ਭਾਰਤ ਦਾ ਤੀਜਾ ਸਭ ਤੋਂ ਵੱਕਾਰੀ ਜੰਗ ਦੇ ਸਮੇਂ ਦਾ ਬਹਾਦਰੀ ਪੁਰਸਕਾਰ ਦਿੱਤਾ
ਨਵੀਂ ਦਿੱਲੀ : ਪਾਕਿਸਤਾਨ ਨਾਲ ਸਾਲ 2019 ਵਿਚ ਹੋਈ ਹਵਾਈ ਜੰਗ ਦੌਰਾਨ ਦੁਸ਼ਮਣ ਦਾ ਜੰਗੀ ਜਹਾਜ਼ ਡੇਗਣ ਅਤੇ ਤਿੰਨ ਦਿਨ ਉਸ ਦੇਸ਼ ਦੀ ਕੈਦ ਵਿਚ ਰਹਿਣ ਵਾਲੇ ਹਵਾਈ ਸੈਨਾ ਦੇ ਗਰੁੱਪ ਕੈਪਟਨ ਅਭਿਨੰਦਨ ਵਰਧਮਾਨ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੀਰ ਚੱਕਰ ਪੁਰਸਕਾਰ ਨਾਲ ਸਨਮਾਨਿਤ ਕੀਤਾ। ਭਾਰਤੀ ਹਵਾਈ ਸੈਨਾ ਦੇ ਜੰਗੀ ਪਾਇਲਟ ਨੂੰ ਭਾਰਤ ਦੇ ਤੀਜੇ ਸਭ ਤੋਂ ਵੱਕਾਰੀ ਜੰਗ ਦੇ ਸਮੇਂ ਦੇ ਬਹਾਦਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਗਰੁੱਪ ਕੈਪਟਨ ਅਭਿਨੰਦਨ ਨੂੰ ਇਹ ਸਨਮਾਨ ਹਵਾਈ ਜੰਗ ਦੌਰਾਨ ਫ਼ਰਜ਼ ਦੀ ਅਸਾਧਾਰਨ ਭਾਵਨਾ ਪ੍ਰਗਟ ਕਰਨ ਲਈ ਦਿੱਤਾ ਗਿਆ। ਇਹ ਪੁਰਸਕਾਰ ਸਮਾਰੋਹ ਰਾਸ਼ਟਰਪਤੀ ਭਵਨ ਵਿਚ ਹੋਇਆ, ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਹੋਰ ਕਈ ਸ਼ਖ਼ਸੀਅਤਾਂ ਹਾਜ਼ਰ ਸਨ। ਇਸ ਦੌਰਾਨ ਕਈ ਹੋਰ ਫ਼ੌਜੀ ਅਧਿਕਾਰੀਆਂ ਦਾ ਸਨਮਾਨ ਕੀਤਾ ਗਿਆ। ਇਸ ਮਹੀਨੇ ਦੇ ਸ਼ੁਰੂਆਤ ਵਿਚ ਹਵਾਈ ਸੈਨਾ ਨੇ ਵਰਧਮਾਨ ਦੀ ਤਰੱਕੀ ਗਰੁੱਪ ਕੈਪਟਨ ਵਜੋਂ ਕੀਤੀ ਸੀ। ਪਾਕਿਸਤਾਨ ਦੇ ਨਾਲ ਹੋਈ ਹਵਾਈ ਜੰਗ ਦੌਰਾਨ ਉਨ੍ਹਾਂ ਦਾ ਅਹੁਦਾ ਵਿੰਗ ਕਮਾਂਡਰ ਦਾ ਸੀ। ਰਾਸ਼ਟਰਪਤੀ ਭਵਨ ਨੇ ਟਵੀਟ ਕੀਤਾ, ”ਰਾਸ਼ਟਰਪਤੀ ਕੋਵਿੰਦ ਨੇ ਵਿੰਗ ਕਮਾਂਡਰ (ਹੁਣ ਗਰੁੱਪ ਕੈਪਟਨ) ਵਰਧਮਾਨ ਅਭਿਨੰਦਨ ਨੂੰ ਵੀਰ ਚੱਕਰ ਪ੍ਰਦਾਨ ਕੀਤਾ। ਉਨ੍ਹਾਂ ਨੇ ਲਾਜਵਾਬ ਬਹਾਦਰੀ ਦਿਖਾਈ, ਨਿੱਜੀ ਸੁਰੱਖਿਆ ਦੀ ਪ੍ਰਵਾਹ ਨਾ ਕਰਦੇ ਹੋਏ ਦੁਸ਼ਮਣ ਦੇ ਸਾਹਮਣੇ ਦਿਲੇਰੀ ਦਿਖਾਈ ਅਤੇ ਫ਼ਰਜ਼ ਦੀ ਅਸਾਧਾਰਨ ਭਾਵਨਾ ਦਾ ਪ੍ਰਦਰਸ਼ਨ ਕੀਤਾ।” ਅਭਿਨੰਦਨ ਨੇ ਆਪਣੇ ਮਿੱਗ-21 ਬਾਈਸਨ ਜੰਗੀ ਜਹਾਜ਼ ਦੇ ਡਿੱਗਣ ਤੋਂ ਪਹਿਲਾਂ 27 ਫਰਵਰੀ, 2019 ਨੂੰ ਪਾਕਿਸਤਾਨ ਦੇ ਇਕ ਐੱਫ-16 ਜੰਗੀ ਜਹਾਜ਼ ਨੂੰ ਡੇਗ ਦਿੱਤਾ ਸੀ। ਭਾਰਤ ਵੱਲੋਂ ਬਾਲਾਕੋਟ ਵਿਚ ਅੱਤਵਾਦੀ ਟਿਕਾਣਿਆਂ ‘ਤੇ ਕੀਤੇ ਗਏ ਹਵਾਈ ਹਮਲੇ ਤੋਂ ਇਕ ਦਿਨ ਬਾਅਦ ਪਾਕਿਸਤਾਨ ਨੇ ਜਵਾਬੀ ਕਾਰਵਾਈ ਦੀ ਕੋਸ਼ਿਸ਼ ਕੀਤੀ ਸੀ। ਸਰਕਾਰ ਨੇ ਵਰਧਮਾਨ ਨੂੰ ਵੀਰ ਚੱਕਰ ਪ੍ਰਦਾਨ ਕਰਨ ਦੇ ਫ਼ੈਸਲੇ ਦਾ ਐਲਾਨ 2019 ਵਿਚ ਕੀਤਾ ਸੀ।
ਪਾਕਿ ਨੇ ਭਾਰਤ ਦੇ ਦਾਅਵੇ ਨੂੰ ਨਕਾਰਿਆ
ਪਾਕਿਸਤਾਨੀ ਵਿਦੇਸ਼ ਮੰਤਰਾਲੇ ਮੁਤਾਬਕ ਫਰਵਰੀ 2019 ਦੀ ਘਟਨਾ ਬਾਰੇਭਾਰਤ ਦੇ ਬਿਆਨ ‘ਬੇਬੁਨਿਆਦ’
ਇਸਲਾਮਾਬਾਦ : ਪਾਕਿਸਤਾਨ ਨੇ ਭਾਰਤ ਦੇ ਉਸ ਰੁਖ਼ ਨੂੰ ‘ਬੇਬੁਨਿਆਦ’ ਕਹਿੰਦਿਆਂ ਖਾਰਜ ਕਰ ਦਿੱਤਾ ਜਿਸ ਵਿਚ ਕਿਹਾ ਗਿਆ ਹੈ ਕਿ ਫਰਵਰੀ 2019 ਵਿਚ ਭਾਰਤੀ ਪਾਇਲਟ ਨੇ ਹਵਾਈ ਟਕਰਾਅ ਦੌਰਾਨ ਇਕ ਪਾਕਿਸਤਾਨੀ ਐੱਫ-16 ਹਵਾਈ ਜਹਾਜ਼ ਡੇਗ ਲਿਆ ਸੀ। ਜ਼ਿਕਰਯੋਗ ਹੈ ਕਿ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ (ਹੁਣ ਗਰੁੱਪ ਕੈਪਟਨ) ਦਾ ਮਿੱਗ-21 ਜਹਾਜ਼ 27 ਫਰਵਰੀ, 2019 ਨੂੰ ਪਾਕਿਸਤਾਨੀ ਖੇਤਰ ਵਿਚ ਡਿਗ ਗਿਆ ਸੀ ਤੇ ਉਨ੍ਹਾਂ ਨੂੰ ਉੱਥੋਂ ਦੀ ਫ਼ੌਜ ਨੇ ਫੜ ਲਿਆ ਸੀ। ਅਭੀਨੰਦਨ ਨੂੰ ਮਗਰੋਂ ਪਹਿਲੀ ਮਾਰਚ ਨੂੰ ਰਿਹਾਅ ਕੀਤਾ ਗਿਆ ਸੀ। ਇਸ ਹਵਾਈ ਟਕਰਾਅ ਦੌਰਾਨ ਹੀ ਵਿੰਗ ਕਮਾਂਡਰ ਵੱਲੋਂ ਪਾਕਿਸਤਾਨ ਦਾ ਐਫ-16 ਜਹਾਜ਼ ਡੇਗਣ ਬਾਰੇ ਕਿਹਾ ਗਿਆ ਸੀ। ਵਿੰਗ ਕਮਾਂਡਰ ਨੂੰ ਹੁਣ ਰਾਸ਼ਟਰਪਤੀ ਵੱਲੋਂ ਵੀਰ ਚੱਕਰ ਨਾਲ ਸਨਮਾਨਿਤ ਵੀ ਕੀਤਾ ਗਿਆ ਹੈ। ਵੀਰ ਚੱਕਰ ਭਾਰਤ ਦਾ ਤੀਜਾ ਸਭ ਤੋਂ ਵੱਡਾ ਬਹਾਦਰੀ ਸਨਮਾਨ ਹੈ। ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਕੌਮਾਂਤਰੀ ਮਾਹਿਰ ਤੇ ਅਮਰੀਕੀ ਅਧਿਕਾਰੀ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਉਸ ਦਿਨ ਪਾਕਿਸਤਾਨ ਦਾ ਕੋਈ ਐਫ-16 ਨਹੀਂ ਡਿਗਿਆ।