ਗਿੱਲ ਬਲਵਿੰਦਰ
ਦੀਵਾਲੀ 2020
ਦੀਵਾਲੀ 2020 ਦੀ ਆਊ ਫ਼ਿੱਕੀ-ਫ਼ਿੱਕੀ,
ਕਿਸੇ ਸਖ਼ਸ਼ ਨੂੰ ਵੀ ਇਹੋ ਜਿਹੀ ਆਸ ਨਹੀਂ ਸੀ ।
ਧਾਰਮਿਕ ਅਸਥਾਨਾਂ ‘ਤੇ ਸਹਿਮ ਦੇ ਛਾਏ ਬੱਦਲ,
ਭੀੜ ਸ਼ਰਧਾਲੂਆਂ ਦੀ ਕਿਧਰੇ ਵੀ ਖਾਸ ਨਹੀਂ ਸੀ ।
ਪਟਾਖ਼ੇ, ਮਠਿਆਈਆਂ ਦੀ ਘੱਟ ਖਰੀਦ ਹੋਈ,
ਪਹਿਲਾਂ ਵਾਂਗ ਵਿਕਿਆ ਮੱਛੀ ਤੇ ਮਾਸ ਨਹੀਂ ਸੀ ।
ਸੱਟੇ ਬਾਜ਼ਾਂ ਦੀਆਂ ਜੁੜੀਆਂ ਢਾਣੀਆਂ ਨਾ,
ਪੈਸੇ ਧਰ ਕੇ ਫ਼ੈਂਟੀ ਕਿਸੇ ਤਾਸ਼ ਨਹੀਂ ਸੀ ।
ਬਹਿ ਕੇ ਬਾਰ ਵਿੱਚ ਪੀਣ ‘ਤੇ Ban ਲੱਗਾ,
Cheers ਆਖ ਖੜਕਾਏ ਗਿਲਾਸ ਨਹੀਂ ਸੀ ।
Shopping ਕਰਨ ਮਰ ਗਿਆ ਚਾਅ ਅੱਧਾ,
ਬਹੁਤੀਆਂ ਨਾਰਾਂ ਨਵੇਂ ਖ੍ਰੀਦੇ ਲਿਬਾਸ ਨਹੀਂ ਸੀ ।
ਮਿੱਠਾ ਖਾ ਕੇ ਕਈਆਂ ਦੀ ਵਧੀ ਸ਼ੂਗਰ,
ਪਹਿਲਾਂ ਵਰਗੀ ਪਰ ਥਿਆਈ ਮਿਠਾਸ ਨਹੀਂ ਸੀ ।
ਭੈੜੀ ਬੀਮਾਰੀ ਦੀ ਆਏਗੀ ਦਵਾ ਛੇਤੀ,
ਗਿੱਲ ਬਲਵਿੰਦਰ ਨੇ ਛੱਡੀ ਇਹ ਆਸ ਨਹੀਂ ਸੀ ।