Breaking News
Home / ਮੁੱਖ ਲੇਖ / ਸਿਆਸੀ ਪੱਖ ਤੋਂ ਵੱਡੇ ਅਰਥ ਰੱਖਦੀ ਹੈ ਸ਼੍ਰੋਮਣੀ ਕਮੇਟੀ ਦੀ ਨਵੀਂ ਕਾਰਜਕਾਰਨੀ ਦੀ ਹੋਈ ਚੋਣ

ਸਿਆਸੀ ਪੱਖ ਤੋਂ ਵੱਡੇ ਅਰਥ ਰੱਖਦੀ ਹੈ ਸ਼੍ਰੋਮਣੀ ਕਮੇਟੀ ਦੀ ਨਵੀਂ ਕਾਰਜਕਾਰਨੀ ਦੀ ਹੋਈ ਚੋਣ

ਤਲਵਿੰਦਰ ਸਿੰਘ ਬੁੱਟਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਲਾਨਾ ਚੋਣ ਇਜਲਾਸ ਵਿਚ ਸੋਮਵਾਰ ਨੂੰ ਹੋਈ ਕਾਰਜਕਾਰਨੀ ਕਮੇਟੀ ਦੀ ਚੋਣ ਪੰਥਕ ਤੇ ਸਿਆਸੀ ਪੱਖ ਤੋਂ ਵੱਡੀ ਅਹਿਮੀਅਤ ਰੱਖਦੀ ਹੈ। ਜਿੱਥੇ ਇਸ ਵਾਰ ਦੀ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਨਵੇਂ ਸਾਲ ਦੇ ਫਰਵਰੀ ਵਿਚ ਹੋਣ ਵਾਲੀਆਂ ਸੂਬਾਈ ਚੋਣਾਂ ਕਰਕੇ ਮਹੱਤਵਪੂਰਨ ਹੈ ਉੱਥੇ ਵਿਧਾਨ ਸਭਾ ਚੋਣਾਂ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਹੋਣ ਦੀ ਸੰਭਾਵਨਾ ਨੂੰ ਲੈ ਕੇ ਵੀ ਵਿਸ਼ੇਸ਼ ਮਹੱਤਤਾ ਦੀ ਧਾਰਨਾ ਰੱਖਦੀ ਹੈ। ਹਾਲਾਂਕਿ ਸ਼੍ਰੋਮਣੀ ਕਮੇਟੀ ਇਕ ਨਿਰੋਲ ਧਾਰਮਿਕ ਸੰਸਥਾ ਹੈ ਪਰ ਇਸ ਸੰਸਥਾ ਦਾ ਸ਼ੁਰੂ ਤੋਂ ਪੰਜਾਬ ਦੀ ਸਿਆਸਤ ‘ਤੇ ਵੀ ਵੱਡਾ ਪ੍ਰਭਾਵ ਰਿਹਾ ਹੈ। ਇਸ ਕਰਕੇ ਇਸ ਵਾਰ ਪ੍ਰਧਾਨ ਸਮੇਤ ਸ਼੍ਰੋਮਣੀ ਕਮੇਟੀ ਦੀ ਸਮੁੱਚੀ ਕਾਰਜਕਾਰਨੀ ਕਮੇਟੀ ਦੀ ਚੋਣ ਸ਼੍ਰੋਮਣੀ ਅਕਾਲੀ ਦਲ ਦੀ ਆਗਾਮੀ ਵਿਧਾਨ ਸਭਾ ਚੋਣਾਂ ਦੀ ਵਿਉਂਤਬੰਦੀ ਦੇ ਪ੍ਰਭਾਵ ਤੋਂ ਬਾਹਰ ਨਹੀਂ ਰਹੀ। ਜਿਸ ਤਰੀਕੇ ਨਾਲ ਪਿਛਲੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੇ ਪੰਥਕ ਕੇਡਰ ਦੇ ਬੇਦਾਵੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸ਼੍ਰੋਮਣੀ ਕਮੇਟੀ ਦੀ ਕਾਰਗੁਜ਼ਾਰੀ ਵਿਚ ਪਾਰਦਰਸ਼ਤਾ ਅਤੇ ਭਰੋਸੇਯੋਗਤਾ ਨੂੰ ਲੈ ਕੇ ਪੰਥ ਵਿਚ ਉਦਾਸੀਨਤਾ ਪਾਈ ਜਾ ਰਹੀ ਹੈ, ਉਸ ਨੂੰ ਦੂਰ ਕਰਕੇ ਮੁੜ ਪੰਥਕ ਜਾਹੋ-ਜਲਾਲ ਹਾਸਲ ਕਰਨ ਦੇ ਪੈਂਤੜੇ ਵਜੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ ਹੈ। ਧਾਮੀ ਇਕ ਪੰਥਪ੍ਰਸਤ, ਸਮਰਪਿਤ, ਇਮਾਨਦਾਰ ਅਤੇ ਬੇਦਾਗ ਸ਼ਖ਼ਸੀਅਤ ਮੰਨੇ ਜਾਂਦੇ ਹਨ। ਉਹ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਦੇ ਵਾਹਵਾ ਨਜ਼ਦੀਕੀ ਸਮਝੇ ਜਾਂਦੇ ਹਨ ਅਤੇ ਦੁਆਬਾ ਦੇ ਹੁਸ਼ਿਆਰਪੁਰ ਖੇਤਰ ਵਿਚ ਵਧੀਆ ਜਨਤਕ ਆਧਾਰ ਰੱਖਦੇ ਹਨ। ਹਾਲਾਂਕਿ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਧਾਮੀ ਆਪਣੀ ਕੀਤੀ ਚੋਣ ਨੂੰ ਸਾਰਥਿਕ ਬਣਾਉਣ ਵਿਚ ਕਿੱਥੋਂ ਤੱਕ ਸਫਲ ਹੁੰਦੇ ਹਨ, ਪਰ ਉਨ੍ਹਾਂ ਦੀ ਚੋਣ ਨਾਲ ਅਕਾਲੀ ਦਲ ਨੇ ਜਿੱਥੇ ਸੰਤ ਸਮਾਜ ਦਾ ਭਰੋਸਾ ਕਾਇਮ ਰੱਖਣ ਵਿਚ ਸਫਲਤਾ ਹਾਸਲ ਕੀਤੀ ਹੈ, ਉੱਥੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਅਹੁਦੇ ਪ੍ਰਤੀ ਪੰਥਕ ਧਿਰਾਂ ਦੇ ਵਿਰੋਧ ਨੂੰ ਕਾਫੀ ਹੱਦ ਤੱਕ ਬੇਅਸਰ ਕਰਨ ਵਿਚ ਵੀ ਕਾਮਯਾਬੀ ਹਾਸਲ ਕੀਤੀ ਹੈ। ਇਸਦੀ ਮਿਸਾਲ ਹੈ ਕਿ ਕਈ ਗਰਮ-ਖਿਆਲੀ ਕਾਰਕੁੰਨਾਂ ਨੇ ਵੀ ਫੇਸਬੁਕ ‘ਤੇ ਧਾਮੀ ਦੀ ਨਿਯੁਕਤੀ ‘ਤੇ ਖ਼ੁਸ਼ੀ ਜਤਾਉਂਦਿਆਂ ਉਨ੍ਹਾਂ ਤੋਂ ਪੰਥ ਦੇ ਭਲੇ ਲਈ ਕਾਫ਼ੀ ਆਸਾਂ-ਉਮੀਦਾਂ ਦਾ ਪ੍ਰਗਟਾਵਾ ਕੀਤਾ ਹੈ। ਆਗਾਮੀ ਚੋਣਾਂ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਅਕਾਲੀ ਦਲ ਦੇ ਹੱਕ ‘ਚ ਸਿੱਖ ਵੋਟਾਂ ਜੁਟਾਉਣ ਵਿਚ ਅਹਿਮ ਭੂਮਿਕਾ ਰਹੇਗੀ।
ਇਸੇ ਤਰ੍ਹਾਂ ਸੀਨੀਅਰ ਮੀਤ ਪ੍ਰਧਾਨ ਵਜੋਂ ਰਘੂਜੀਤ ਸਿੰਘ ਵਿਰਕ ਦੀ ਵਾਪਸੀ, ਹਰਿਆਣਾ ਵਿਚ ਅਕਾਲੀ ਦਲ ਦੇ ਕੇਡਰ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਵਜੋਂ ਵੇਖੀ ਜਾ ਰਹੀ ਹੈ। ਰਘੂਜੀਤ ਸਿੰਘ ਵਿਰਕ ਪਹਿਲਾਂ ਵੀ ਕਈ ਵਾਰ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਹਿ ਚੁੱਕੇ ਸਨ। ਉਹ ਬਾਦਲ ਪਰਿਵਾਰ ਦੇ ਬੇਹੱਦ ਕਰੀਬੀ ਹੋਣ ਦੇ ਨਾਲ-ਨਾਲ ਹਰਿਆਣਾ ਵਿਚ ਅਕਾਲੀ ਦਲ ਦੀ ਤਾਕਤ ਦੇ ਸਰੋਤ ਮੰਨੇ ਜਾਂਦੇ ਹਨ। ਜੂਨੀਅਰ ਮੀਤ ਪ੍ਰਧਾਨ ਵਜੋਂ ਪ੍ਰਿੰਸੀਪਲ ਸੁਰਿੰਦਰ ਸਿੰਘ ਦੀ ਚੋਣ ਜਿੱਥੇ ਪੱਛੜੀਆਂ ਸ਼੍ਰੇਣੀਆਂ ਦਾ ਵਿਸ਼ਵਾਸ ਕਾਇਮ ਰੱਖਣ ਦੀ ਇਕ ਰਵਾਇਤੀ ਕੋਸ਼ਿਸ਼ ਹੈ, ਉੱਥੇ ਮਿਸ਼ਨਰੀ ਸਿੱਖਾਂ ਨੂੰ ਅਕਾਲੀ ਦਲ ਦੇ ਨੇੜੇ ਲਿਆਉਣ ਦੀ ਇੱਛਾ-ਸ਼ਕਤੀ ਦਾ ਇਕ ਹਿੱਸਾ ਹੈ। ਹਾਲਾਂਕਿ ਪਿਛਲੇ ਸਮੇਂ ਤੋਂ ਮਿਸ਼ਨਰੀ ਧਿਰਾਂ ਨੂੰ ਸਿੱਖਾਂ ਦੀ ਮੁੱਖ ਧਾਰਾ ਤੋਂ ਥੋੜ੍ਹਾ ਜਿਹਾ ਵੱਖ ਕਰਕੇ ਵੇਖਿਆ ਜਾਂਦਾ ਰਿਹਾ ਹੈ ਅਤੇ ਆਮ ਤੌਰ ‘ਤੇ ਇਸ ਜਮਾਤ ਨੂੰ ਅਕਾਲੀ ਦਲ ਦੀ ਵਿਰੋਧੀ ਸਮਝਿਆ ਜਾਂਦਾ ਰਿਹਾ ਹੈ। ਇਸ ਪ੍ਰਭਾਵ ਦਾ ਇਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਸੰਤ ਸਮਾਜ ਜੋ ਕਿ ਮਿਸ਼ਨਰੀ ਵਿਚਾਰਧਾਰਾ ਦੇ ਉਲਟ ਹੈ, ਉਸ ਦਾ ਅਕਾਲੀ ਦਲ ਵਿਚ ਚੰਗਾ ਰਸੂਖ ਰਿਹਾ ਹੈ। ਮਿਸ਼ਨਰੀ ਸਿੱਖਾਂ ਨੂੰ ਕਦੇ ਵੀ ਅਕਾਲੀ ਦਲ ਦੇ ਨੇੜੇ ਲਿਆਉਣ ਦੀ ਕੋਈ ਵੱਡੀ ਕੋਸ਼ਿਸ਼ ਨਹੀਂ ਕੀਤੀ ਗਈ ਅਤੇ ਨਾ ਹੀ ਕਦੇ ਮਿਸ਼ਨਰੀ ਧੜਾ ਸਿਆਸੀ ਜਾਵੀਏ ਤੋਂ ਅਕਾਲੀ ਦਲ ਨੂੰ ਆਪਣੀ ਅਹਿਮੀਅਤ ਅਤੇ ਲੋੜ ਹੀ ਦਰਸਾ ਸਕਿਆ। ਪਰ ਬੀਬੀ ਜਗੀਰ ਕੌਰ ਨੇ ਪਿਛਲੇ ਮਹੀਨਿਆਂ ਦੌਰਾਨ ਅੰਮ੍ਰਿਤਸਰ ਵਿਚ ਮਿਸ਼ਨਰੀ ਸਿੱਖਾਂ ਦਾ ਇਕ ਸੰਮੇਲਨ ਕਰਵਾ ਕੇ ਜਿੱਥੇ ਅਕਾਲੀ ਦਲ ਅੱਗੇ ਮਿਸ਼ਨਰੀ ਸਿੱਖਾਂ ਦੀ ਸਿਆਸੀ ਵੁੱਕਤ ਖੜ੍ਹੀ ਕੀਤੀ, ਉੱਥੇ ਹੀ ਮਿਸ਼ਨਰੀਆਂ ਨੂੰ ਵੀ ਇਕ ਆਸ ਦੀ ਕਿਰਨ ਦਿਖਾਈ ਸੀ। ਬੀਬੀ ਜਗੀਰ ਕੌਰ ਨੂੰ ਪ੍ਰਧਾਨਗੀ ਅਹੁਦੇ ਤੋਂ ਲਾਂਭੇ ਕਰਨ ਦੇ ਕਾਰਨ ਭਾਵੇਂ ਕੋਈ ਵੀ ਹੋਣ, ਪਰ ਅਕਾਲੀ ਦਲ ਨੂੰ ਇਸ ਦੇ ਕਾਰਨ ਮਿਸ਼ਨਰੀਆਂ ਦੇ ਵਿਰੋਧ ਦਾ ਖ਼ਦਸ਼ਾ ਸੀ, ਜਿਸ ਦੇ ਮੱਦੇਨਜ਼ਰ ਸਿੱਖ ਮਿਸ਼ਨਰੀ ਕਾਲਜ ਦੇ ਵਿਦਵਾਨ ਪ੍ਰਿੰਸੀਪਲ ਸੁਰਿੰਦਰ ਸਿੰਘ ਨੂੰ ਜੂਨੀਅਰ ਮੀਤ ਪ੍ਰਧਾਨ ਬਣਾ ਕੇ ਮਿਸ਼ਨਰੀ ਸਿੱਖਾਂ ਨੂੰ ਵੀ ਅਕਾਲੀ ਦਲ ਦੇ ਨੇੜੇ ਲਿਆ ਕੇ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਆਪਣੇ ਵੋਟ ਬੈਂਕ ਵਿਚ ਤਬਦੀਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜਨਰਲ ਸਕੱਤਰ ਵਜੋਂ ਕਰਨੈਲ ਸਿੰਘ ਪੰਜੌਲੀ ਦੀ ਚੋਣ ਟੌਹੜਾ ਧੜੇ ਨੂੰ ਨਾਲ ਲੈ ਕੇ ਚੱਲਣ ਅਤੇ ਸੰਘਰਸ਼ਸ਼ੀਲ ਰਹੇ ਸਿੱਖਾਂ ਦਾ ਵਿਸ਼ਵਾਸ ਜਿੱਤਣ ਦਾ ਪੈਂਤੜਾ ਮੰਨਿਆ ਜਾ ਰਿਹਾ ਹੈ। ਪੰਜੌਲੀ ਜਿੱਥੇ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਬੇਹੱਦ ਨਜ਼ਦੀਕ ਰਹੇ ਹਨ, ਉੱਥੇ ਸਿੱਖ ਸੰਘਰਸ਼ ਵੇਲੇ ਵੀ ਸਰਗਰਮ ਰਹੇ ਹਨ। ਹੁਣ ਵੀ ਉਨ੍ਹਾਂ ਨੂੰ ਅਕਾਲੀ ਦਲ ਦੇ ਨਾਲ ਰਹਿ ਕੇ ਬੇਬਾਕ ਬੋਲਣ ਕਰਕੇ ਵੱਖਰੀ ਤਰ੍ਹਾਂ ਵੇਖਿਆ ਜਾਂਦਾ ਹੈ।
ਇਸੇ ਤਰ੍ਹਾਂ ਗਿਆਰਾਂ ਮੈਂਬਰੀ ਕਾਰਜਕਾਰਨੀ ਵਿਚ ਗੁਰਿੰਦਰਪਾਲ ਸਿੰਘ ਗੋਰਾ ਕਾਦੀਆਂ ਨੂੰ ਗੁਰਦਾਸਪੁਰ ਜ਼ਿਲ੍ਹੇ ਵਿਚ ਅਕਾਲੀ ਦਲ ਦੀ ਪਕੜ ਮਜ਼ਬੂਤ ਕਰਨ, ਬਲਵਿੰਦਰ ਸਿੰਘ ਵੇਈਂਪੂਈਂ ਨੂੰ ਬਾਗੀ ਹੋਏ ਬ੍ਰਹਮਪੁਰਾ ਦੇ ਗੜ੍ਹ ਖਡੂਰ ਸਾਹਿਬ ਖੇਤਰ ਵਿਚ ਅਕਾਲੀ ਦਲ ਦੇ ਕੇਡਰ ਨੂੰ ਉਤਸ਼ਾਹਿਤ ਕਰਨ ਅਤੇ ਸੁਰਜੀਤ ਸਿੰਘ ਗੜ੍ਹੀ ਨੂੰ ਰਾਜਪੁਰਾ, ਪਟਿਆਲਾ ਅਤੇ ਡੇਰਾਬਸੀ ਖੇਤਰ ਵਿਚ ਵੱਡੀ ਗਿਣਤੀ ਰੱਖਦੇ ਰਾਜਪੂਤ ਸਿੱਖਾਂ ਨੂੰ ਨੇੜੇ ਲਿਆਉਣ ਦੀਆਂ ਕੋਸ਼ਿਸ਼ ਵਜੋਂ ਵੇਖਿਆ ਜਾ ਰਿਹਾ ਹੈ।
ਸੁਰਜੀਤ ਸਿੰਘ ਕੰਗ ਗੰਗਾਨਗਰ ਤੋਂ ਹੋਣ ਕਾਰਨ ਰਾਜਸਥਾਨ ਵਿਚ ਸਿੱਖ ਭਾਈਚਾਰੇ ਵਿਚ ਵੱਡਾ ਪ੍ਰਭਾਵ ਰੱਖਦੇ ਹਨ। ਉਹ ਤਿੰਨ ਸਾਲ ਪਹਿਲਾਂ ਵੀ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੇਲੇ ਕਾਰਜਕਾਰਨੀ ਦੇ ਇਕ ਵਰ੍ਹੇ ਮੈਂਬਰ ਰਹਿ ਚੁੱਕੇ ਹਨ। ਉਨ੍ਹਾਂ ਨੂੰ ਇਸ ਵਾਰ ਨੁਮਾਇੰਦਗੀ ਰਾਜਸਥਾਨ ਵਿਚ ਵੱਖਰੀ ਗੁਰਦੁਆਰਾ ਕਮੇਟੀ ਦੀ ਉੱਠ ਰਹੀ ਮੰਗ ਨੂੰ ਬੇਅਸਰ ਕਰਨ ਤੇ ਰਾਜਸਥਾਨ ਦੇ ਸਿੱਖਾਂ ਨੂੰ ਅਕਾਲੀ ਦਲ ਦੇ ਭਰੋਸੇ ਵਿਚ ਲੈਣ ਲਈ ਕੀਤੀ ਗਈ ਹੈ। ਇਸੇ ਤਰ੍ਹਾਂ ਸਰਵਣ ਸਿੰਘ ਕੁਲਾਰ ਅਤੇ ਬੀਬੀ ਗੁਰਪ੍ਰੀਤ ਕੌਰ ਰੂਹੀ ਨੂੰ ਚੁਣਨਾ ਵੀ ਅਹਿਮੀਅਤ ਰੱਖਦਾ ਹੈ।
ਸਮਝਿਆ ਜਾ ਰਿਹਾ ਹੈ ਕਿ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਤੋਂ ਕਾਂਗਰਸ ਪਾਰਟੀ ਵਿਚੋਂ ਅਕਾਲੀ ਦਲ ਵਿਚ ਲਿਆ ਕੇ ਪਾਰਟੀ ਉਮੀਦਵਾਰ ਐਲਾਨੇ ਗਏ ਕੈਪਟਨ ਹਰਮਿੰਦਰ ਸਿੰਘ ਕਾਰਨ ਜੋ ਅਕਾਲੀ ਦਲ ਦੇ ਪੰਥਕ ਕੇਡਰ ਵਿਚ ਨਿਰਾਸ਼ਾ ਦੇ ਸੁਰ ਉੱਭਰ ਰਹੇ ਸਨ, ਉਨ੍ਹਾਂ ਨੂੰ ਖ਼ਤਮ ਕਰਕੇ ਸਾਜ਼ਗਾਰ ਮਾਹੌਲ ਸਿਰਜਣ ਲਈ ਸ਼੍ਰੋਮਣੀ ਕਮੇਟੀ ਕਾਰਜਕਾਰਨੀ ਵਿਚ ਭਾਈ ਕੁਲਾਰ ਤੇ ਬੀਬੀ ਰੂਹੀ ਨੂੰ ਥਾਂ ਦਿੱਤੀ ਗਈ ਹੈ। ਜਰਨੈਲ ਸਿੰਘ ਡੋਗਰਾਂਵਾਲਾ (ਕਪੂਰਥਲਾ) ਇਸ ਵਾਰ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਤੋਂ ਟਿਕਟ ਮੰਗਦੇ ਸਨ ਅਤੇ ਪਾਰਟੀ ਨਾਲ ਰੁੱਸੇ ਚਲੇ ਆ ਰਹੇ ਸਨ। ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਵਿਚ ਅਹਿਮ ਨੁਮਾਇੰਦਗੀ ਦੇ ਕੇ ਉਨ੍ਹਾਂ ਦਾ ਰੋਸਾ ਵੀ ਦੂਰ ਕੀਤਾ ਗਿਆ ਹੈ।
ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਾਰਜਕਾਰਨੀ ਵਿਚ ਮਾਝੇ ਦੇ ਅਕਾਲੀ ਜਰਨੈਲ ਬਿਕਰਮ ਸਿੰਘ ਮਜੀਠੀਆ ਦਾ ਸਭ ਤੋਂ ਵੱਧ ਦਬਦਬਾ ਰਿਹਾ ਹੈ, ਜਿਵੇਂ ਕਿ ਉਨ੍ਹਾਂ ਦੇ ਨਜ਼ਦੀਕੀ ਅੰਮ੍ਰਿਤਸਰ ਉੱਤਰੀ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਹਰਜਾਪ ਸਿੰਘ ਸੁਲਤਾਨਵਿੰਡ ਤੇ ਜੰਡਿਆਲਾ ਹਲਕੇ ਤੋਂ ਅਮਰਜੀਤ ਸਿੰਘ ਬੰਡਾਲਾ, ਗੁਰੂ ਕਾ ਬਾਗ ਹਲਕੇ ਤੋਂ ਜੋਧ ਸਿੰਘ ਸਮਰਾ ਨੂੰ ਅੰਤ੍ਰਿਗ ਮੈਂਬਰ ਚੁਣਿਆ ਗਿਆ ਹੈ।
ਇਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੋਮਣੀ ਕਮੇਟੀ ਦੀ ਨਵੀਂ ਕਾਰਜਕਾਰਨੀ ਕਮੇਟੀ ਵਿਚ ਆਗਾਮੀ ਵਿਧਾਨ ਸਭਾ ਚੋਣਾਂ ਅਤੇ ਸੰਭਾਵੀ ਸ਼੍ਰੋਮਣੀ ਕਮੇਟੀ ਚੋਣਾਂ ਨੂੰ ਮੁੱਖ ਰੱਖਦਿਆਂ ਵੱਖ-ਵੱਖ ਧੜਿਆਂ ਦੇ ਸਮੁੱਚੇ ਪੰਥਕ ਕੇਡਰ ਨੂੰ ਮੁੜ ਸੁਰਜੀਤ ਕਰਨ ਲਈ ਸੰਤ ਸਮਾਜ, ਮਿਸ਼ਨਰੀ ਸਿੱਖ, ਨਰਮ-ਗਰਮ ਧੜੇ, ਸਭ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕੀਤੀ ਹੈ।

Check Also

ਵਿਕਸਤ ਭਾਰਤ ਦੇ ਸੁਫਨੇ ਦੀ ਹਕੀਕਤ

ਕ੍ਰਿਸ਼ਨਾ ਰਾਜ ਭਾਰਤ ਸਾਲ 2047 ਤੱਕ ਉਚ ਆਮਦਨ ਵਾਲਾ ਵਿਕਸਤ ਮੁਲਕ ਬਣਨ ਦੀ ਲੋਚਾ ਰੱਖਦਾ …