Breaking News
Home / ਦੁਨੀਆ / ਟਰੰਪ ਨੇ ਚੋਣਾਂ ਸਬੰਧੀ ਮੁੜ ਸੁਣਾਈਆਂ ਸ਼ਿਕਾਇਤਾਂ

ਟਰੰਪ ਨੇ ਚੋਣਾਂ ਸਬੰਧੀ ਮੁੜ ਸੁਣਾਈਆਂ ਸ਼ਿਕਾਇਤਾਂ

ਸਾਬਕਾ ਰਾਸ਼ਟਰਪਤੀ ਨੇ ਰੈਲੀ ‘ਚ ਡੈਮੋਕਰੈਟਾਂ ‘ਤੇ ਸਾਧਿਆ ਨਿਸ਼ਾਨਾ
ਕੈਲੀਫੋਰਨੀਆ/ਬਿਊਰੋ ਨਿਊਜ਼ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਕ ਰੈਲੀ ਵਿਚ ਮੁੜ ਚੋਣਾਂ ਸਬੰਧੀ ਆਪਣੀਆਂ ਬੇਬੁਨਿਆਦ ਸ਼ਿਕਾਇਤਾਂ ਸੁਣਾਈਆਂ। ਇਸਦੇ ਨਾਲ ਹੀ ਉਸ ਨੇ ਕਿਹਾ ਕਿ ਮੁਲਕ ਡੈਮੋਕਰੈਟਾਂ ਦੀ ਸੱਤਾ ‘ਚ ਹੇਠਾਂ ਵੱਲ ਨੂੰ ਜਾ ਰਿਹਾ ਹੈ। ਵਾਈਟ ਹਾਊਸ ਛੱਡਣ ਤੋਂ ਬਾਅਦ ਟਰੰਪ ਦੀ ਚੋਣਾਂ ਵਰਗੀ ਇਹ ਪਹਿਲੀ ਰੈਲੀ ਸੀ। ਟਰੰਪ ਦਾ ਮੰਤਵ ਆਪਣੇ ਉਨ੍ਹਾਂ ਰਿਪਬਲਿਕਨ ਸਾਥੀਆਂ ਨੂੰ ਨਿਸ਼ਾਨਾ ਬਣਾਉਣਾ ਵੀ ਸੀ ਜਿਨ੍ਹਾਂ ਮਹਾਦੋਸ਼ ਦੀ ਕਾਰਵਾਈ ਦੌਰਾਨ ਉਸ ਦੇ ਖਿਲਾਫ ਵੋਟ ਪਾਈ ਸੀ। ਕਲੀਵਲੈਂਡ ਨੇੜੇ ਕੀਤੀ ਗਈ ਇਸ ਰੈਲੀ ਵਿਚ ਡੋਨਲਡ ਟਰੰਪ ਨੇ ਮੈਕਸ ਮਿਲਰ ਦੀ ਹਮਾਇਤ ਕੀਤੀ ਜੋ ਕਿ ਰਿਪਬਲਿਕਨ ਐਂਥਨੀ ਗੋਂਜ਼ਾਲੇਜ਼ ਨੂੰ ਕਾਂਗਰੈਸ਼ਨਲ ਸੀਟ ਲਈ ਚੁਣੌਤੀ ਦੇ ਰਹੇ ਹਨ। ਮਿਲਰ ਵਾਈਟ ਹਾਊਸ ਵਿਚ ਟਰੰਪ ਦੇ ਨਾਲ ਕੰਮ ਕਰ ਚੁੱਕੇ ਹਨ। ਗੋਂਜ਼ਾਲੇਜ਼ ਨੇ ਮਹਾਦੋਸ਼ ਦੀ ਕਾਰਵਾਈ ਦੌਰਾਨ ਟਰੰਪ ਦੇ ਖਿਲਾਫ ਵੋਟਿੰਗ ਕੀਤੀ ਸੀ। ਸਾਬਕਾ ਰਾਸ਼ਟਰਪਤੀ ਟਰੰਪ ਨੇ ਇਕ ਵਾਰ ਫੇਰ 3 ਨਵੰਬਰ, 2020 ਦੇ ਉਨ੍ਹਾਂ ਚੋਣ ਨਤੀਜਿਆਂ ਨੂੰ ਚੁਣੌਤੀ ਦਿੱਤੀ ਜਿਨ੍ਹਾਂ ਵਿਚ ਡੈਮੋਕਰੈਟਿਕ ਜੋਅ ਬਿਡੇਨ ਨੇ ਜਿੱਤ ਦਰਜ ਕੀਤੀ ਸੀ। ਰੈਲੀ ਦੌਰਾਨ ਟਰੰਪ ਦੇ ਹਮਾਇਤੀਆਂ ਨੇ ਸ਼ਹਿਰ ਵਿਚ ਉਸ ਦੇ ਸਮਰਥਨ ਵਿਚ ਕਈ ਪੋਸਟਰ ਵੀ ਲਾਏ ਸਨ।
ਦੱਸਣਯੋਗ ਹੈ ਕਿ ਟਰੰਪ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਮੈਨਹੱਟਨ ਦੇ ਵਕੀਲਾਂ ਨੇ ਟਰੰਪ ਦੀ ਕੰਪਨੀ ਨੂੰ ਜਾਣੂ ਕਰਵਾਇਆ ਹੈ ਕਿ ਸਾਬਕਾ ਰਾਸ਼ਟਰਪਤੀ ਦੇ ਕਾਰੋਬਾਰੀ ਸੌਦਿਆਂ ਲਈ ਕੰਪਨੀ ਨੂੰ ਅਪਰਾਧਿਕ ਦੋਸ਼ਾਂ ਦਾ ਜਲਦੀ ਸਾਹਮਣਾ ਕਰਨਾ ਪੈ ਸਕਦਾ ਹੈ। ਡੋਨਾਲਡ ਟਰੰਪ ਨੇ ਕਿਹਾ ਹੈ ਕਿ ਇਹ ਕਾਰਵਾਈ ਉਸ ਨੂੰ ਸਿਆਸੀ ਤੌਰ ‘ਤੇ ਨੁਕਸਾਨ ਪਹੁੰਚਾਉਣ ਲਈ ਕੀਤੀ ਜਾ ਰਹੀ ਹੈ।

 

Check Also

ਐਨਡੀਪੀ ਪਾਰਟੀ ਆਗੂ ਜਗਮੀਤ ਸਿੰਘ ਫੈਡਰਲ ਚੋਣ ਹਾਰੇ

ਹਾਰ ਉਪਰੰਤ ਪਾਰਟੀ ਲੀਡਰਸ਼ਿਪ ਤੋਂ ਦਿੱਤਾ ਅਸਤੀਫ਼ਾ ਕੈਲਗਰੀ/ਬਿਊਰੋ ਨਿਊਜ਼ : ਕੈਨੇਡਾ ’ਚ ਹੋਈਆਂ ਆਮ ਚੋਣਾਂ …