ਮਿਲਟਨ/ਬਿਊਰੋ ਨਿਊਜ਼ : ਚੋਰੀ ਦੇ ਟਰੱਕ ਵਿੱਚ ਕਈ ਜੁਰਮਾਂ ਨੂੰ ਅੰਜਾਮ ਦੇਣ ਵਾਲੇ ਦੋ ਆਰੋਪੀਆਂ ਦੀ ਹਾਲਟਨ ਪੁਲਿਸ ਵੱਲੋਂ ਭਾਲ ਕੀਤੀ ਜਾ ਹੀ ਰਹੀ ਸੀ ਕਿ ਉਨ੍ਹਾਂ ਨੇ ਮਿਲਟਨ ਵਿੱਚ ਇੱਕ ਹੋਰ ਹਿੰਸਕ ਕਾਰਜੈਕਿੰਗ ਕਰ ਲਈ।
ਪੁਲਿਸ ਅਧਿਕਾਰੀਆਂ ਨੇ ਇੱਕ ਚੋਰੀ ਦੇ ਪਿੱਕਅੱਪ ਟਰੱਕ ਨੂੰ ਡੈਰੀ ਰੋਡ ਤੇ ਹੋਲੀ ਐਵਨਿਊ ਇਲਾਕੇ ਵਿੱਚ ਸਵੇਰੇ 9:30 ਵਜੇ ਦੇ ਨੇੜੇ ਤੇੜੇ ਬੇਤਰਤੀਬੇ ਢੰਗ ਨਾਲ ਜਾਂਦਿਆਂ ਵੇਖਿਆ। ਇਹ ਟਰੱਕ 2014 ਮਾਡਲ ਦਾ ਫੋਰਡ ਐਫ 150 ਸੀ, ਜਿਸਦੇ 7 ਜਨਵਰੀ ਨੂੰ ਪੀਲ ਰੀਜਨ ਵਿੱਚ ਚੋਰੀ ਹੋਣ ਦੀ ਰਿਪੋਰਟ ਦਰਜ ਕਰਵਾਈ ਗਈ ਸੀ। ਜਾਂਚਕਾਰਾਂ ਨੇ ਦੱਸਿਆ ਕਿ ਪਹਿਲਾਂ ਇਹ ਟਰੱਕ ਇੱਕ ਪੁਲਿਸ ਕਰੂਜਰ ਕੋਲ ਆਇਆ ਤੇ ਫਿਰ ਤੇਜ ਰਫਤਾਰ ਨਾਲ ਇਲਾਕੇ ਤੋਂ ਫਰਾਰ ਹੋ ਗਿਆ।
ਇਸ ਤੋਂ ਕੁੱਝ ਦੇਰ ਬਾਅਦ ਇਹ ਟਰੱਕ ਦੋ ਹਿੱਟ ਐਂਡ ਰੰਨ ਮਾਮਲਿਆਂ ਵਿੱਚ ਸ਼ਾਮਲ ਹੋਇਆ ਤੇ ਆਰੋਪੀ ਨੂੰ ਇਸ ਟਰੱਕ ਨੂੰ ਗਲਤ ਢੰਗ ਨਾਲ ਡਰਾਈਵ ਕਰਦਿਆਂ ਵੀ ਕਈ ਵਾਰੀ ਵੇਖਿਆ ਗਿਆ।
ਸਵੇਰੇ 9:35 ਉੱਤੇ ਬ੍ਰੌਂਟ ਤੇ ਮੇਨ ਸਟਰੀਟ ਨੇੜੇ ਗੈਸ ਸਟੇਸ਼ਨ ਤੋਂ ਆਰੋਪੀਆਂ ਨੇ ਟਰੱਕ ਵਿੱਚ ਗੈਸ ਭਰੀ ਤੇ ਫਿਰ ਕਥਿਤ ਤੌਰ ਉੱਤੇ ਪੈਸੇ ਦਿੱਤੇ ਬਿਨਾਂ ਹੀ ਉਹ ਟਰੱਕ ਭਜਾ ਕੇ ਲੈ ਗਏ। ਫਿਰ ਇਹ ਟਰੱਕ ਨੇੜੇ ਹੀ ਸਥਿਤ ਸਕੂਲ ਦੀ ਫੈਂਸ ਨੂੰ ਤੋੜਦਾ ਹੋਇਆ ਪਲੇਅਗ੍ਰਾਊਂਡ ਵਿੱਚ ਦਾਖਲ ਹੋ ਗਿਆ ਤੇ ਬੱਚੇ ਉੱਥੇ ਖੇਡ ਰਹੇ ਸਨ। ਪੁਲਿਸ ਨੇ ਦੱਸਿਆ ਕਿ ਇਸ ਸਾਰੇ ਘਟਨਾਕ੍ਰਮ ਵਿੱਚ ਕਿਸੇ ਨੂੰ ਕੋਈ ਸੱਟ ਫੇਟ ਨਹੀਂ ਲੱਗੀ।
ਕੁੱਝ ਮਿੰਟ ਬਾਅਦ ਹੀ ਪੁਲਿਸ ਅਧਿਕਾਰੀਆਂ ਨੂੰ ਲੁਈ ਸੇਂਟ ਲਾਰੈਂਟ ਐਵਨਿਊ ਤੇ ਥਾਂਪਸਨ ਰੋਡ ਇਲਾਕੇ ਵਿੱਚ ਸਥਿਤ ਇੱਕ ਗ੍ਰੌਸਰੀ ਸਟੋਰ ਦੇ ਪਾਰਕਿੰਗ ਲੌਟ ਵਿੱਚ ਕਾਰਜੈਕਿੰਗ ਦੀਆਂ ਖਬਰਾਂ ਮਿਲੀਆਂ। ਜਾਂਚਕਾਰਾਂ ਨੇ ਦੱਸਿਆ ਕਿ ਇਸੇ ਚੋਰੀ ਦੇ ਟਰੱਕ ਨੇ ਪਾਰਕਿੰਗ ਲੌਟ ਵਿੱਚ ਇੱਕ ਹੌਂਡਾ ਸੀਆਰਵੀ ਨੂੰ ਟੱਕਰ ਮਾਰ ਦਿੱਤੀ। ਫਿਰ ਦੋ ਆਰੋਪੀ ਟਰੱਕ ਵਿੱਚੋਂ ਉਤਰੇ ਤੇ ਉਨ੍ਹਾਂ ਹੌਂਡਾ ਦੀ ਖਿੜਕੀ ਡਰਾਈਵਰ ਸੀਟ ਵੱਲੋਂ ਤੋੜ ਦਿੱਤੀ।
ਫਿਰ ਦੋਵਾਂ ਆਰੋਪੀਆਂ ਨੇ ਡਰਾਈਵਰ ਸੀਟ ਉੱਤੇ ਬੈਠੀ ਮਹਿਲਾ ਨੂੰ ਖਿੱਚ ਕੇ ਬਾਹਰ ਕੱਢਿਆ ਤੇ ਗੱਡੀ ਵਿੱਚ ਸਵਾਰ ਹੋ ਕੇ ਉੱਥੋਂ ਫਰਾਰ ਹੋ ਗਏ। ਮਹਿਲਾ ਨੂੰ ਬਹੁਤੀਆਂ ਸੱਟਾਂ ਨਹੀਂ ਲੱਗੀਆਂ ਪਰ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਉਸੇ ਦਿਨ ਦੁਪਹਿਰੇ 3:00 ਵਜੇ ਪੁਲਿਸ ਨੂੰ ਇਹ ਚੋਰੀ ਕੀਤੀ ਗਈ ਹੌਂਡਾ ਸੀਆਰਵੀ ਬਰੈਂਪਟਨ ਵਿੱਚ ਲਾਵਾਰਿਸ ਖੜ੍ਹੀ ਮਿਲੀ।
ਪੁਲਿਸ ਵੱਲੋਂ ਦੋ ਮਸਕੂਕਾਂ ਦੀ ਭਾਲ ਕੀਤੀ ਜਾ ਰਹੀ ਹੈ, ਜਿਨ੍ਹਾਂ ਵਿੱਚੋਂ ਇੱਕ ਮਸਕੂਕ ਗੋਰਾ ਦੱਸਿਆ ਜਾਂਦਾ ਹੈ , ਜਿਸਦਾ ਕੱਦ ਛੇ ਫੁੱਟ ਦੋ ਇੰਚ ਹੈ ਤੇ ਉਹ ਪਤਲਾ ਹੈ। ਉਸ ਨੂੰ ਆਖਰੀ ਵਾਰੀ ਗ੍ਰੇਅ ਸਵੈਟਰ ਪਾਇਆਂ ਵੇਖਿਆ ਗਿਆ।
ਦੂਜਾ ਆਰੋਪੀ ਵੀ ਗੋਰਾ ਦੱਸਿਆ ਜਾਂਦਾ ਹੈ ਜਿਹੜਾ ਆਪਣੇ 20ਵਿਆਂ ਦੇ ਅਖੀਰ ਵਿੱਚ ਹੈ ਤੇ ਉਸ ਦੇ ਕਾਲੇ ਵਾਲ ਹਨ। ਉਸ ਨੂੰ ਆਖਰੀ ਵਾਰੀ ਕਾਲੀ ਹੁਡੀ ਪਾਇਆਂ ਵੇਖਿਆ ਗਿਆ। ਪੁਲਿਸ ਵੱਲੋਂ ਇੱਕ ਆਰੋਪੀ ਦੀ ਤਸਵੀਰ ਵੀ ਜਾਰੀ ਕੀਤੀ ਗਈ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …