ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਵਿੱਚ ਕਮਰਸ਼ੀਅਲ ਚੋਰੀ ਦੀ ਜਾਂਚ ਦੌਰਾਨ ਪੀਲ ਰੀਜਨਲ ਪੁਲਿਸ ਨੂੰ 350,000 ਡਾਲਰ ਮੁੱਲ ਦੇ ਹੋਮ ਅਪਲਾਇੰਸਿਜ ਤੇ ਇਲੈਕਟ੍ਰੌਨਿਕਸ ਮਿਸੀਸਾਗਾ ਦੇ ਇੱਕ ਸਟੋਰ ਤੋਂ ਬਰਾਮਦ ਹੋਏ। 7 ਜਨਵਰੀ ਨੂੰ ਬਰੈਂਪਟਨ ਵਿੱਚ ਇੱਕ ਕਮਰਸ਼ੀਅਲ ਲਾਜਿਸਟਿਕ ਗੋਦਾਮ ਵਿੱਚ ਚੋਰੀ ਹੋਣ ਦੀ ਖਬਰ 911 ਉੱਤੇ ਦਿੱਤੀ ਗਈ। ਇਸ ਗੋਦਾਮ ਵਿੱਚੋਂ ਮਸਕੂਕਾਂ ਨੂੰ ਚੋਰੀ ਦੀਆਂ ਆਈਟਮਾਂ ਟਰੱਕ ਵਿੱਚ ਲੱਦਦਿਆਂ ਵੇਖਿਆ ਗਿਆ। ਮਸਕੂਕਾਂ ਦੀ ਪਛਾਣ ਵੀ ਹੋ ਗਈ ਤੇ ਪੁਲਿਸ ਨੇ ਸਰਚ ਵਾਰੰਟ ਕਢਵਾ ਕੇ ਮਿਸੀਸਾਗਾ ਦੇ ਇੱਕ ਸਟੋਰ ਦੀ ਤਲਾਸ਼ੀ ਲਈ। ਇੱਥੋਂ ਪੁਲਿਸ ਨੂੰ ਹੈਂਡਗੰਨ ਦੇ ਨਾਲ ਨਾਲ ਗੋਲੀ ਸਿੱਕਾ ਵੀ ਮਿਲਿਆ। ਜਾਂਚਕਾਰਾਂ ਨੂੰ ਪੀਲ ਰੀਜਨ ਦੇ ਤਿੰਨ ਵੱਖ-ਵੱਖ ਗੋਦਾਮਾਂ ਵਿੱਚੋਂ ਚੋਰੀ ਹੋਏ 176 ਅਪਲਾਇੰਸਿਜ ਵੀ ਬਰਾਮਦ ਹੋਏ ਜਿਨ੍ਹਾਂ ਦੀ ਕੀਮਤ 350,000 ਡਾਲਰ ਤੋਂ ਵੀ ਵੱਧ ਬਣਦੀ ਸੀ। ਇਸ ਦੌਰਾਨ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਵਿੱਚੋਂ ਇੱਕ ਦੀ ਪਛਾਣ 41 ਸਾਲਾ ਡੇਵਨ ਟੇਲਰ ਤੇ ਦੂਜੇ ਦੀ ਪਛਾਣ 42 ਸਾਲਾ ਐਂਡਰਸਨ ਰਾਮਗੂਲਾਮ ਵਜੋਂ ਕੀਤੀ ਗਈ ਹੈ। ਇਹ ਦੋਵੇਂ ਟੋਰਾਂਟੋ ਦੇ ਹਨ। ਟੇਲਰ ਖਿਲਾਫ ਕਈ ਚਾਰਜਿਜ ਲਾਏ ਗਏ ਹਨ ਜਿਨ੍ਹਾਂ ਵਿੱਚ ਲੋਡ ਕੀਤਾ ਗਿਆ ਤੇ ਪਾਬੰਦੀਸ਼ੁਦਾ ਹਥਿਆਰ ਰੱਖਣਾ, ਹਥਿਆਰ ਲੁਕੋ ਕੇ ਨਾਲ ਰੱਖਣਾ ਤੇ 5000 ਡਾਲਰ ਤੋਂ ਵੱਧ ਮੁੱਲ ਦੀਆਂ ਵਸਤਾਂ ਕੋਲ ਰੱਖਣਾ ਆਦਿ ਸ਼ਾਮਲ ਹਨ। ਰਾਮਗੂਲਾਮ ਉੱਤੇ 5000 ਡਾਲਰ ਦੇ ਮੁੱਲ ਤੋਂ ਵੱਧ ਦੀਆਂ ਚੋਰੀ ਦੀਆਂ ਆਈਟਮਾਂ ਕੋਲ ਰੱਖਣ ਦਾ ਚਾਰਜ ਲਾਇਆ ਗਿਆ ਹੈ। ਪੀਲ ਪੁਲਿਸ ਦਾ ਮੰਨਣਾ ਹੈ ਕਿ ਇਨ੍ਹਾਂ ਡਾਕਿਆਂ ਵਿੱਚ ਹੋਰ ਲੋਕ ਵੀ ਸ਼ਾਮਲ ਹੋ ਸਕਦੇ ਹਨ।