Breaking News
Home / ਮੁੱਖ ਲੇਖ / ਸਿੱਖ ਫ਼ੌਜੀਆਂ ਨੂੰ ਲੋਹ-ਟੋਪ ਪਹਿਨਾਉਣ ਦੀ ਤਜਵੀਜ਼ ‘ਤੇ ਵਿਵਾਦ ਕਿਉਂ?

ਸਿੱਖ ਫ਼ੌਜੀਆਂ ਨੂੰ ਲੋਹ-ਟੋਪ ਪਹਿਨਾਉਣ ਦੀ ਤਜਵੀਜ਼ ‘ਤੇ ਵਿਵਾਦ ਕਿਉਂ?

ਤਲਵਿੰਦਰ ਸਿੰਘ ਬੁੱਟਰ
ਹਾਲ ਹੀ ਦੌਰਾਨ ਰੱਖਿਆ ਮੰਤਰਾਲੇ ਵਲੋਂ ਭਾਰਤੀ ਫ਼ੌਜ ਦੇ ਸਿੱਖ ਜਵਾਨਾਂ ਲਈ ਵਿਸ਼ੇਸ਼ ਬਣਤਰ ਵਾਲੇ ਲੋਹ-ਟੋਪ ਖਰੀਦਣ ਦੀ ਤਜਵੀਜ਼ ਸਾਹਮਣੇ ਆਉਣ ਤੋਂ ਬਾਅਦ ਇਸ ਮੁੱਦੇ ‘ਤੇ ਤਕੜੀ ਬਹਿਸ ਛਿੜ ਗਈ ਹੈ। ਰੱਖਿਆ ਮਾਹਰਾਂ ਅਤੇ ਕੁਝ ਆਧੁਨਿਕ ਵਿਚਾਰਾਂ ਵਾਲੇ ਵਿਚਾਰਵਾਨਾਂ ਵਲੋਂ ਜਿੱਥੇ ਵਿਸ਼ੇਸ਼ ਕਿਸਮ ਦੇ ਲੋਹ-ਟੋਪ ਨੂੰ ਸਿੱਖ ਫ਼ੌਜੀਆਂ ਦੀਆਂ ਜਾਨਾਂ ਦੀ ਹਿਫ਼ਾਜ਼ਤ ਲਈ ਵਾਜਬ ਦੱਸਿਆ ਜਾ ਰਿਹਾ ਹੈ, ਉੱਥੇ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਵਲੋਂ ਸਿੱਖ ਫ਼ੌਜੀਆਂ ਨੂੰ ਲੋਹ-ਟੋਪ ਪਹਿਨਾਉਣ ਦੀ ਤਜਵੀਜ਼ ਨੂੰ ਸਿੱਖ ਪਛਾਣ ਅਤੇ ਧਾਰਮਿਕ ਆਜ਼ਾਦੀ ‘ਤੇ ਵੱਡਾ ਹਮਲਾ ਕਰਾਰ ਦਿੰਦਿਆਂ ਭਾਰਤ ਸਰਕਾਰ ਨੂੰ ਅਜਿਹੀ ਤਜਵੀਜ਼ ਨੂੰ ਮੁਢਲੇ ਪੜਾਅ ‘ਤੇ ਹੀ ਰੱਦ ਕਰਨ ਦੀ ਗੱਲ ਆਖੀ ਗਈ ਹੈ।
ਲਗਪਗ 83 ਵਰ੍ਹੇ ਪਹਿਲਾਂ ਦੂਜੀ ਸੰਸਾਰ ਜੰਗ ਵੇਲੇ ਵੀ ਬਰਤਾਨਵੀ ਫ਼ੌਜ ਦੇ 1 ਲੱਖ 12 ਹਜ਼ਾਰ ਸਿੱਖ ਫ਼ੌਜੀਆਂ ਨੂੰ ਲੋਹ-ਟੋਪ ਪਹਿਨਣ ਲਈ ਆਖਿਆ ਗਿਆ ਸੀ। ਬਰਤਾਨਵੀ ਹਕੂਮਤ ਨੇ ਸਿਰ ਵਿਚ ਗੋਲੀਆਂ ਲੱਗਣ ਕਾਰਨ ਮੌਤਾਂ ਦੀ ਬਹੁਤਾਤ ਦੇ ਖ਼ਦਸ਼ੇ ਨੂੰ ਲੈ ਕੇ ਸ਼ਹੀਦ ਫ਼ੌਜੀਆਂ ਦੇ ਆਸ਼ਰਿਤਾਂ ਨੂੰ ਪੈਨਸ਼ਨ ਦੇਣ ਤੋਂ ਬੇਵੱਸੀ ਜ਼ਾਹਰ ਕੀਤੀ ਸੀ। ਉਸ ਵੇਲੇ ਡਾ. ਗੰਡਾ ਸਿੰਘ ਵਰਗੇ ਇਤਿਹਾਸਕਾਰਾਂ ਨੇ ਖ਼ਾਲਸਾ ਸਮਾਚਾਰ ਅਖ਼ਬਾਰ ਵਿਚ ਬਹੁਤ ਸਾਰੇ ਇਤਿਹਾਸਕ ਹਵਾਲਿਆਂ ਦੇ ਲੇਖ ਲਿਖ ਕੇ ਸਿੱਖ ਫ਼ੌਜੀਆਂ ਲਈ ਜੰਗੀ ਹਾਲਾਤ ਵਿਚ ਲੋਹ-ਟੋਪ ਪਹਿਨਣ ਦੀ ਵਕਾਲਤ ਕੀਤੀ ਸੀ।
ਮਸਲਾ ਸ਼੍ਰੋਮਣੀ ਕਮੇਟੀ ਕੋਲ ਪਹੁੰਚਿਆ ਤਾਂ ਉਸ ਨੇ ਮਹਾਰਾਜਾ ਪਟਿਆਲਾ ਯਾਦਵਿੰਦਰ ਸਿੰਘ ਨੂੰ ਇਸ ਦੇ ਹੱਲ ਲਈ ਅਖ਼ਤਿਆਰ ਸੌਂਪ ਦਿੱਤੇ। ਸਿੱਖ ਫ਼ੌਜੀਆਂ ਨੇ ਹੈਲਮਟ ਪਹਿਨਣ ਤੋਂ ਇਨਕਾਰ ਕਰਦਿਆਂ ਇਹ ਲਿਖ ਕੇ ਦੇ ਦਿੱਤਾ ਸੀ ਕਿ ਜੇਕਰ ਉਨ੍ਹਾਂ ਵਿਚੋਂ ਕਿਸੇ ਦੀ ਵੀ ਮੌਤ ਸਿਰ ਵਿਚ ਗੋਲੀ ਲੱਗਣ ਨਾਲ ਹੋਵੇਗੀ ਤਾਂ ਉਨ੍ਹਾਂ ਦੇ ਪਰਿਵਾਰ ਸਰਕਾਰ ਕੋਲ ਪੈਨਸ਼ਨ ਦਾ ਦਾਅਵਾ ਨਹੀਂ ਕਰਨਗੇ। ਮਹਾਰਾਜਾ ਯਾਦਵਿੰਦਰ ਸਿੰਘ ਨੇ ਵੀ ਸਿੱਖ ਰਹਿਤ ਮਰਿਆਦਾ ਦੇ ਹਵਾਲੇ ਨਾਲ ਫ਼ੈਸਲਾ ਸੁਣਾ ਦਿੱਤਾ ਕਿ ਸਿੱਖ ਫ਼ੌਜੀ ਕਦੇ ਵੀ ਲੋਹੇ ਦੇ ਟੋਪ ਨਹੀਂ ਪਹਿਨਣਗੇ। ਇਸੇ ਆਧਾਰ ‘ਤੇ 1976 ਵਿਚ ਬਰਤਾਨਵੀ ਸੰਸਦ ਨੇ ਆਪਣੇ ਮੋਟਰਸਾਈਕਲ ਹੈਲਮਟ ਐਕਟ ਵਿਚ ਸੋਧ ਕਰਕੇ ਸਿੱਖਾਂ ਨੂੰ ਹੈਲਮਟ ਤੋਂ ਵਿਸ਼ੇਸ਼ ਛੋਟ ਦਿੱਤੀ ਸੀ। ਇਸ ਤੋਂ ਬਾਅਦ ਕੈਨੇਡਾ, ਆਸਟਰੇਲੀਆ, ਨਿਊਜ਼ੀਲੈਂਡ, ਮਲੇਸ਼ੀਆ ਅਤੇ ਸਿੰਗਾਪੁਰ ਆਦਿ ਦੇਸ਼ਾਂ ਅੰਦਰ ਵੀ ਸਿੱਖਾਂ ਨੂੰ ਲੋਹ-ਟੋਪ ਤੋਂ ਛੋਟ ਮਿਲ ਗਈ।
ਇਸ ਤੋਂ ਪਹਿਲਾਂ ਵੀ 1853 ਤੋਂ ਲੈ ਕੇ 1859 ਤੱਕ ਬ੍ਰਿਟਿਸ਼ ਇੰਡੀਆ ਦੀ ਫ਼ੌਜ ਅੰਦਰ ਸਿੱਖ ਫ਼ੌਜੀ ਮਹੱਤਵਪੂਰਨ ਹਿੱਸਾ ਰਹੇ ਸਨ। ਸਿੱਖ ਫ਼ੌਜੀਆਂ ਤੋਂ ਬਗੈਰ ਬਾਕੀ ਸਾਰੀਆਂ ਹੀ ਦੇਸੀ ਰੈਜਮੈਂਟਾਂ ਸਿਰ ‘ਤੇ ਟੋਪੀ ਪਾਉਂਦੀਆਂ ਸਨ। ਪਹਿਲੀ ਸੰਸਾਰ ਜੰਗ ਵਿਚ ਬਹੁਤ ਸਾਰੇ ਸਿੱਖ ਫ਼ੌਜੀਆਂ ਦੀਆਂ ਦਸਤਾਰਾਂ ਦੇ ਲੜਾਂ (ਪੇਚਾਂ) ਵਿਚੋਂ ਫ਼ਸੀਆਂ ਹੋਈਆਂ ਗੋਲੀਆਂ ਨਿਕਲੀਆਂ ਸਨ, ਜੋ ਉਨ੍ਹਾਂ ਦੇ ਸਿਰ ਤੱਕ ਨਹੀਂ ਪੁੱਜ ਸਕੀਆਂ ਸਨ। ਇਹੀ ਦਲੀਲ ਦੂਜੀ ਸੰਸਾਰ ਜੰਗ ਦੌਰਾਨ ਲੋਹ-ਟੋਪ ਪਾਉਣ ਤੋਂ ਇਨਕਾਰ ਕਰਦਿਆਂ ਸਿੱਖ ਫ਼ੌਜੀਆਂ ਅਤੇ ਉਨ੍ਹਾਂ ਦੀ ਹਮਾਇਤ ‘ਚ ਆਏ ਸਿੱਖ ਵਿਦਵਾਨਾਂ ਨੇ ਦਿੱਤੀ ਸੀ ਕਿ ਸਿੱਖ ਫ਼ੌਜੀਆਂ ਦੇ ਸਿਰ ਦੀ ਰੱਖਿਆ ਲਈ ਦਸਤਾਰਾਂ ਕਾਫ਼ੀ ਹਨ। ਸਿੱਖ ਫ਼ੌਜੀਆਂ ਦੇ ਹੱਕ ‘ਚ ਭਾਈ ਸਾਹਿਬ ਭਾਈ ਰਣਧੀਰ ਸਿੰਘ ਨੇ ਸਿਧਾਂਤਕ ਤੌਰ ‘ਤੇ ਬੜੀ ਪ੍ਰਭਾਵਸ਼ਾਲੀ ਲਿਖਤ ਲਿਖਦਿਆਂ ਜਿੱਥੇ ਸਿੱਖ ਫ਼ੌਜੀਆਂ ਨੂੰ ਜੰਗੀ ਹਾਲਾਤ ‘ਚ ਹੈਲਮਟ ਪਾਉਣ ਦੀ ਹਮਾਇਤ ਕਰਨ ਵਾਲੇ ਨਵੀਨ ਇਤਿਹਾਸਕਾਰਾਂ ਦਾ ਵਿਰੋਧ ਕੀਤਾ ਸੀ ਉੱਥੇ ਸਿੱਖ ਰਹਿਤ ਮਰਿਆਦਾ ਅਤੇ ਗੁਰਮਤਿ ਸਿਧਾਂਤ ਅਨੁਸਾਰ ਸਿੱਖ ਲਈ ਲੋਹ-ਟੋਪ ਪਾਉਣ ਦੀ ਜ਼ਬਰਦਸਤ ਖਿਲਾਫ਼ਤ ਕਰਦਿਆਂ ਕਿਹਾ ਸੀ ਕਿ ਸਿੱਖ ਦੇ ਸਿੱਦਕ ਤੇ ਧਰਮ ਦੀ ਪਰਖ ਹੀ ਬਿਪਤਾ ਵੇਲੇ ਹੁੰਦੀ ਹੈ।
ਬੁਨਿਆਦੀ ਰੂਪ ਵਿਚ ਸਿੱਖ ਪਰੰਪਰਾ ਅੰਦਰ ਸਿੱਖ ਦੀ ਰਹਿਤ ਸਬੰਧੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹਜ਼ੂਰੀ ਗੁਰਸਿੱਖਾਂ ਵਲੋਂ ਸਤਿਗੁਰਾਂ ਦੀ ਆਗਿਆ ਨਾਲ ਲਿਖੇ ਗਏ ਰਹਿਤਨਾਮਿਆਂ ਵਿਚ ‘ਟੋਪੀ’ ਪਹਿਨਣ ਨੂੰ ਵੱਡਾ ਘ੍ਰਿਣਿਤ ਕਰਮ ਮੰਨਦਿਆਂ ਇਉਂ ਕਿਹਾ ਗਿਆ ਹੈ:
‘ਹੋਇ ਸਿਖ ਸਿਰ ਟੋਪੀ ਧਰੈ। ਸਾਤ ਜਨਮ ਕੁਸ਼ਟੀ ਹੁਇ ਮਰੈ।’ (ਰਹਿਤਨਾਮਾ ਭਾਈ ਪ੍ਰਹਿਲਾਦ ਸਿੰਘ)
ਰਹਿਤਨਾਮਿਆਂ ਨੂੰ ਸੰਪਾਦਿਤ ਕਰਨ ਵਾਲੇ ਸਿੱਖ ਵਿਦਵਾਨ ਪ੍ਰੋ. ਪਿਆਰਾ ਸਿੰਘ ਪਦਮ ਲਿਖਦੇ ਹਨ, ‘ਇਸ ਦਾ ਭਾਵ ਹਰਗਿਜ਼ ਇਹ ਨਹੀਂ ਕਿ ਹਰ ਟੋਪੀ ਪਾਉਣ ਵਾਲਾ ਦੁਖ ਭੋਗਦਾ ਹੈ। ਤਾਤਪ੍ਰਯ ਇਤਨਾ ਹੈ ਕਿ ਜੇ ਕੋਈ ਸਿਖ ਹੋ ਕੇ ਟੋਪੀ ਪਾਉਂਦਾ ਹੈ ਤਾਂ ਉਹ ਜ਼ਰੂਰ ਧਰਮ ਤੋਂ ਪਤਿਤ ਹੁੰਦਾ ਹੈ ਤੇ ਕੋੜ੍ਹੀ ਦਾ ਜੀਵਨ ਜੀਉਂਦਾ ਹੈ।’ ਪ੍ਰੋ. ਆਸਾ ਸਿੰਘ ਘੁੰਮਣ ‘ਦਾਸਤਾਨ-ਏ-ਦਸਤਾਰ’ ਵਿਚ ਲਿਖਦੇ ਹਨ ਕਿ, ਟੋਪੀ ਦੇ ਖਿਲਾਫ਼ ਏਨੀਆਂ ਜ਼ਬਰਦਸਤ ਭਾਵਨਾਵਾਂ ਦਾ ਅਰਥ ਇਹੀ ਸੀ ਕਿ ਨਵੇਂ ਕੇਸਾਧਾਰੀ ਪੰਥ ਦੀ ਹਸਤੀ ਨੂੰ ਬ੍ਰਾਹਮਣਵਾਦ ਅਤੇ ਤੁਰਕਵਾਦ ਤੋਂ ਬਚਾਇਆ ਜਾਏ ਅਤੇ ਟੋਪੀ ਨਾਲ ਨਫ਼ਰਤ ਕਰਾਉਣ ਦਾ ਅਰਥ ਸੀ ਕਿ ਹਿੰਦੂ ਧਰਮ ਵਿਚਲੀ ਡਰਪੋਕਤਾ ਤੋਂ ਉੱਪਰ ਉੱਠਣਾ। ਕਿਉਂਕਿ ਇਹ ਕੌਮ ਮੁਸਲਮਾਨਾਂ ਦੇ ਜ਼ੁਲਮਾਂ ਅੱਗੇ ਗੋਡੇ ਟੇਕ ਕੇ ਆਪਣਾ ਦੀਨ-ਈਮਾਨ ਛੱਡ ਚੁੱਕੀ ਸੀ।
ਗੁਰੂ ਸਾਹਿਬਾਨ ਵੇਲੇ ਜੰਗਾਂ-ਯੁੱਧਾਂ ਵਿਚ ਕਿਤੇ ਵੀ ਲੋਹ-ਟੋਪ ਪਾਉਣ ਦੀ ਪੁਸ਼ਟ ਝਲਕ ਨਹੀਂ ਮਿਲਦੀ। ਬਲਕਿ ਆਪਣੀ ਜਾਨ-ਪ੍ਰਾਣ ਦੇ ਰੱਖਿਅਕ ਅਕਾਲ ਪੁਰਖ ਨੂੰ ਮੰਨਦਿਆਂ ਸੀਸ ‘ਤੇ ਦੁਮਾਲੇ ਅਤੇ ਚੱਕਰ ਸਜਾ ਕੇ ਹੀ ਗੁਰੂ ਸਾਹਿਬਾਨ ਅਤੇ ਸਿੱਖ ਸਿਪਾਹੀ ਲੜਦੇ ਰਹੇ। ਜਦਕਿ ਦੂਜੇ ਪਾਸੇ ਉਸ ਵੇਲੇ ਮੁਗ਼ਲ ਲੜਾਕੇ ਲੋਹ-ਟੋਪ ਅਤੇ ਸੰਜੋਆਂ ਪਹਿਨਣ ਦੇ ਬਾਵਜੂਦ ਸਿੱਖਾਂ ਹੱਥੋਂ ਮੈਦਾਨ-ਏ-ਜੰਗ ਵਿਚ ਫ਼ੌਤ ਹੁੰਦੇ ਰਹੇ। ਚਮਕੌਰ ਦੀ ਜੰਗ ‘ਚ ਅਹਿਮ ਉਦਾਹਰਣ ਮਿਲਦੀ ਹੈ ਕਿ ਸੰਜੋਅ ਨਾਲ ਤਨ ਢੱਕੇ ਇਕ ਮੁਗ਼ਲ ਸਰਦਾਰ ਦੇ ਸੀਨੇ ਵਿਚ ਸ਼ਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਏਨੇ ਬਲ ਤੇ ਵਿਸ਼ਵਾਸ ਦੇ ਨਾਲ ਨੇਜ਼ਾ ਮਾਰਿਆ ਕਿ ਉਹ ਲੋਹੇ ਦੇ ਸੰਗਲਾਂ ਵਾਲੀ ਸੰਜੋਅ ਨੂੰ ਕੱਟ ਕੇ ਪਠਾਨ ਸਿਪਾਹਸਲਾਰ ਦੇ ਸੀਨੇ ਦੇ ਆਰ-ਪਾਰ ਹੋ ਗਈ। ਇਤਿਹਾਸ ‘ਚ ਜ਼ਿਕਰ ਮਿਲਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਸਾਰੀ ਉਮਰ ਆਪਣੇ ਸਿਰ ‘ਤੇ ਇਸ ਕਰਕੇ ਬਾਦਸ਼ਾਹੀ ਤਾਜ ਨਹੀਂ ਪਹਿਨਿਆ ਕਿ ਉਸ ਦੇ ਨਾਲ ਗੁਰੂ ਸਾਹਿਬਾਨ ਵਲੋਂ ਬਖ਼ਸ਼ੀ ਹੋਈ ਦਸਤਾਰ ਦੀ ਸ਼ਾਨ ਨੂੰ ਠੇਸ ਪੁੱਜਦੀ ਹੈ। ਜੰਗ-ਏ-ਆਜ਼ਾਦੀ ਦੌਰਾਨ ਜਦੋਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਨੂੰ ਅੰਗਰੇਜ਼ ਹਕੂਮਤ ਦੇ ਖ਼ਿਲਾਫ਼ ਵਿਦਰੋਹ ਦੇ ਦੋਸ਼ ‘ਚ ਉਮਰ ਕੈਦ ਹੋਈ ਤਾਂ ਮੁਲਤਾਨ ਜੇਲ੍ਹ ‘ਚ ਉਨ੍ਹਾਂ ਨੂੰ ਕੈਦੀਆਂ ਵਾਲੀ ਵਰਦੀ ਸਮੇਤ ਟੋਪੀ ਪਹਿਨਣ ਲਈ ਕਿਹਾ ਗਿਆ। ਭਾਈ ਸਾਹਿਬ ਨੇ ਇਸ ਨਾਦਰਸ਼ਾਹੀ ਫ਼ੁਰਮਾਨ ਦੇ ਖ਼ਿਲਾਫ਼ 40 ਦਿਨ ਕੜਾਕੇ ਦੀ ਭੁੱਖ ਹੜਤਾਲ (ਪਾਣੀ ਤੱਕ ਮੂੰਹ ਨੂੰ ਨਹੀਂ ਲਾਇਆ) ਰੱਖ ਕੇ ਆਪਣੇ ਸਿੱਦਕ ਅਤੇ ਸਿਰੜ ਦੇ ਅੱਗੇ ਜੇਲ੍ਹ ਪ੍ਰਸ਼ਾਸਨ ਨੂੰ ਝੁਕਣ ਲਈ ਮਜਬੂਰ ਕਰ ਦਿੱਤਾ।
ਆਜ਼ਾਦ ਭਾਰਤ ਅੰਦਰ ਫ਼ੌਜ ਦੀਆਂ ਸਿੱਖ ਰੈਜੀਮੈਂਟਾਂ ਵਿਚ ਸਿੱਖ ਰਹਿਤ ਦਾ ਨਾ-ਸਿਰਫ਼ ਖ਼ਿਆਲ ਹੀ ਰੱਖਿਆ ਜਾਂਦਾ ਹੈ ਸਗੋਂ ਸਿੱਖ ਫ਼ੌਜੀਆਂ ਨੂੰ ਉਸ ਦੀ ਸਖ਼ਤੀ ਨਾਲ ਪਾਲਣਾ ਵੀ ਕਰਵਾਈ ਜਾਂਦੀ ਹੈ। ਸਿੱਖ ਫ਼ੌਜੀਆਂ ਨੇ ਵੀ 1948, 1962, 1965, 1971 ਅਤੇ 1999 ਦੀ ਕਾਰਗਿਲ ਜੰਗ ਦੌਰਾਨ ਸਿੱਖੀ ਜਜ਼ਬੇ ਅਤੇ ਰੂਹਾਨੀ ਭਰੋਸੇ ਦੇ ਨਾਲ ਬਗੈਰ ਲੋਹ-ਟੋਪ ਤੋਂ ਅਹਿਮ ਭੂਮਿਕਾ ਨਿਭਾਈ। ਕਸ਼ਮੀਰ ਦੀ ਬਗਾਵਤ ਦੌਰਾਨ ਜਦੋਂ ਫ਼ੌਜ ਅਤੇ ਕਸ਼ਮੀਰੀ ਲੜਾਕਿਆਂ ਦੇ ਆਹਮੋ-ਸਾਹਮਣੇ ਮੁਕਾਬਲੇ ਹੋਣ ਲੱਗੇ ਤਾਂ 1990 ਦੌਰਾਨ ਸਿੱਖ ਫ਼ੌਜੀਆਂ ਨੂੰ ਦਸਤਾਰਾਂ ਤੋਂ ਹੇਠਾਂ ਪਹਿਨਣ ਲਈ ਬੁਲਟ ਪਰੂਫ਼ ਪਟਕੇ ਜ਼ਰੂਰ ਪਹਿਨਾਏ ਜਾਣ ਲੱਗੇ ਪਰ ਉਨ੍ਹਾਂ ਦੇ ਨਾਲ ਦਸਤਾਰ ਦੀ ਸ਼ਾਨ ਅਤੇ ਮਰਿਆਦਾ ਵਿਚ ਕੋਈ ਫ਼ਰਕ ਨਹੀਂ ਪੈਂਦਾ।
ਕਾਰਗਿਲ ਜੰਗ ਦੇ ਜੇਤੂ ਸੇਵਾ-ਮੁਕਤ ਬ੍ਰਿਗੇਡੀਅਰ ਐਮ.ਪੀ.ਐੱਸ. ਬਾਜਵਾ ਦੱਸਦੇ ਹਨ ਕਿ ਜੰਗ ਦੇ ਮੈਦਾਨ ਵਿਚ ਸਿੱਖ ਫ਼ੌਜੀਆਂ ਨੂੰ ਉਨ੍ਹਾਂ ਦੇ ਅੰਦਰਲਾ ਸਿੱਖੀ ਦਾ ਜਜ਼ਬਾ ਅਤੇ ਦਸਤਾਰ ਦਾ ਸਵੈਮਾਣ ਹੀ ਦੂਜੇ ਫ਼ੌਜੀਆਂ ਤੋਂ ਨਿਆਰਾਪਨ ਦਿੰਦਾ ਹੈ ਪਰ ਜਦੋਂ ਸਿੱਖ ਫ਼ੌਜੀਆਂ ਨੂੰ ਵੀ ਲੋਹ-ਟੋਪ ਦੇ ਦਿੱਤਾ ਗਿਆ ਤਾਂ ਇਸ ਦੇ ਨਾਲ ਸਿੱਖ ਫ਼ੌਜੀਆਂ ਅੰਦਰ ਲੜਣ ਦਾ ਵਿਰਾਸਤੀ ਜਜ਼ਬਾ ਨਹੀਂ ਰਹੇਗਾ। ਉਹ ਦੱਸਦੇ ਹਨ ਕਿ ਉਨ੍ਹਾਂ 1999 ਵਿਚ 8-ਸਿੱਖ ਰੈਜੀਮੈਂਟ ਦੇ ਕੇਵਲ 50 ਫ਼ੌਜੀਆਂ ਦੇ ਨਾਲ ਹੀ ‘ਟਾਈਗਰ ਹਿੱਲ’ ਉੱਪਰ ਜਿੱਤ ਪ੍ਰਾਪਤ ਕਰ ਲਈ ਸੀ, ਜਿਸ ਤੋਂ ਬਾਅਦ ਪਾਕਿਸਤਾਨੀ ਫ਼ੌਜ ਦੇ ਜਰਨੈਲ ਦਾ ਇਕ ਬਿਆਨ ਆਇਆ ਸੀ ਕਿ, ਜਿਸ ਵੇਲੇ ਅਸੀਂ ਟਾਈਗਰ ਹਿੱਲ ‘ਤੇ ਪੱਗਾਂ ਵਾਲੇ ਸਿੱਖ ਫ਼ੌਜੀਆਂ ਨੂੰ ਜੈਕਾਰੇ ਲਾਉਂਦੇ ਵੇਖਿਆ ਤਾਂ ਸਾਡਾ ਹੌਂਸਲਾ ਉਸੇ ਵੇਲੇ ਹੀ ਪਸਤ ਹੋ ਗਿਆ ਸੀ।
ਸੋ, ਬੁਨਿਆਦੀ ਰੂਪ ਵਿਚ ਲੱਗਦਾ ਹੈ ਕਿ ਸਿੱਖ ਫ਼ੌਜੀਆਂ ਨੂੰ ਲੋਹ-ਟੋਪ ਪਹਿਨਾਉਣ ਦਾ ਮਸਲਾ ਪਛਾਣ ਅਤੇ ਸਿੱਖੀ ਗੌਰਵ ਦੇ ਨਾਲ-ਨਾਲ ਦੇਸ਼ ਸੇਵਾ ‘ਚ ਸਮਾਨਤਾ ਦੇ ਮੌਕਿਆਂ ‘ਤੇ ਵੀ ਸਵਾਲ ਖੜ੍ਹੇ ਕਰੇਗਾ, ਕਿਉਂਕਿ ਜੇਕਰ ਕੋਈ ਸਿੱਖੀ ਰਹਿਤ ਵਿਚ ਪ੍ਰਪੱਕ ਸਿੱਖ ਜਵਾਨ ਫ਼ੌਜ ਰਾਹੀਂ ਦੇਸ਼ ਦੀ ਸੇਵਾ ਕਰਨਾ ਚਾਹੇਗਾ ਤਾਂ ਲਿਹਾਜ਼ਾ ਉਸ ਤੇ ਅੱਗੇ ਦੇਸ਼ ਸੇਵਾ ਜਾਂ ਧਰਮ, ਦੋਵਾਂ ਵਿਚੋਂ ਇਕ ਚੁਣਨ ਦਾ ਸੰਕਟ ਵੀ ਜ਼ਰੂਰ ਖੜ੍ਹਾ ਹੋਵੇਗਾ। ਜੋ ਵੀ ਹੋਵੇ, ਇਸ ਮਸਲੇ ‘ਤੇ ਸਿਹਤਮੰਦ ਵਿਚਾਰ-ਚਰਚਾ ਦੁਆਰਾ ਸੁਖਾਵਾਂ ਹੱਲ ਹੋਣਾ ਚਾਹੀਦਾ ਹੈ।

Check Also

ਪ੍ਰੇਮ ਦੀ ਖੇਡ

ਤਲਵਿੰਦਰ ਸਿੰਘ ਬੁੱਟਰ ਪ੍ਰੇਮ ਕੋਈ ਲੌਕਿਕ ਖੇਡ ਨਹੀਂ ਹੈ। ਇਹ ਅਲੌਕਿਕ ਅਤੇ ਵਿਸਮਾਦੀ ਚੇਤਨਾ ਦਾ …