ਹੁਸ਼ਿਆਰਪੁਰ/ਬਿਊਰੋ ਨਿਊਜ਼ : ਕੈਨੇਡਾ ‘ਚ ਹੋਈਆਂ ਆਮ ਚੋਣਾਂ ‘ਚ ਜਿੱਤ ਦਰਜ ਕਰਨ ਵਾਲੇ 18 ਪੰਜਾਬੀਆਂ ‘ਚੋਂ ਹੁਸ਼ਿਆਰਪੁਰ ਨਾਲ ਸਬੰਧ ਰੱਖਣ ਵਾਲੇ 5 ਉਮੀਦਵਾਰਾਂ ਨੇ ਵੀ ਸਫ਼ਲਤਾ ਹਾਸਲ ਕੀਤੀ ਹੈ। ਇਹ ਸਾਰੇ ਪਹਿਲਾਂ ਵੀ ਕੈਨੇਡਾ ‘ਚ ਸੰਸਦ ਮੈਂਬਰ ਸਨ ਤੇ ਹੁਣ ਦੁਬਾਰਾ ਫਿਰ ਇਨ੍ਹਾਂ ਆਪਣੀ ਮਿਹਨਤ ਦਾ ਝੰਡਾ ਲਹਿਰਾਇਆ ਹੈ।
ਪਿੰਡ ਬੰਬੇਲੀ ਦੇ ਰਹਿਣ ਵਾਲੇ ਹਰਜੀਤ ਸਿੰਘ ਸੱਜਣ 2015 ‘ਚ ਵੀ ਸੰਸਦ ਮੈਂਬਰ ਚੁਣੇ ਗਏ ਸਨ ਤੇ ਕੈਨੇਡਾ ਦੇ ਰੱਖਿਆ ਮੰਤਰੀ ਸਨ, ਇਸ ਵਾਰ ਫਿਰ ਉਨ੍ਹਾਂ ਜਿੱਤ ਦਰਜ ਕੀਤੀ ਹੈ, ਜਿਸ ਨਾਲ ਪਿੰਡ ਬੰਬੇਲੀ ‘ਚ ਖੁਸ਼ੀ ਦਾ ਮਾਹੌਲ ਹੈ ਤੇ ਪਿੰਡ ਵਾਸੀਆਂ ਨੇ ਲੱਡੂ ਵੰਡ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ।
ਇਸ ਮੌਕੇ ਹਰਜੀਤ ਸਿੰਘ ਸੱਜਣ ਦੇ ਚਾਚੇ ਦੇ ਲੜਕੇ ਜਸਵੀਰ ਸਿੰਘ ਨੇ ਕਿਹਾ ਕਿ ਹਰਜੀਤ ਸਿੰਘ ਸੱਜਣ ਨੇ ਉਨ੍ਹਾਂ ਦੇ ਪਿੰਡ ਦਾ ਨਾਂਅ ਰੌਸ਼ਨ ਕੀਤਾ ਹੈ। ਇਸੇ ਤਰ੍ਹਾਂ ਸੰਸਦ ਮੈਂਬਰ ਚੁਣੀ ਗਈ ਅੰਜੂ ਢਿੱਲੋਂ ਗੜ੍ਹਦੀਵਾਲਾ ਨੇੜੇ ਪਿੰਡ ਦਾਰਾਪੁਰ ਧਰਮਕੋਟ ਦੇ ਰਹਿਣ ਵਾਲੇ ਹਰਦੀਪ ਸਿੰਘ ਦਿੱਲੋਂ ਦੀ ਲੜਕੀ ਹੈ। ਇਸੇ ਤਰ੍ਹਾਂ ਬਰੈਂਪਟਨ ਨਾਰਥ ਸੀਟ ਜਿੱਤ ਕੇ ਦੁਬਾਰਾ ਸੰਸਦ ਮੈਂਬਰ ਬਣੀ ਰੂਬੀ ਸਹੋਤਾ ਹੁਸ਼ਿਆਰਪੁਰ ਦੇ ਮੁਹੱਲਾ ਵਿਜੇ ਨਗਰ ਦੀ ਰਹਿਣ ਵਾਲੀ ਹੈ। ਰੂਬੀ ਤੇ ਪਿਤਾ ਹਰਬੰਸ ਸਿੰਘ ਤੇ ਦਾਦਾ ਗੁਰਬਖਸ਼ ਸਿੰਘ ਸਹੋਤਾ 1970 ‘ਚ ਕੈਨੇਡਾ ਵਸ ਗਏ ਸਨ। ਇਸੇ ਤਰ੍ਹਾਂ ਓਨਟਾਰੀਓ ਦੀ ਮਿਸੀਸਾਗਾ ਮਾਲਟਨ ਸੀਟ ਤੋਂ ਸੰਸਦ ਮੈਂਬਰ ਨਵਦੀਪ ਬੈਂਸ ਹੁਸ਼ਿਆਰਪੁਰ ਦੇ ਪਿੰਡ ਲਹਿਲੀ ਕਲਾਂ ਦੇ ਰਹਿਣ ਵਾਲੇ ਹਨ ਤੇ ਉਨ੍ਹਾਂ ਦਾ ਪਰਿਵਾਰ ਮਾਹਿਲਪੁਰ ‘ਚ ਰਹਿੰਦਾ ਹੈ। ਉਨ੍ਹਾਂ ਦਾ ਵਿਆਹ ਹੁਸ਼ਿਆਰਪੁਰ ਦੇ ਪਿੰਡ ਨੰਦਾਚੌਰ ‘ਚ ਹੋਇਆ ਹੈ। ਇਸੇ ਤਰ੍ਹਾਂ ਸਰੀ ਨਿਊਟਨ ਤੋਂ ਸੰਸਦ ਮੈਂਬਰ ਬਣੇ ਸੁਖ ਧਾਲੀਵਾਲ ਲੁਧਿਆਣਾ ਦੇ ਰਹਿਣ ਵਾਲੇ ਹਨ ਤੇ ਉਨ੍ਹਾਂ ਦਾ ਬਚਪਨ ਹੁਸ਼ਿਆਰਪੁਰ ‘ਚ ਬੀਤਿਆ ਹੈ। ਤਲਵਾੜਾ ‘ਚ ਬੀ.ਬੀ.ਐਮ.ਬੀ. ‘ਚ ਨੌਕਰੀ ਕਰਨ ਵਾਲੇ ਪਿਤਾ ਨਾਲ ਰਹਿ ਕੇ ਉਨ੍ਹਾਂ ਤਲਵਾੜਾ ਤੋਂ 12ਵੀਂ ਪਾਸ ਕੀਤੀ ਤੇ ਇਸ ਤੋਂ ਬਾਅਦ ਸਰਕਾਰੀ ਕਾਲਜ ਤੋਂ ਸਿੱਖਿਆ ਪ੍ਰਾਪਤ ਕੀਤੀ।
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …