ਇਹ ‘ਸੀ.ਐੱਨ.ਟਾਵਰ’ ਨਾਲੋਂ ਤਾਂ ਕਾਫ਼ੀ ਨੀਵੀਂ ਹੀ ਹੋਵੇਗੀ
ਟੋਰਾਂਟੋ/ਡਾ. ਸੁਖਦੇਵ ਸਿੰਘ ਝੰਡ
ਮਹਾਂਨਗਰ ਟੋਰਾਂਟੋ ਦੇ ਯੰਗ ਅਤੇ ਬਲੂਰ ਦੀ ਨੁੱਕਰ ‘ਤੇ ਇੱਕ 80-ਮੰਜ਼ਲੀ ਕੌਂਡੋ ਇਮਾਰਤ ਬਨਾਉਣ ਦੀ ਤਜਵੀਜ਼ ਚੱਲ ਰਹੀ ਹੈ। ਜੇਕਰ ਇਹ ਤਜਵੀਜ਼ ਸਿਰੇ ਚੜ੍ਹ ਜਾਂਦੀ ਹੈ ਤਾਂ ਇਹ ਦੇਸ਼ ਦੀ ਸੱਭ ਤੋਂ ਉੱਚੀ ਰਿਹਾਇਸ਼ੀ ਇਮਾਰਤ ਹੋਵੇਗੀ। ਡਿਵੈਲਪਰ ਸੈਮ ਮਿਜ਼ਰਾਹੀ ਵੱਲੋਂ ਤਿਆਰ ਕੀਤਾ ਇਹ ਪ੍ਰਾਜੈੱਕਟ ਬੀਤੇ ਹਫ਼ਤੇ ਬੁੱਧਵਾਰ ਨੂੰ ਹੋਈ ਕਮਿਊਨਿਟੀ ਮੀਟਿੰਗ ਵਿੱਚ ਵਿਚਾਰਿਆ ਗਿਆ ਅਤੇ ਇਸ ਦੇ ਬਾਰੇ ਲੋਕਾਂ ਦੀ ਮਿਲੀ-ਜੁਲੀ ਰਾਇ ਸੀ। ਮੀਟਿੰਗ ਵਿੱਚ ਹਾਜ਼ਰ ਇੱਕ ਆਦਮੀ ਇਸ ਦੇ ਨਵੇਂ ਅਤੇ ਵਿਲੱਖਣ ਡੀਜ਼ਾਈਨ ਤੋਂ ਬਹੁਤ ਪ੍ਰਭਾਵਿਤ ਸੀ ਅਤੇ ਉਹ ਇਸ ਦੀ ਬਹੁਤ ਤਾਰੀਫ਼ ਕਰ ਰਿਹਾ ਸੀ, ਜਦ ਕਿ ਇੱਕ ਔਰਤ ਦਾ ਕਹਿਣਾ ਸੀ ਕਿ ਇਹ ਟੋਰਾਂਟੋ ਦੇ ਮੌਜੂਦਾ ਪ੍ਰਚੱਲਤ ਕਲਚਰ ਅਨੁਸਾਰ ਠੀਕ ਨਹੀਂ ਹੈ।
ਸੈਮ ਜ਼ਿਰਾਹੀ ਦਾ ਇਹ ਪ੍ਰਾਜੈੱਕਟ ਜੇਕਰ ਸਿਰੇ ਚੜ੍ਹ ਜਾਂਦਾ ਹੈ ਤਾਂ 2018 ਵਿੱਚ ਤਿਆਰ ਹੋਣ ਵਾਲੀ ਇਸ 80-ਮੰਜ਼ਲਾ ਇਮਾਰਤ ਦੀਆਂ ਹੇਠਲੀਆਂ ਅੱਠ ਮੰਜ਼ਲਾਂ ਵਿੱਚ ‘ਰੀਟੇਲ-ਸ਼ਾਪਸ’ ਹੋਣਗੀਆਂ ਅਤੇ ਨਾਲ ਹੀ 600 ਪਾਰਕਿੰਗ-ਸਪੌਟ ਹੋਣਗੇ। ਇਨ੍ਹਾਂ ਦੇ ਉੱਪਰ ਵਾਲੀਆਂ ਸਾਰੀਆਂ ਮੰਜ਼ਲਾਂ ਵਿੱਚ 560 ਰੈਜ਼ੀਡੈਂਸ਼ਲ ਯੂਨਿਟ ਹੋਣਗੇ। ਮਿਜ਼ਰਾਹੀ ਅਨੁਸਾਰ 318 ਮੀਟਰ ਉੱਚੀ ਇਹ ਬਹੁ-ਮੰਜ਼ਲਾ ਇਮਾਰਤ ਟੋਰਾਂਟੋ ਨੂੰ ਅੰਤਰ-ਰਾਸ਼ਟਰੀ ਨਕਸ਼ੇ ‘ਤੇ ਉਘਾੜਨ ਵਿੱਚ ਕਾਮਯਾਬ ਹੋਵੇਗੀ। ਇਸ ਸਮੇਂ ਜੇਰਾਰਡ ਸਟਰੀਟ ਅਤੇ ਯੰਗ ਦੇ ਨੇੜੇ ਸਥਿਤ ‘ਔਰਾ ਕੌਡੋ’ ਨਾਂ ਦੀ 78-ਮੰਜ਼ਲੀ ਇਮਾਰਤ ਮੌਜੂਦ ਹੈ ਜੋ ਇਸ ਦੇ ਤਿਆਰ ਹੋਣ ਤੋਂ ਬਾਅਦ ਦੂਸਰੇ ਨੰਬਰ ‘ਤੇ ਆ ਜਾਏਗੀ। ਪਾਠਕਾਂ ਨੂੰ ਯਾਦ ਹੋਵੇਗਾ ਕਿ ਟੋਰਾਂਟੋ ਦੇ ਵਿਸ਼ਵ-ਪ੍ਰਸਿੱਧ ਸੀ. ਐੱਨ ਟਾਵਰ ਦੀ ਉਚਾਈ 553.33 ਮੀਟਰ ਹੈ ਅਤੇ ਫਿਰ ਉਹ ਹੀ ਕੇਵਲ ਇਸ ਬਹੁ-ਮੰਜ਼ਲੀ ਇਮਾਰਤ ਨਾਲੋਂ ਉੱਚਾ ਰਹਿ ਜਾਵੇਗਾ। ਟੋਰਾਂਟੋ ਵਿੱਚ ਇਸ ਸਮੇਂ ਮੌਜੂਦ ‘ਫ਼ਸਟ ਕੈਨੇਡੀਅਨ ਪਲੇਸ ਟਾਵਰ’ 298 ਮੀਟਰ ਅਤੇ ‘ਸਕੋਸ਼ੀਆ ਪਲਾਜ਼ਾ’ 275 ਮੀਟਰ ਉੱਚੇ ਹਨ। ਕੈਲੇਗਰੀ ਦਾ ‘ਬੋ-ਟਾਵਰ’ 237.5 ਮੀਟਰ ਉੱਚਾ ਹੈ ਅਤੇ ਮਾਂਟਰੀਅਲ ਦਾ ‘ਰੈਨੇ ਲੇਵੈਸਕਿਊ’ ਦੀ ਉਚਾਈ 226.5 ਮੀਟਰ ਹੈ। ਕਹਿਣ ਤੋਂ ਭਾਵ ਇਹ ਹੈ ਕਿ 2018 ਵਿੱਚ ਤਿਆਰ ਹੋਣ ਵਾਲੀ ਇਹ ਰਿਹਾਇਸ਼ੀ ਇਮਾਰਤ ਟੋਰਾਂਟੋ, ਕੈਲੇਗਰੀ ਅਤੇ ਮਾਂਟਰੀਅਲ ਦੇ ਟਾਵਰਾਂ ਨਾਲੋਂ ਤਾਂ ਉੱਚੀ ਹੋਵੇਗੀ ਹੀ, ਪਰ ਸੀ. ਐੱਨ. ਟਾਵਰ ਦੀ ਉਚਾਈ ਨਾਲ ਇਸ ਦਾ ਕੋਈ ਮੁਕਾਬਲਾ ਨਹੀਂ ਹੋਵੇਗਾ। ਵੈਸੇ ਵੀ ਵੇਖਿਆ ਜਾਏ ਤਾਂ ਕਿਸੇ ਰਿਹਾਇਸ਼ੀ ਇਮਾਰਤ ਦਾ ਇੱਕ ‘ਮਾਨੂਮੈਂਟਲ ਟਾਵਰ’ ਨਾਲ ਕੋਈ ਮੁਕਾਬਲਾ ਨਹੀਂ ਕੀਤਾ ਜਾ ਸਕਦਾ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …