2.6 C
Toronto
Friday, November 7, 2025
spot_img
Homeਭਾਰਤ'ਰਾਹੁਲਯਾਨ' ਨਾ ਉੱਡਿਆ ਤੇ ਨਾ ਲੈਂਡ ਕੀਤਾ : ਰਾਜਨਾਥ

‘ਰਾਹੁਲਯਾਨ’ ਨਾ ਉੱਡਿਆ ਤੇ ਨਾ ਲੈਂਡ ਕੀਤਾ : ਰਾਜਨਾਥ

ਸਟਾਲਿਨ ਦੀਆਂ ਸਨਾਤਨ ਧਰਮ ਬਾਰੇ ਟਿੱਪਣੀਆਂ ‘ਤੇ ਧਾਰੀ ਚੁੱਪੀ ਲਈ ਸੋਨੀਆ, ਰਾਹੁਲ ਤੇ ਖੜਗੇ ਨੂੰ ਘੇਰਿਆ
ਜੈਸਲਮੇਰ/ਬਿਊਰੋ ਨਿਊਜ਼ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਨਾਤਨ ਧਰਮ ਬਾਰੇ ਉਦੈਨਿਧੀ ਸਟਾਲਿਨ ਦੀਆਂ ਟਿੱਪਣੀਆਂ ਨੂੰ ਲੈ ਕੇ ਕਾਂਗਰਸ ਆਗੂਆਂ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਅਸ਼ੋਕ ਗਹਿਲੋਤ ਦੀ ‘ਚੁੱਪੀ’ ਉੱਤੇ ਹੈਰਾਨੀ ਜਤਾਈ ਹੈ। ਰਾਜਸਥਾਨ ਵਿਚ ਭਾਜਪਾ ਦੀ ਪਰਿਵਰਤਨ ਯਾਤਰਾ ਦੇ ਤੀਜੇ ਗੇੜ ਦੀ ਸ਼ੁਰੂਆਤ ਮੌਕੇ ਰਾਮਦੇਵੜਾ ਵਿੱਚ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਰਾਹੁਲ ਗਾਂਧੀ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਚੰਦਰਯਾਨ-3 ਚੰਦ ਦੇ ਦੱਖਣੀ ਧਰੁਵ ‘ਤੇ ਸਫਲਤਾ ਨਾਲ ਉੱਤਰ ਗਿਆ, ਪਰ ‘ਰਾਹੁਲਯਾਨ’ ਨਾ ਉੱਡਿਆ ਤੇ ਨਾ ਹੀ ਲੈਂਡ ਹੋ ਸਕਿਆ।
ਉਦੈਨਿਧੀ ਸਟਾਲਿਨ ਦੀਆਂ ਟਿੱਪਣੀਆਂ ਦੇ ਹਵਾਲੇ ਨਾਲ ਸਿੰਘ ਨੇ ਕਿਹਾ, ”ਮੈਂ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹ ਕਿਉਂ ਨਹੀਂ ਬੋਲਦੇ। ਸੋਨੀਆ ਗਾਂਧੀ, ਰਾਹੁਲ ਗਾਂਧੀ, ਮਲਿਕਾਰਜੁਨ ਖੜਗੇ ਸਨਾਤਨ ਧਰਮ ਨੂੰ ਲੈ ਕੇ ਆਪਣੀ ਸੋਚ ਬਾਰੇ ਕਿਉਂ ਨਹੀਂ ਸਪਸ਼ਟ ਕਰਦੇ।”
ਰੱਖਿਆ ਮੰਤਰੀ ਨੇ ਕਿਹਾ ਕਿ ਡੀਐੱਮਕੇ, ਜੋ ਇੰਡੀਆ ਗੱਠਜੋੜ ਦਾ ਹਿੱਸਾ ਹੈ, ਨੇ ਸਨਾਤਨ ਧਰਮ ਨੂੰ ਸੱਟ ਮਾਰੀ ਹੈ ਤੇ ਕਾਂਗਰਸ ਆਗੂ ਇਸ ਮੁੱਦੇ ‘ਤੇ ‘ਖਾਮੋਸ਼’ ਹਨ। ਉਨ੍ਹਾਂ ਕਿਹਾ, ”ਇੰਡੀਆ ਬਲਾਕ ਮੈਂਬਰਾਂ ਨੂੰ ਸਨਾਤਨ ਧਰਮ ਦੇ ਨਿਰਾਦਰ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ। ਨਹੀਂ ਤਾਂ ਫਿਰ ਦੇਸ਼ ਉਨ੍ਹਾਂ ਨੂੰ ਮੁਆਫ਼ ਨਹੀਂ ਕਰੇਗਾ।”
ਰਾਜਨਾਥ ਸਿੰਘ ਨੇ ਕਿਹਾ ਕਿ ਇਹ ਸਨਾਤਨ ਧਰਮ ਹੀ ਹੈ, ਜਿਸ ਵਿਚ ਕੀੜੀਆਂ ਨੂੰ ਆਟਾ ਤੇ ਸੱਪਾਂ ਨੂੰ ਦੁੱਧ ਪਾਇਆ ਜਾਂਦਾ ਹੈ ਤੇ ਉਨ੍ਹਾਂ ਦੀ ਲੰਮੀ ਉਮਰ ਦੀ ਦੁਆ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇੰਡੀਆ ਗੱਠਜੋੜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਤਾ ਵਿੱਚ ਪਰਤਣ ਤੋਂ ਰੋਕਣ ਲਈ ਹੀ ਬਣਾਇਆ ਗਿਆ ਹੈ। ਰਾਜਨਾਥ ਸਿੰਘ ਨੇ ‘ਚੰਦਰਯਾਨ-3’ ਤੇ ਆਦਿੱਤਿਆ ਐੱਲ-1 ਮਿਸ਼ਨਾਂ ਦੇ ਹਵਾਲੇ ਨਾਲ ਇਸਰੋ ਵਿਗਿਆਨੀਆਂ ਦੀ ਤਾਰੀਫ਼ ਕੀਤੀ।
ਕੇਂਦਰੀ ਮੰਤਰੀ ਨੇ ਕਾਂਗਰਸ ਦੀ ਰਾਜਸਥਾਨ ਇਕਾਈ ਨੂੰ ਵੀ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ਡਰਾਈਵਰ ਦੀ ਸੀਟ ‘ਤੇ ਗਹਿਲੋਤ ਬੈਠੇ ਹਨ, ਪਰ ਕਲੱਚ ਤੇ ਰੇਸ ਕਿਸੇ ਹੋਰ ਦੇ ਹੱਥ ਹੈ। ਇਸ ਮੌਕੇ ਵਿਰੋਧੀ ਧਿਰ ਦੇ ਨੇਤਾ ਰਾਜੇਂਦਰ ਰਾਠੌਰ, ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ, ਅਰਜੁਨ ਰਾਮ ਮੇਘਵਾਲ ਤੇ ਹੋਰਨਾਂ ਆਗੂਆਂ ਨੇ ਵੀ ਸੰਬੋਧਨ ਕੀਤਾ। ਭਾਜਪਾ ਦੀ ਪਰਿਵਰਤਨ ਯਾਤਰਾ 200 ਅਸੈਂਬਲੀ ਹਲਕਿਆਂ ਦਾ ਗੇੜਾ ਕੱਢੇਗੀ।

 

RELATED ARTICLES
POPULAR POSTS