ਫ਼ੈੱਡਰਲ ਉਮੀਦਵਾਰਾਂ ਅੱਗੇ ਪੈੱਨਸ਼ਨਰਾਂ ਤੇ ਸੀਨੀਅਰਾਂ ਦੀਆਂ ਮੰਗਾਂ ਉਠਾਈਆਂ ਗਈਆਂ
ਬਰੈਂਪਟਨ/ਡਾ. ਝੰਡ : ਪਰਵਾਸੀ ਪੰਜਾਬੀ ਪੈੱਨਸ਼ਨਰਜ਼ ਵੈੱਲਫ਼ੇਅਰ ਐਸੋਸੀਏਸ਼ਨ ਓਨਟਾਰੀਓ ਦੀ ਕਾਰਜਕਾਰਨੀ ਦੀ ਮੀਟਿੰਗ ਬੀਤੇ ਦਿਨੀਂ ਗਰੈਂਡ ਤਾਜ ਰੈਸਟੋਰੈਂਟ ਬਰੈਂਪਟਨ ਵਿਖੇ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਬੜਿੰਗ ਦੀ ਪ੍ਰਧਾਨਗੀ ਹੇਠ ਹੋਈ। ਜਨਰਲ ਸਕੱਤਰ ਪ੍ਰੋ. ਜਗੀਰ ਸਿੰਘ ਕਾਹਲੋਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਸ ਮੀਟਿੰਗ ਵਿਚ ਸਤੰਬਰ ਮਹੀਨੇ ਵਿਚ ਕੀਤੀ ਜਾਣ ਵਾਲੀ ਜਨਰਲ ਬਾਡੀ ਮੀਟਿੰਗ ਨੂੰ ਕੋਵਿਡ-19 ਦੇ ਅਨਿਸਚਤਤਾ ਵਾਲੇ ਹਾਲਾਤ ਨੂੰ ਮੁੱਖ ਰੱਖਦਿਆਂ ਸਾਲ 2022 ਵਿਚ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਮੀਟਿੰਗ ਵਿਚ ਲਏ ਗਏ ਇਕ ਹੋਰ ਫ਼ੈਸਲੇ ਅਨੁਸਾਰ ਪਰਵਾਸੀ ਪੈੱਨਸ਼ਨਰਾਂ ਦੀਆਂ ਬਤੌਰ ਸੀਨੀਅਰ ਸਿਟੀਜ਼ਨਜ਼ ਮੰਗਾਂ, ਜਿਵੇਂ ਸਿਹਤ ਨਾਲ ਸਬੰਧਿਤ ਦੰਦਾਂ ਤੇ ਅੱਖਾਂ ਦੇ ਇਲਾਜ ਦੀ ਪੂਰੀ ਕੱਵਰੇਜ, ਰਿਹਾਇਸ਼ੀ ਘਰਾਂ ਦੀ ਸਮੱਸਿਆ ਅਤੇ ਹੋਰ ਮੰਗਾਂ ਸਬੰਧੀ ਬਰੈਂਪਟਨ ਤੋਂ ਫ਼ੈੱਡਰਲ ਚੋਣਾਂ ਲੜ ਰਹੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨਾਲ ਉਠਾਈਆਂ ਜਾਣਗੀਆਂ। ਇਸ ਫ਼ੈਸਲੇ ‘ਤੇ ਅਮਲ ਕਰਦੇ ਹੋਏ ਲੰਘੇ ਸੋਮਵਾਰ 13 ਸਤੰਬਰ ਨੂੰ ਐਸੋਸੀਏਸਨ ਦਾ ਵਫ਼ਦ ਜਿਸ ਵਿਚ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਮੱਲ ਸਿੰਘ ਬਾਸੀ, ਮੀਤ-ਪ੍ਰਧਾਨ ਇੰਜੀ. ਬਲਦੇਵ ਸਿੰਘ ਬਰਾੜ ਅਤੇ ਜਨਰਲ ਸਕੱਤਰ ਪ੍ਰੋ. ਜਗੀਰ ਸਿੰਘ ਕਾਹਲੋਂ ਸ਼ਾਮਲ ਸਨ, ਵੱਲੋਂ ਇਕ ਮੀਟਿੰਗ ਬਰੈਂਪਟਨ ਨਾਰਥ ਦੀ ਲਿਬਰਲ ਪਾਰਟੀ ਉਮੀਦਵਾਰ ਰੂਬੀ ਸਹੋਤਾ ਨਾਲ ਉਨ੍ਹਾਂ ਦੇ ਚੋਣ-ਮੁਹਿੰਮ ਦਫ਼ਤਰ ਵਿਚ ਕੀਤੀ ਗਈ। ਪੈੱਨਸ਼ਨਰਾਂ ਦੀਆਂ ਉਪਰੋਕਤ ਵਰਨਣ ਮੰਗਾਂ ਅਤੇ ਹੋਰ ਮੰਗਾਂ, ਜਿਵੇਂ ਕਿ ਓਲਡ-ਏਜ ਸਕਿਉਰਿਟੀ ਵਿਚ ਵਾਧਾ, ਜਦੋਂ ਕੋਈ ਪਰਵਾਸੀ ਕੈਨੇਡਾ ਦਾ ਸਿਟੀਜ਼ਨ ਬਣ ਜਾਂਦਾ ਹੈ ਤਾਂ ਉਸ ਦੀ ਉਮਰ ਅਤੇ ਕੈਨੇਡਾ ਵਿਚ ਠਾਹਰ ਦੀ ਸ਼ਰਤ ਨੂੰ ਨਜ਼ਰ-ਅੰਦਾਜ਼ ਕਰਕੇ ਉਸ ਨੂੰ ਸਿਟੀਜ਼ਨ ਵਾਲੀਆਂ ਸਾਰੀਆਂ ਸਹੂਲਤਾਂ ਮੁਹੱਈਆ ਕੀਤੀਆਂ ਜਾਣ, ਜਿਹੜੇ ਸੀਨੀਅਰਜ਼ ਕੈਨੇਡਾ ਤੋਂ ਪੈੱਨਸ਼ਨ ਹਾਸਲ ਕਰ ਰਹੇ ਹਨ, ਉਨ੍ਹਾਂ ਨੂੰ ਕੰਮ ਕਰਨ ਲਈ ਹੋਰ ਘੰਟਿਆਂ ਦੀ ਸਹੂਲਤ ਦਿੱਤੀ ਜਾਵੇ ਅਤੇ ਵਿਦੇਸ਼ੀ ਆਮਦਨ ਅਤੇ ਜੀ. ਆਈ.ਐੱਸ.ਸਬੰਧੀ ਰੂਬੀ ਸਹੋਤਾ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਜਿਸ ਨੂੰ ਉਨ੍ਹਾਂ ਨੇ ਬੜੀ ਸੰਜੀਦਗੀ ਨਾਲ ਲਿਆ ਅਤੇ 20 ਸਤੰਬਰ ਨੂੰ ਮੁੜ ਚੁਣੇ ਜਾਣ ‘ਤੇ ਇਨ੍ਹਾਂ ਮੰਗਾਂ ਨੂੰ ਪਾਰਲੀਮੈਂਟ ਵਿਚ ਪੂਰੀ ਸ਼ਿੱਦਤ ਨਾਲ ਉਠਾਉਣ ਦਾ ਭਰੋਸਾ ਦਿੱਤਾ। ਇਸ ਸਬੰਧੀ ਹੋਰ ਜਾਣਕਾਰੀ ਲਈ ਪ੍ਰੋ. ਜਗੀਰ ਸਿੰਘ ਕਾਹਲੋਂ ਨਾਲ 647-533-8297 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।