Breaking News
Home / ਭਾਰਤ / ਹਾਈਕੋਰਟ ਪੁੱਜਾ ਨਵਰੀਤ ਸਿੰਘ ਦਾ ਪਰਿਵਾਰ

ਹਾਈਕੋਰਟ ਪੁੱਜਾ ਨਵਰੀਤ ਸਿੰਘ ਦਾ ਪਰਿਵਾਰ

ਟਰੈਕਟਰ ਪਰੇਡ ਦੌਰਾਨ ਨਵਰੀਤ ਦੀ ਹੋਈ ਮੌਤ ਸਬੰਧੀ ਦਾਦੇ ਵੱਲੋਂ ਪਟੀਸ਼ਨ
ਨਵੀਂ ਦਿੱਲੀ/ਬਿਊਰੋ ਨਿਊਜ਼ : ਗਣਤੰਤਰ ਦਿਵਸ ਮੌਕੇ ਟਰੈਕਟਰ ਪਰੇਡ ਦੌਰਾਨ ਦਿੱਲੀ ਦੇ ਆਈਟੀਓ ‘ਤੇ ਕਥਿਤ ਟਰੈਕਟਰ ਉਲਟਣ ਕਾਰਨ ਜਾਨ ਗੁਆਉਣ ਵਾਲੇ 25 ਵਰ੍ਹਿਆਂ ਦੇ ਨਵਰੀਤ ਸਿੰਘ ਦੇ ਪਰਿਵਾਰ ਨੇ ਦਿੱਲੀ ਹਾਈਕੋਰਟ ਵਿੱਚ ਪਟੀਸ਼ਨ ਦਾਖਲ ਕਰਕੇ ਅਦਾਲਤ ਦੀ ਨਿਗਰਾਨੀ ਹੇਠ ਘਟਨਾ ਦੀ ਜਾਂਚ ਐੱਸਆਈਟੀ ਤੋਂ ਕਰਵਾਉਣ ਦੀ ਅਪੀਲ ਕੀਤੀ ਹੈ। ਨਵਰੀਤ ਸਿੰਘ ਦੇ ਦਾਦਾ ਹਰਦੀਪ ਸਿੰਘ ਨੇ ਪਟੀਸ਼ਨ ਵਿੱਚ ਕਿਹਾ ਹੈ ਕਿ ਆਪਣੇ ਪੋਤੇ ਦੀ ਮੌਤ ਦੀ ਸਹੀ ਤੇ ਨਿਰਪੱਖ ਜਾਂਚ ਅਤੇ ਨਿਆਂ ਲਈ ਸੱਚਾਈ ਜਾਣਨ ਦਾ ਉਨ੍ਹਾਂ ਨੂੰ ਅਧਿਕਾਰ ਹੈ। ਘਟਨਾ ਬਾਰੇ ਪੁਲਿਸ ਦਾ ਦਾਅਵਾ ਹੈ ਕਿ ਟਰੈਕਟਰ ਪਲਟਣ ਕਾਰਨ ਨਵਰੀਤ ਸਿੰਘ ਦਾ ਸਿਰ ਦੱਬਿਆ ਗਿਆ, ਜਿਸ ਕਾਰਨ ਉਸ ਦੀ ਮੌਤ ਹੋਈ। ਹਾਲਾਂਕਿ ਪਟੀਸ਼ਨ ‘ਚ ਕਿਹਾ ਗਿਆ ਹੈ ਕਿ ਮੀਡੀਆ ਨੂੰ ਚਸ਼ਮਦੀਦਾਂ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਨਵਰੀਤ ਆਪਣਾ ਟਰੈਕਟਰ ਚਲਾ ਰਿਹਾ ਸੀ ਅਤੇ ਉਹ ਨਵੀਂ ਦਿੱਲੀ ਸਥਿਤ ਆਂਧਰਾ ਐਜੂਕੇਸ਼ਨ ਸੁਸਾਇਟੀ ਕੋਲੋਂ ਲੰਘਿਆ ਤਾਂ ਪੁਲਿਸ ਨੇ ਉਸ ‘ਤੇ ਗੋਲੀ ਚਲਾਈ ਅਤੇ ਸੰਤੁਲਨ ਵਿਗੜਨ ਕਾਰਨ ਕੁਝ ਬੈਰੀਕੇਡਾਂ ਨਾਲ ਟਕਰਾਉਣ ਮਗਰੋਂ ਉਸ ਦਾ ਟਰੈਕਟਰ ਪਲਟ ਗਿਆ। ਪਟੀਸ਼ਨ ‘ਚ ਨਵਰੀਤ ਦੇ ਦਾਦਾ ਨੇ ਅਪੀਲ ਕੀਤੀ ਹੈ ਕਿ ਅਦਾਲਤ ਵੱਲੋਂ ਨਿਯੁਕਤ ਤੇ ਉਸ (ਅਦਾਲਤ) ਦੀ ਨਿਗਰਾਨੀ ਵਾਲੀ ‘ਸਿਟ’ ਮਾਮਲੇ ਦੀ ਜਾਂਚ ਕਰੇ, ਜਿਸ ‘ਚ ਬੇਦਾਗ ਕਰੀਅਰ ਵਾਲੇ ਇਮਾਨਦਾਰ ਅਧਿਕਾਰੀ ਸ਼ਾਮਲ ਹੋਣ। ਉਨ੍ਹਾਂ ਨੇ ਸਿਟ ਨੂੰ ਲਗਾਤਾਰ ਪ੍ਰਗਤੀ ਰਿਪੋਰਟ ਅਦਾਲਤ ਕੋਲ ਦਾਖ਼ਲ ਕਰਨ ਦੇ ਨਿਰਦੇਸ਼ ਦੇਣ ਦੀ ਵੀ ਅਪੀਲ ਕੀਤੀ ਹੈ ਤਾਂ ਕਿ ਸਮਾਂਬੱਧ ਤਰੀਕੇ ਨਾਲ ਜਾਂਚ ਪੂਰੀ ਹੋ ਸਕੇ। ਪਟੀਸ਼ਨ ‘ਚ ਦਿੱਲੀ ਸਰਕਾਰ ਦੇ ਗ੍ਰਹਿ ਵਿਭਾਗ, ਇੰਦਰਪ੍ਰਸਥ ਅਸਟੇਟ ਥਾਣੇ ਦੇ ਇੰਚਾਰਜ, ਬਿਲਾਸਪੁਰ (ਉੱਤਰ ਪ੍ਰਦੇਸ਼) ਥਾਣੇ ਦੇ ਇੰਚਾਰਜ ਅਤੇ ਰਾਮਪੁਰ ਜ਼ਿਲ੍ਹਾ ਹਸਪਤਾਲ ਦੇ ਮੁੱਖ ਮੈਡੀਕਲ ਅਧਿਕਾਰੀ ਨੂੰ ਧਿਰ ਬਣਾਉਣ ਦੀ ਅਪੀਲ ਕੀਤੀ ਗਈ ਹੈ।
ਨਵਰੀਤ ਸਿੰਘ ਦੀ ਮੌਤ ਦੀ ਜਾਂਚ ਸਿੱਟ ਤੋਂ ਕਰਵਾਉਣ ਦੀ ਮੰਗ ‘ਤੇ ਦਿੱਲੀ ਸਰਕਾਰ ਤੇ ਪੁਲਿਸ ਨੂੰ ਨੋਟਿਸ
ਨਵੀਂ ਦਿੱਲੀ : ਦਿੱਲੀ ਹਾਈਕੋਰਟ ਨੇ ਗਣਤੰਤਰ ਦਿਵਸ ‘ਤੇ ਟਰੈਕਟਰ ਪਰੇਡ ਦੌਰਾਨ 25 ਸਾਲਾ ਕਿਸਾਨ ਨਵਰੀਤ ਸਿੰਘ ਦੀ ਮੌਤ ਦੇ ਮਾਮਲੇ ਦੀ ਜਾਂਚ ਅਦਾਲਤ ਦੀ ਨਿਗਰਾਨੀ ਹੇਠ ਐੱਸਆਈਟੀ ਤੋਂ ਕਰਵਾਉਣ ਦੀ ਮੰਗ ‘ਤੇ ਦਿੱਲੀ ਸਰਕਾਰ ਅਤੇ ਪੁਲਿਸ ਤੋਂ ਜਵਾਬ ਮੰਗਿਆ ਹੈ। ਜਸਟਿਸ ਯੋਗੇਸ਼ ਖੰਨਾ ਨੇ ਦਿੱਲੀ ਸਰਕਾਰ, ਦਿੱਲੀ ਪੁਲਿਸ, ਉੱਤਰ ਪ੍ਰਦੇਸ਼ ਪੁਲਿਸ ਅਤੇ ਰਾਮਪੁਰ ਦੇ ਜ਼ਿਲ੍ਹਾ ਹਸਪਤਾਲ ਦੇ ਮੁੱਖ ਮੈਡੀਕਲ ਅਫਸਰ ਨੂੰ ਨੋਟਿਸ ਜਾਰੀ ਕੀਤੇ। ਇਸੇ ਹਸਪਤਾਲ ਵਿੱਚ ਨਵਰੀਤ ਸਿੰਘ ਦਾ ਪੋਸਟਮਾਰਟਮ ਹੋਇਆ ਸੀ। ਅਦਾਲਤ ਨੇ ਨਵਰੀਤ ਦੇ ਦਾਦਾ ਵਲੋਂ ਪਾਈ ਪਟੀਸ਼ਨ ‘ਤੇ ਇਹ ਨੋਟਿਸ ਜਾਰੀ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਪੋਤੇ ਦੇ ਸਿਰ ਵਿੱਚ ਗੋਲੀ ਦੇ ਜ਼ਖ਼ਮ ਸਨ। ਅਦਾਲਤ ਨੇ ਦਿੱਲੀ ਪੁਲਿਸ ਨੂੰ ਜਾਂਚ ਬਾਰੇ ਸੁਣਵਾਈ ਦੀ ਅਗਲੀ ਤਰੀਕ 26 ਫਰਵਰੀ ਤੱਕ ਸਥਿਤੀ ਰਿਪੋਰਟ ਦਾਖਲ ਕਰਨ ਦਾ ਹੁਕਮ ਵੀ ਦਿੱਤਾ ਹੈ।

Check Also

ਸੁਪਰੀਮ ਕੋਰਟ ਨੇ ਪਤੰਜਲੀ ਕੋਲੋਂ ਮੁਆਫੀਨਾਮੇ ਦੀ ਅਸਲੀ ਕਾਪੀ ਮੰਗੀ

ਅਦਾਲਤ ਨੇ ਉੱਤਰਾਖੰਡ ਲਾਇਸੈਂਸਿੰਗ ਅਥਾਰਟੀ ਦੀ ਵੀ ਕੀਤੀ ਖਿਚਾਈ ਨਵੀਂ ਦਿੱਲੀ/ਬਿਊਰੋ ਨਿਊਜ਼ ਪਤੰਜਲੀ ਦੇ ਗੁੰਮਰਾਹਕੁੰਨ …