ਟੋਰਾਂਟੋ, ਨਵੀਂ ਦਿੱਲੀ/ਬਿਊਰੋ ਨਿਊਜ਼ : ਕੈਨੇਡਾ ਨੇ ਭਾਰਤ ਨਾਲ ਮੁਕਤ ਵਪਾਰ ਸਮਝੌਤੇ (ਐੱਫਟੀਏ) ਲਈ ਗੱਲਬਾਤ ਨੂੰ ਰੋਕ ਦਿੱਤਾ ਹੈ। ਹੁਣ ਦੋਵੇਂ ਮੁਲਕ ਭਵਿੱਖ ਵਿੱਚ ਆਪਸੀ ਸਹਿਮਤੀ ਨਾਲ ਇਸ ਨੂੰ ਬਹਾਲ ਕਰਨ ਬਾਰੇ ਫੈਸਲਾ ਲੈਣਗੇ। ਇੱਕ ਅਧਿਕਾਰੀ ਨੇ ਦੱਸਿਆ, ”ਕੈਨੇਡਿਆਈ ਪੱਖ ਨੇ ਦੱਸਿਆ ਕਿ ਉਹ ਭਾਰਤ-ਕੈਨੇਡਾ ਦਰਮਿਆਨ ਮੁੱਢਲੇ ਪ੍ਰਗਤੀ ਵਪਾਰ ਸਮਝੌਤੇ ‘ਤੇ ਗੱਲਬਾਤ ਨੂੰ ਰੋਕ ਰਹੇ ਹਨ। ਇਸ ਨਾਲ ਦੋਵੇਂ ਪੱਖ ਗੱਲਬਾਤ ਦੀ ਪ੍ਰਗਤੀ ਅਤੇ ਅਗਲੇ ਕਦਮਾਂ ਦੀ ਸਮੀਖਿਆ ਕਰ ਸਕਣਗੇ। ਅਸੀਂ ਆਪਸੀ ਸਹਿਮਤੀ ਨਾਲ ਤੈਅ ਕਰਾਂਗੇ ਕਿ ਗੱਲਬਾਤ ਮੁੜ ਕਦੋਂ ਸ਼ੁਰੂ ਹੋਵੇਗੀ।” ਵਪਾਰ ਸਮਝੌਤੇ ‘ਤੇ ਦੋਵਾਂ ਮੁਲਕਾਂ ਵਿਚਾਲੇ ਹੁਣ ਤੱਕ ਅੱਧਾ ਦਰਜਨ ਤੋਂ ਵੱਧ ਵਾਰ ਗੱਲਬਾਤ ਹੋ ਚੁੱਕੀ ਹੈ। ਦੋਵਾਂ ਮੁਲਕਾਂ ਨੇ ਪਿਛਲੇ ਸਾਲ ਮਾਰਚ ਵਿੱਚ ਇੱਕ ਅੰਤਰਿਮ ਸਮਝੌਤੇ ਲਈ ਗੱਲਬਾਤ ਬਹਾਲ ਕੀਤੀ ਸੀ, ਜਿਸ ਨੂੰ ਮੁੱਢਲਾ ਪ੍ਰਗਤੀ ਵਪਾਰਕ ਸਮਝੌਤਾ ਕਿਹਾ ਗਿਆ। ਸਮਝੌਤੇ ਅਨੁਸਾਰ ਦੋਵੇਂ ਦੇਸ਼ ਵੱਧ ਤੋਂ ਵੱਧ ਵਪਾਰਕ ਵਸਤਾਂ ‘ਤੇ ਕਸਟਮ ਡਿਊਟੀ ਘਟਾ ਜਾਂ ਖ਼ਤਮ ਕਰ ਸਕਦੇ ਹਨ। ਭਾਰਤੀ ਉਦਯੋਗ ਪੇਸ਼ੇਵਰਾਂ ਦੀ ਆਵਾਜਾਈ ਲਈ ਆਸਾਨ ਵੀਜ਼ਾ ਮਾਪਦੰਡਾਂ ਤੋਂ ਇਲਾਵਾ ਕੱਪੜੇ ਅਤੇ ਚਮੜੇ ਵਰਗੇ ਉਤਪਾਦਾਂ ਲਈ ਡਿਊਟੀ-ਫਰੀ ਪਹੁੰਚ ‘ਤੇ ਵਿਚਾਰ ਕਰ ਰਿਹਾ ਸੀ।
ਕੈਨੇਡਾ ਨੇ ਭਾਰਤ ਨਾਲ ਵਪਾਰ ਸਮਝੌਤੇ ‘ਤੇ ਗੱਲਬਾਤ ਰੋਕੀ
RELATED ARTICLES