Breaking News
Home / ਕੈਨੇਡਾ / ਅਮਰੀਕਾ ‘ਚ ਟਰੱਕ-ਰੇਲ ਹਾਦਸੇ ‘ਚ ਦੋ ਪੰਜਾਬੀ ਨੌਜਵਾਨਾਂ ਦੀ ਮੌਤ

ਅਮਰੀਕਾ ‘ਚ ਟਰੱਕ-ਰੇਲ ਹਾਦਸੇ ‘ਚ ਦੋ ਪੰਜਾਬੀ ਨੌਜਵਾਨਾਂ ਦੀ ਮੌਤ

ਨਵਾਂਸ਼ਹਿਰ ਤੇ ਜਲੰਧਰ ਜ਼ਿਲ੍ਹੇ ਨਿਾਲ ਸਬੰਧਿਤ ਸਨ ਦੋਵੇਂ
ਕੈਲੀਫੋਰਨੀਆ : ਅਮਰੀਕਾ ਦੇ ਸੂਬੇ ਮੋਨਟਾਨਾ ਦੇ ਹਾਈਵੇਅ-90 ਦੇ ਪੂਰਬੀ ਲਵਿੰਗਸਟਨ ਰੇਲ ਮਾਰਗ ‘ਤੇ ਟਰੱਕ ਤੇ ਰੇਲ ਵਿਚਕਾਰ ਹੋਈ ਇਕ ਭਿਆਨਕ ਟੱਕਰ ‘ਚ ਦੋ ਪੰਜਾਬੀ ਨੌਜਵਾਨਾਂ ਦੇ ਮੌਕੇ ‘ਤੇ ਮਾਰੇ ਜਾਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਰੇਲਵੇ ਟਰੈਕ ਤੋਂ ਪਹਿਲਾਂ ਸਟਾਪ ਸਾਈਨ ‘ਤੇ ਟਰੱਕ ਡਰਾਈਵਰ ਤਰਨਪ੍ਰੀਤ ਸਿੰਘ ਟਰੱਕ ਰੋਕਣ ‘ਚ ਅਸਫਲ ਰਿਹਾ ਅਤੇ ਟਰੈਕ ‘ਤੇ ਆ ਰਹੀ ਤੇਜ਼ ਰਫਤਾਰ ਰੇਲ ਨਾਲ ਟਕਰਾ ਗਿਆ। ਟੱਕਰ ਐਨੀ ਭਿਆਨਕ ਸੀ ਕਿ ਟਰੇਲਰ ਟਰੱਕ ਤੋਂ ਅਲੱਗ ਹੋ ਗਿਆ ਅਤੇ ਟਰੱਕ ਰੇਲ ਇੰਜਣ ਨਾਲ ਖਿੱਚ ਹੁੰਦਾ ਦੂਰ ਤੱਕ ਚਲਾ ਗਿਆ ਅਤੇ ਰੇਲ ਦੇ ਇੰਜਣ ਨੂੰ ਵੀ ਅੱਗ ਲੱਗ ਗਈ, ਰੇਲ ਚਾਲਕ ਦਲ ਦਾ ਬਚਾਅ ਹੋ ਗਿਆ ਦੱਸਿਆ ਜਾਂਦਾ ਹੈ। ਟਰੱਕ ਡਰਾਈਵਰ ਦੀ ਪਛਾਣ 22 ਸਾਲਾ ਪੰਜਾਬੀ ਨੌਜਵਾਨ ਤਰਨਪ੍ਰੀਤ ਸਿੰਘ ਪੁੱਤਰ ਸਵ. ਜਸਕਰਨਜੀਤ ਸਿੰਘ ਤੇ ਹਰਜਿੰਦਰ ਕੌਰ ਵਾਸੀ ਪਿੰਡ ਦੌਲਤਪੁਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਜੋਂ ਹੋਈ ਹੈ। ਦੱਸਿਆ ਜਾਂਦਾ ਹੈ ਕਿ ਇਸ ਨੌਜਵਾਨ ਦਾ ਅਜੇ ਵਿਆਹ ਨਹੀਂ ਸੀ ਹੋਇਆ। ਤਰਨਪ੍ਰੀਤ ਸਿੰਘ ਛੇ ਸਾਲ ਦਾ ਸੀ ਜਦੋਂ ਉਸ ਦੇ ਪਿਤਾ ਦੀ ਵੀ ਸੜਕ ਹਾਦਸੇ ‘ਚ ਮੌਤ ਹੋ ਗਈ ਸੀ। ਇਸ ਪਰਿਵਾਰ ਨੂੰ ਸ਼ਹੀਦਾਂ ਦਾ ਪਰਿਵਾਰ ਕਿਹਾ ਜਾਂਦਾ ਹੈ ਅਤੇ ਉਸ ਦੇ ਦਾਦਾ ਜਗੀਰ ਸਿੰਘ ਫੌਜ ‘ਚ ਸ਼ਹੀਦ ਹੋਏ ਸਨ। ਤਰਨਪ੍ਰੀਤ ਸਿੰਘ ਚਾਰ ਸਾਲ ਪਹਿਲਾਂ ਅਮਰੀਕਾ ਗਿਆ ਸੀ ਅਤੇ ਵਿਕਟਰਵਿੱਲ ਲਾਸ ਐਂਜਲਸ ‘ਚ ਰਹਿ ਰਿਹਾ ਸੀ। ਦੂਜੇ ਮ੍ਰਿਤਕ ਪੰਜਾਬੀ ਨੌਜਵਾਨ ਦੀ ਪਛਾਣ 27 ਸਾਲਾ ਗੁਰਸਿਮਰਨ ਸਿੰਘ ਵਜੋਂ ਹੋਈ ਹੈ, ਜੋ ਜਲੰਧਰ ਸ਼ਹਿਰ ‘ਚ ਪੈਂਦੇ ਪਿੰਡ ਤਰਾੜ ਨਾਲ ਸਬੰਧਿਤ ਸੀ। ਉਹ ਇਸੇ ਸਾਲ 11 ਮਾਰਚ ਨੂੰ ਆਪਣੀ ਸਿਟੀਜ਼ਨ ਪਤਨੀ ਕੋਲ ਅਮਰੀਕਾ ਪੱਕੇ ਤੌਰ ‘ਤੇ ਰਹਿਣ ਲਈ ਪਹੁੰਚਿਆ ਸੀ। ਉਸ ਨੇ ਟਰੱਕ ਡਰਾਈਵਿੰਗ ਦਾ ਲਿਖਤੀ ਟੈਸਟ ਪਾਸ ਕਰ ਲਿਆ ਸੀ, ਸਿਰਫ ਤਜਰਬਾ ਲੈਣ ਲਈ ਉਹ ਤਰਨਪ੍ਰੀਤ ਨਾਲ ਟਰੱਕ ‘ਤੇ ਸਫਰ ਕਰ ਰਿਹਾ ਸੀ। ਗੁਰਸਿਮਰਨ ਸਿੰਘ ਮਾਂ-ਬਾਪ ਦਾ ਇਕਲੌਤਾ ਪੁੱਤਰ ਸੀ ਤੇ ਉਹ ਆਪਣੇ ਪਿੱਛੇ ਆਪਣੀ ਪਤਨੀ ਤੇ ਇਕ ਸਾਲਾ ਪੁੱਤਰ ਨੂੰ ਇਕਲੌਤਾ ਛੱਡ ਗਿਆ ਹੈ। ਇਹ ਨੌਜਵਾਨ ਨੌਰਥ ਡਕੋਟਾ ਤੋਂ ਬੇ ਏਰੀਆ ਨੂੰ ਲੋਡ ਲੈ ਕੇ ਆ ਰਹੇ ਸਨ ਤੇ ਰਸਤੇ ‘ਚ ਇਹ ਦਰਦਨਾਕ ਹਾਦਸਾ ਵਾਪਰ ਗਿਆ।

 

Check Also

ਬਰੈਂਪਟਨ ਤੇ ਸਮੁੱਚੇ ਕੈਨੇਡਾ ‘ਚ ਸੀਨੀਅਰਾਂ ਦੀ ਸਹਾਇਤਾ ਕਰਨਾ ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਬਣਦੀ ਹੈ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਸਾਰਾ ਜੀਵਨ ਸਖ਼ਤ ਮਿਹਨਤ ਕਰਨ ਤੋਂ ਬਾਅਦ ਸੀਨੀਅਰਜ਼ ਸੇਵਾ-ਮੁਕਤੀ ਦਾ ਆਪਣਾ ਸਮਾਂ …