲੀਆਂ ਛੋਟੀ ਮਛਲੀਓਂ ਕੋ ਖਾ ਜਾਤੀ ਹੈਂ।” ਉਸਨੇ ਦੱਸਿਆ।
ਗੰਗਾ ਕਿਨਾਰੇ ਦੇ ਸੀਨ ਸਮੇਤ, ਮੇਰੇ ਅੰਦਰ ਡੂੰਘੀ ਉੱਤਰੀ ਉਹ ਕਹਾਵਤ ਕਈ ਸਾਲਾਂ ਬਾਅਦ ‘ਹੱਕ’ ਨਾਂ ਦੀ ਕਹਾਣੀ ਦਾ ਥੀਮ ਬਣ ਗਈ। ਕਹਾਣੀ ਦਾ ਜ਼ਿਕਰ ਅੱਗੇ ਜਾ ਕੇ ਕਰਾਂਗਾ।
ਕਾਨਪੁਰੋਂ ਪਰਤ ਕੇ ਮੇਰਾ ਮੁੱਖ ਸਰੋਕਾਰ ਕਮਿਸ਼ਨ ਦੀ ਤਿਆਰੀ ਸੀ। ਅਸੀਂ ਤਿੰਨੇ ਸਾਥੀ ‘ਰੈਕਰਿਏਸ਼ਨ ਰੂਮ’ ਜਾ ਕੇ ਅੰਗ੍ਰੇਜ਼ੀ ਦੀਆਂ ਅਖਬਾਰਾਂ ਪੜ੍ਹਦੇ। ਬੈਰਕ ‘ਚ ਬੈਠ ਇੰਟੈਲੀਜੈਂਸ ਤੇ ਮਨੋਵਿਗਿਆਨਕ ਟੈਸਟਾਂ ਦੀਆਂ ਗਾਈਡਾਂ ਘੋਖਦੇ। ਚਲੰਤ ਮਸਲਿਆਂ ਬਾਰੇ ਜਾਣਕਾਰੀ ਗ੍ਰਹਿਣ ਕਰਦੇ। ਕੋਈ ਟੌਪਿਕ ਚੁਣ ਕੇ ਉਸ ‘ਤੇ ਅੰਗ੍ਰਜ਼ੀ ‘ਚ ਬਹਿਸ ਕਰਦੇ। ਫਿਰ ਸਿਰਾਂ ਨੂੰ ਰੈਸਟ ਦੇਣ ਲਈ ਮੈਂ ਸੇਨਗੁਪਤਾ ਨੂੰ ਬੰਗਾਲੀ ‘ਚ ਪੁੱਛਦਾ, ”ਹੇ ਸੇਨ! ਜੋਲ ਖਾਵੋ?” (ਸੇਨ ਤੂੰ ਪਾਣੀ ਪੀਏਂਗਾ?) ”ਸੋਨਿਆਂ (ਸੁਹਣਿਆਂ) ਜੋਲ ਨਹੀਂ ਰੋਮ (ਰੰਮ) ਉਸਦਾ ਜਵਾਬ ਹੁੰਦਾ। (ਬੰਗਾਲੀਆਂ ਦਾ ਉਚਾਰਣ-ਲਹਿਜ਼ਾ ‘ਹੋੜਾ’ ਮੁਖੀ ਹੈ) ਫਿਰ ਜਿਸ ਕੋਲ਼ ਬੋਤਲ ਹੁੰਦੀ ਉਹ ਕੱਢ ਲੈਂਦਾ। ਚੌਥਾ ਗਲਾਸ ਮੇਰੇ ਖਾਸ ਮਿੱਤਰ ਸੱਚਿਨ ਭਟਾਚਾਰੀਆ ਤੇ ਪੰਜਵਾ ਹਰਬੰਸ ਦਾ ਹੁੰਦਾ।
ਜ਼ਮੀਨੀ, ਹਵਾਈ ਤੇ ਸਮੁੰਦਰੀ ਤਿੰਨੇ ਸੈਨਾਵਾਂ ਲਈ ਕਮਿਸ਼ੰਡ ਅਫਸਰਾਂ ਦੀ ਚੋਣ ‘ਸਰਵਿਸਜ਼ ਸਿਲੈਕਸ਼ਨ ਬੋਰਡ’ ਕਰਦਾ ਹੈ। ਇਹ ਬੋਰਡ ਭਾਰਤ ਦੇ ਕਈ ਸ਼ਹਿਰਾਂ ‘ਚ ਹਨ। ਬੋਰਡ ਦੇ ਮੈਂਬਰ ਵੱਖ-ਵੱਖ ਰੈਂਕਾ ਦੇ ਕਮਿਸ਼ੰਡ ਅਫਸਰ ਹੁੰਦੇ ਹਨ।
ਮੱਛਰ ਤੇ ਸੇਨਗੁਪਤਾ ਨੂੰ ਵੱਖ-ਵੱਖ ਸ਼ਹਿਰਾਂ ਦੇ ਬੋਰਡਾਂ ਵੱਲੋਂ ਸੱਦਾ-ਪੱਤਰ ਆਏ। ਦੋਵੇਂ ਉਤਸ਼ਾਹ ਨਾਲ਼ ਗਏ। ਪਰ ਗੱਲ ਨਾ ਬਣੀ।
ਮੈਨੂੰ ਅਲਾਹਾਬਾਦ ਬੋਰਡ ਤੋਂ ਸੱਦਾ-ਪੱਤਰ ਆਇਆ। ਸਾਡੇ ਬੈਚ ਵਿਚ 20 ਉਮੀਦਵਾਰ ਸਨ ਜੋ ਦੋ ਗਰੁੱਪਾਂ ‘ਚ ਵੰਡੇ ਗਏ। ਲਿਖਤੀ ਟੈਸਟਾਂ ਅਤੇ ਫਰਜੀ ਬਣਾਈਆਂ ਪੇਚੀਦਾ ਸਥਿੱਤੀਆਂ ਨੂੰ ਨੱਜਿਠਣ ਲਈ ਮੇਰੀ ਕਾਰਗੁਜ਼ਾਰੀ ਵਧੀਆ ਸੀ। ਪਰ ‘ਗਰੁੱਪ ਡਿਸਕਸ਼ਨਜ਼’ ਤੇ ‘ਗਰੁੱਪ ਟਾਸਕ’ ਸਮੇਂ ਦੋ ਝਗੜਾਲੂ ਉਮੀਦਵਾਰਾਂ ਨੇ ਸਾਰੇ ਗਰੁੱਪ ਦੀਆਂ ਬੇੜੀਆਂ ‘ਚ ਵੱਟੇ ਪਾ ਦਿੱਤੇ। ਝਗੜਾਲੂਆਂ ਦੀ ਤਰਕਹੀਣ ਟੋਕ-ਟਕਾਈ ਤੋਂ ਖਿਝ ਕੇ ਮੈਂ ਤੇ ਕੁਝ ਹੋਰ ਉਮੀਦਵਾਰ ਉਨ੍ਹਾਂ ਨੂੰ ਕੋਸਣ ਲੱਗ ਜਾਂਦੇ। ਬਹਿਸ ਦੇ ਮਜ਼ਮੂਨ ਵਾਸਤੇ ਦਿੱਤਾ ਗਿਆ ਸਮਾਂ ਰੌਲੇ-ਰੱਪੇ ‘ਚ ਮੁੱਕ ਜਾਂਦਾ। ਗਰੁੱਪ ਡਿਸਕਸ਼ਨਜ਼ ਠੀਕ ਤਰ੍ਹਾਂ ਸਿਰੇ ਨਾ ਲੱਗ ਸਕੀਆਂ।’ਗਰੁੱਪ ਟੈਸਟਿੰਗ ਅਫਸਰ’ ਸਾਡੀ ਕਾਰਗੁਜ਼ਾਰੀ ਨੋਟ ਤਾਂ ਕਰਦਾ ਰਿਹਾ ਪਰ ਉਸਨੇ ਆਪਣਾ ਕੋਈ ਪ੍ਰਤੀਕਰਮ ਜ਼ਾਹਰ ਨਾ ਕੀਤਾ। ਰਿਜ਼ਲਟ ਦੇ ਅਨੁਮਾਨ ਚੰਗੇ ਨਹੀਂ ਸਨ। ਉਹੀ ਗੱਲ ਹੋਈ। ਸਾਰਾ ਗਰੁੱਪ ‘ਵਾਸ਼ ਆਊਟ’ (ਰੱਦ) ਕਰ ਦਿੱਤਾ ਗਿਆ। ਨਿਰਾਸ਼ਤਾ ਹੋਈ। ਪਰ ਅਗਲੀ ਵਾਰ ਦਾ ਸੋਚ ਕੇ ਮਨ ਨੂੰ ਸਮਝਾ ਲਿਆ।
ਟੈਸਟਾਂ ਵਿਚੋਂ ਸਮਾਂ ਕੱਢ ਕੇ ਅਲਾਹਾਬਾਦ ਦੀਆਂ ਦੋ ਥਾਵਾਂ ਦੇਖੀਆਂ। ਪਹਿਲੀ ਥਾਂ ਸੀ ਤ੍ਰਿਵੈਣੀ ਯਾਅਨੀ ਸੰਗਮ। ਸੰਗਮ ਲਾਗੇ ਇਕ ਵੱਡਾ ਕਿਲਾ ਹੈ ਜੋ ਅਕਬਰ ਨੇ ਬਣਾਇਆ ਸੀ। ਸ਼ਹਿਰ ਦਾ ਨਾਂ ਵੀ ਅਕਬਰ ਨੇ ਹੀ ਰੱਖਿਆ ਸੀ ਜਿਸਦਾ ਅਰਥ ਹੈ ‘ਅੱਲ੍ਹਾ ਦਾ ਸ਼ਹਿਰ’। ਜਦੋਂ ਮੈਂ ਪਹੁੰਚਾ ਤ੍ਰਿਕਾਲਾਂ ਪੈ ਰਹੀਆਂ ਸਨ। ਮੈਂ ਜਾਂ ਕਿਲਾ ਦੇਖ ਸਕਦਾ ਸਾਂ ਜਾਂ ਸੰਗਮ ਦੇ ਵਿਸ਼ਾਲ ਪਾਣੀ ਦੀ ਸੈਰ ਕਰ ਸਕਦਾ ਸਾਂ। ਮੈਂ ਪਾਣੀ ਨੂੰ ਤਰਜੀਹ ਦਿੱਤੀ। ਇਕ ਕਿਸ਼ਤੀ ਚਾਲਕ ਨੂੰ ਲੈ ਕੇ ਉਸ ਥਾਂ ‘ਤੇ ਜਾ ਪਹੁੰਚਾ ਜਿੱਥੇ ਗੰਗਾ ਤੇ ਜਮਨਾ ਆ ਕੇ ਮਿਲ਼ਦੀਆਂ ਹਨ। ਮੈਨੂੰ ਹੈਰਾਨੀ ਹੋਈ ਕਿ ਦੋਨਾਂ ਨਦੀਆਂ ਦੇ ਪਾਣੀ ਇਕਮਿੱਕ ਨਹੀਂ ਹੋ ਰਹੇ ਸਨ। ਗੰਗਾ ਦਾ ਜ਼ਰਾ ਕੁ ਗੰਧਲਾ ਤੇ ਜਮਨਾ ਦਾ ਸਾਫ ਪਾਣੀ ਨਾਲ਼-ਨਾਲ਼ ਵਗ ਰਹੇ ਸਨ। ਕਿਸ਼ਤੀ-ਚਾਲਕ ਨੇ ਦੱਸਿਆ ਕਿ ਪਾਣੀਆਂ ਦੀ ਇਕਮਿੱਕਤਾ ਕਾਫ਼ੀ ਦੂਰ ਜਾ ਕੇ ਬਣਦੀ ਹੈ। ਮੈਨੂੰ ਇੰਜ ਲੱਗਾ ਜਿਵੇਂ ਇਕਮਿੱਕ ਹੋਣ ਤੋਂ ਪਹਿਲਾਂ ਦੋਵੇਂ ਵਿਰਾਟ ਨਦੀਆਂ ਆਪਣੀਆਂ ਲੰਮੀਆਂ ਵਾਟਾਂ ਦੀ ਗਾਥਾ ਇਕ- ਦੂਜੀ ਨੂੰ ਸੁਣਾ ਰਹੀਆਂ ਹੋਣ। ਅਲਾਹਾਬਾਦ ‘ਚ ਦੇਖੀ ਦੂਜੀ ਥਾਂ ਸੀ ‘ਚੰਦਰ ਸ਼ੇਖਰ ਆਜ਼ਾਦ ਪਾਰਕ’। ਇਸ ਥਾਂ ‘ਤੇ ਆਜ਼ਾਦੀ-ਘੋਲ ਦੇ ਕ੍ਰਾਂਤੀਕਾਰੀ ਸੂਰਮੇ ਚੰਦਰ ਸ਼ੇਖਰ ਆਜ਼ਾਦ ਨੇ ਪੁਲਿਸ ਨਾਲ਼ ਮੁਕਾਬਲਾ ਕੀਤਾ ਸੀ। ਆਜ਼ਾਦ ਨੇ ਸ਼ਹੀਦ ਹੋਣ ਤੋਂ ਪਹਿਲਾਂ ਇਕ ਗੋਰੇ ਪੁਲਿਸ ਅਧਿਕਾਰੀ ਤੇ ਕੁਝ ਹੋਰ ਪੁਲਸੀਏ ਗੋਲ਼ੀਆਂ ਨਾਲ਼ ਭੁੰਨੇ ਸਨ।
ਅਸੀਂ ਤਿੰਨਾਂ ਸਾਥੀਆਂ ਨੇ ਕਮਿਸ਼ਨ ਲਈ ਮੁੜ ਅਪਲਾਈ ਕਰ ਦਿੱਤਾ। ਬੁਲਾਵਾ ਸਮਾਂ ਪਾ ਕੇ ਆਉਣਾ ਸੀ। ਮੈਂ ਛੁੱਟੀ ਚਲਾ ਗਿਆ। ਪੰਜਾਬ ਪਹਿਲਾਂ ਨਾਲ਼ੋਂ ਸੁਹਣਾ ਲੱਗ ਰਿਹਾ ਸੀ। ‘ਹਰੇ ਇਨਕਲਾਬ’ ਦੀ ਆਮਦ ਨਾਲ਼ ਕਿਸਾਨਾਂ ਨੇ ਟਿਊਬਵੈੱਲ ਲਗਵਾ ਲਏ ਸਨ। ਖੇਤੀਬਾੜੀ ਯੂਨਿਵਰਸਿਟੀ ਲੁਧਿਆਣਾ ਨੇ ਖੋਜਾਂ ਰਾਹੀਂ ਕਣਕ, ਝੋਨੇ, ਕਮਾਦ, ਮੱਕੀ, ਨਰਮੇ ਆਦਿ ਦੀਆਂ ਵਧੇਰੇ ਝਾੜ ਦੇਣ ਵਾਲੀਆਂ ਕਿਸਮਾਂ ਤਿਆਰ ਕਰ ਲਈਆਂ ਸਨ। ਰਸਾਇਣਕ ਖਾਦਾਂ ਦੀ ਵਰਤੋਂ ਸ਼ੁਰੂ ਹੋ ਚੁੱਕੀ ਸੀ। ਉਪਜ ਵਧਣ ਨਾਲ਼ ਕਿਸਾਨਾਂ ਦਾ ਹੱਥ ਤਰ ਹੋ ਗਿਆ ਸੀ। ਸਿੱਟੇ ਵਜੋਂ ਰਹਿਣੀ-ਬਹਿਣੀ ‘ਚ ਫ਼ਰਕ ਪੈ ਗਿਆ ਸੀ। ਕੱਚੇ ਘਰ ਪੱਕਿਆਂ ‘ਚ ਤਬਦੀਲ ਹੋ ਰਹੇ ਸਨ, ਗਾਡਰਾਂ-ਬਾਲਿਆਂ ਦੀਆਂ ਛੱਤਾਂ ਵਾਲ਼ੇ ਘਰ। ਤਕਰੀਬਨ ਹਰ ਘਰ ਵਿਚ ਬਿਜਲੀ ਸੀ। ਨਹਾਉਣ-ਧੋਣ ਲਈ ਨਲਕੇ ਅਤੇ ਜਾਣ-ਆਉਣ ਲਈ ਸਾਈਕਲ। ਲੱਠੇ, ਲੇਲ੍ਹਣਾਂ ਤੇ ਪਾਪਲੀਨਾਂ ਦੀ ਥਾਂ ਟੈਰਾਲੀਨ ਅਤੇ ਵਾਸ਼ ਐਂਡ ਵੇਅਰ ਸ਼ੁਰੂ ਹੋ ਗਏ ਸਨ। ਰਹਿਣੀ-ਬਹਿਣੀ ‘ਚ ਹੋਈ ਤਬਦੀਲੀ ਪੱਖੋਂ ਪੰਜਾਬ ਭਾਰਤ ਦਾ ਨੰਬਰ ਇਕ ਸੂਬਾ ਬਣ ਗਿਆ ਸੀ। ਦੂਜੇ ਸੂਬਿਆਂ ਦੇ ਹਵਾਈ ਸੈਨਿਕਾਂ ਕੋਲ਼ ਅਸੀਂ ਹੁੱਬ-ਹੁੱਬ ਆਪਣੇ ਪੰਜਾਬ ਦੀਆਂ ਸਿਫਤਾਂ ਕਰਦੇ। ‘ਹਰੇ ਇਨਕਲਾਬ’ ਦੇ ਭਵਿੱਖੀ ਸਿੱਟੇ ਕੀ ਹੋਣਗੇ, ਇਸ ਬਾਰੇ ਸਾਨੂੰ ਕੁਝ ਨਹੀਂ ਸੀ ਪਤਾ। ਸ਼ਾਇਦ ਕਿਸੇ ਨੂੰ ਵੀ ਨਹੀਂ ਸੀ ਪਤਾ।
ਸਾਡੀ ਜ਼ਮੀਨ ਦੇ ਨਾਲ਼ ਲਗਦੀ ਢਾਈ ਘੁਮਾਂ ਜ਼ਮੀਨ ਵਿਕਾਊ ਸੀ। ਅਸੀਂ ਉਹ ਖ਼ਰੀਦ ਲਈ।
ਆਗਰੇ ਨੂੰ ਮੁੜਦਿਆਂ ਕੁਲਵੰਤ ਮੇਰੇ ਨਾਲ਼ ਸੀ। ਰਾਹ ਵਿਚ ਅਸੀਂ ਕੁਝ ਦਿਨ ਦਿੱਲੀ ਰੁਕੇ। ਕੁਲਵੰਤ ਦਾ ਭਰਾ ਰਘਬੀਰ ਸਿੰਘ ਪਰਿਵਾਰ ਸਮੇਤ ਦਿੱਲੀ ਰਹਿੰਦਾ ਸੀ। ਇਨ੍ਹਾਂ ਦਾ ਕਜ਼ਨ ਕਰਨਲ ਜੋਗਿੰਦਰ ਸਿੰਘ ਖਹਿਰਾ ਵੀ ਓਥੇ ਹੀ ਸੀ। ਉਸ ਨੇ ਸਾਨੂੰ ਰੋਟੀ ‘ਤੇ ਸੱਦਿਆ। ਰਘਬੀਰ ਸਿੰਘ ਨੇ ਉਸਨੂੰ ਮੇਰੀ ਬਾਬਤ ਸਿਫਾਰਿਸ਼ ਪਾਉਣ ਲਈ ਆਖਿਆ। ਉਸਨੇ ਕਿਹਾ ਕਿ ਐਸ.ਐਸ.ਬੀ ਦਾ ਬੁਲਾਵਾ ਆਉਣ ‘ਤੇ ਦੱਸਿਓ।
ਆਗਰੇ ਮਨਜੀਤ ਨੇ ਆਪਣੇ ਲਾਗੇ ਹੀ, ਸਾਡੇ ਵਾਸਤੇ ਇਕ ਛੋਟਾ ਜਿਹਾ ਘਰ ਕਿਰਾਏ ‘ਤੇ ਲੈ ਰੱਖਿਆ ਸੀ। ਉਸਦੀ ਪਤਨੀ ਗੁਰਦੀਪ ਤੇ ਕੁਲਵੰਤ ਛੇਤੀ ਘੁਲ਼ਮਿਲ਼ ਗਈਆਂ।
(ਚਲਦਾ)

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …