-5.8 C
Toronto
Friday, January 23, 2026
spot_img

ਗ਼ਜ਼ਲ

ਬਲਵਿੰਦਰ ਬਾਲਮ
ਮੇਰੇ ਹੀ ਪਰਛਾਵੇਂ ਅੰਦਰ ਬੀਜ ਲਏ ਨੇ ਗੁਲਸ਼ਨ ਲੋਕਾਂ।
ਝੂਠੋ-ਝੂਠ ਵਸੀਅਤ ਕਰ ਲਈ ਕੀ ਕੀ ਵਰਤੇ ਸਾਧਨ ਲੋਕਾਂ।
ਸ਼ਾਇਦ ਏਸ ਕ੍ਰਾਂਤੀ ਵਿਚੋਂ ਔਲਾਦਾਂ ਦੀ ਕਿਸਮਤ ਜਾਗੇ,
ਆਪਣੀ ਹੋਂਦ ਵਜੂਦ ਖ਼ਿਆਲਾਂ ਨੂੰ ਕਰ ਦਿੱਤਾ ਅਰਪਨ ਲੋਕਾਂ।

ਜਿਨੂੰ ਮਰਜ਼ੀ ਸਾੜ ਦਵੇ ਹੈ ਜਿਨੂੰ ਮਰਜ਼ੀ ਡੋਬ ਦਵੇ ਇਹ,
ਬੱਦਲਾਂ ਕੋਲੋਂ ਖੋਹ ਲਈ ਹੈ ਬਾਰਿਸ਼, ਬਿਜਲੀ, ਗਰਜਨ ਲੋਕਾਂ।
ਅਸਲੀਅਤ ਦੇ ਦਰਿਆ ਅੰਦਰ ਝੂਠ ਦੇ ਪੱਥਰ ਤਰਦੇ ਵੇਖੇ,
ਆਪਣੀ ਅੱਖ ਦੇ ਡੇਲੇ ਵਾਲੇ ਤੋੜ ਲਏ ਦੇ ਦਰਪਣ ਲੋਕਾਂ।

ਦੇਸ਼ ਮਿਰੇ ਦੀ ਸੋਚ-ਤਰੱਕੀ ਅੱਜ ਵੀ ਉਥੇ ਦੀ ਉਥੇ ਹੈ,
ਅੰਧ ਵਿਸ਼ਵਾਸਾਂ ਦੇ ਆਖਣ ‘ਤੇ ਫੂਕ ਦਿੱਤਾ ਹੈ ਰਾਵਣ ਲੋਕਾਂ।
ਹੰਝੂਆਂ ਵਿਚੋਂ ਚਸ਼ਮੇ, ਦਰਿਆ, ਝਰਨੇ ਪੈਦਾ ਕਰ ਲਏ ਨੇ,
ਔੜਾਂ ਦੀ ਸਰਦਲ ਦੇ ਉਤੇ ਮਾਰ ਦਿੱਤਾ ਹੈ ਸਾਵਣ ਲੋਕਾਂ।

ਆਪਣੇ ਬੱਚਿਆਂ ਦੇ ਮਸਤਕ ਵਿਚ, ਦੇਸ਼-ਤਰੱਕੀ ਦੀ ਖ਼ਾਤਿਰ,
ਚੜ੍ਹਦੇ ਸੂਰਜ ਭਰ ਦਿੱਤੇ ਨੇ ਪਾਕ-ਪਵਿੱਤਰ ਧਾਵਣ ਲੋਕਾਂ।
ਸ਼ਮਸ਼ਾਨ, ਜਨਾਜੇ, ਅਰਥੀ, ਕੱਫ਼ਨ, ਦੀ ਹੀ ਹੋਂਦ ਮਿਟਾ ਦਿੱਤੀ,
ਸੀਨੇ ਵਿਚ ਅਧਿਕਾਰਿਤ ਕਰ ਲਈ ਹੈ ਨਿਰਧਾਰਿਤ ਧੜਕਣ ਲੋਕਾਂ।

ਗੁਲਸ਼ਨ ਦੇ ਵਿਚ ਹੋਰ ਜ਼ਿਆਦਾ ਦਿਲਕਸ਼ ਖ਼ੁਸ਼ਬੂ ਫੈਲੀ ਜਾਵੇ,
ਫੁੱਲ ਕਲੀਆਂ ਦੇ ਟਹਿਕਣ ਦੇ ਵਿਚ ਜਿਉਂ-ਜਿਉਂ ਪਾਈ ਅੜਚਣ ਲੋਕਾਂ।
‘ਬਾਲਮ’ ਮਾਨਵਤਾ ਦੇ ਅੰਦਰ ਖੁਸ਼ਹਾਲੀ, ਹਰਿਆਲੀ, ਖ਼ੁਸ਼ਬੂ,
ਦਿਲ ਦੇ ਖੇਤਾਂ ਵਿਚ ਉਗਾਇਆ ਸ਼ੁਭ ਕਰਮਨ, ਸ਼ੁਭ ਧਰਮਨ ਲੋਕਾਂ।

RELATED ARTICLES
POPULAR POSTS