ਓਟਵਾ/ਬਿਊਰੋ ਨਿਊਜ਼ : ਪਾਰਲੀਮੈਂਟ ਮੈਂਬਰਜ਼ ਵੱਲੋਂ ਸੀਨੀਅਰ ਲਿਬਰਲ ਐਂਥਨੀ ਰੋਟਾ ਨੂੰ ਮੁੜ ਹਾਊਸ ਆਫ ਕਾਮਨਜ਼ ਦਾ ਸਪੀਕਰ ਚੁਣ ਲਿਆ ਗਿਆ ਹੈ। ਸਪੀਕਰ ਵਜੋਂ ਮੁੜ ਕੀਤੀ ਗਈ ਚੋਣ ਕੋਈ ਹੈਰਾਨੀ ਵਾਲਾ ਫੈਸਲਾ ਨਹੀਂ ਸੀ। ਕੋਵਿਡ-19 ਮਹਾਂਮਾਰੀ ਦੌਰਾਨ ਹਾਉਸ ਆਫ ਕਾਮਨਜ਼ ਦੀ ਕਾਰਵਾਈ ਨੂੰ ਬਿਨਾਂ ਪੱਖਪਾਤ ਦੇ ਬੜੇ ਹੀ ਸੁਚੱਜੇ ਢੰਗ ਨਾਲ ਚਲਾਉਣ ਵਾਸਤੇ ਰੋਟਾ ਦੀ ਆਪਣੀ ਪਾਰਟੀ ਵੱਲੋਂ ਹੀ ਨਹੀਂ ਸਗੋਂ ਵਿਰੋਧੀ ਪਾਰਟੀਆਂ ਵੱਲੋਂ ਵੀ ਕਾਫੀ ਸਿਫਤ ਹੋਈ। ਰੋਟਾ ਨੂੰ ਸਾਰੇ ਉਨ੍ਹਾਂ ਦੇ ਮਜਾਕੀਆ ਤੇ ਸਾਂਤ ਸੁਭਾਅ ਲਈ ਵੀ ਪਸੰਦ ਕਰਦੇ ਹਨ। 20 ਸਤੰਬਰ ਨੂੰ ਕੈਨੇਡੀਅਨਜ਼ ਨੇ ਇੱਕ ਵਾਰੀ ਫਿਰ ਘੱਟਗਿਣਤੀ ਲਿਬਰਲ ਸਰਕਾਰ ਦੀ ਚੋਣ ਕੀਤੀ ਸੀ। ਇਸ ਤੋਂ ਬਾਅਦ ਸੀਟਾਂ ਵਿੱਚ ਮਾਮੂਲੀ ਫੇਰਬਦਲ ਹੋਇਆ ਸੀ।