Breaking News
Home / ਮੁੱਖ ਲੇਖ / ਸਮਾਜਿਕ ਏਕਤਾ ਦਾ ਆਧਾਰ ਬਣ ਸਕਦੀ ਹੈ

ਸਮਾਜਿਕ ਏਕਤਾ ਦਾ ਆਧਾਰ ਬਣ ਸਕਦੀ ਹੈ

ਸ਼੍ਰੋਮਣੀ ਕਮੇਟੀ ਦੀ ‘ਇਕ ਪਿੰਡ, ਇਕ ਗੁਰਦੁਆਰਾ ਮੁਹਿੰਮ’
ਤਲਵਿੰਦਰ ਸਿੰਘ ਬੁੱਟਰ
ਭਾਵੇਂ ਦੇਰ ਨਾਲ ਹੀ ਸਹੀ, ਆਖ਼ਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਸਮਾਜ ਅੰਦਰ ਵੰਡੀਆਂ ਦਾ ਕਾਰਨ ਬਣ ਰਹੇ ਪਿੰਡਾਂ, ਨਗਰਾਂ ‘ਚ ਜਾਤਾਂ ਅਤੇ ਧੜ੍ਹੇਬੰਦੀਆਂ ‘ਤੇ ਆਧਾਰਤ ਗੁਰਦੁਆਰਿਆਂ ਦੇ ਰੁਝਾਨ ਨੂੰ ਰੋਕਣ ਲਈ ਗੰਭੀਰਤਾ ਦਿਖਾਉਣ ਲੱਗੀ ਹੈ। ਲੰਘੀ 7 ਮਾਰਚ ਨੂੰ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਦੀ ਅੰਤ੍ਰਿਗ ਕਮੇਟੀ ਵਲੋਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਪਹਿਲ-ਕਦਮੀ ਸਦਕਾ ਮਤਾ ਪਾਸ ਕਰਕੇ ਪਿੰਡਾਂ ਅਤੇ ਸ਼ਹਿਰਾਂ ਵਿਚ ਆਪਸੀ ਮੇਲ-ਮਿਲਾਪ ਅਤੇ ਮਿਲਵਰਤਨ ਵਧਾਉਣ, ਜਾਤਾਂ-ਪਾਤਾਂ ਅਤੇ ਬਿਰਾਦਰੀਆਂ ਦੀ ਵਿੱਥ ਨੂੰ ਖ਼ਤਮ ਕਰਦਿਆਂ, ਗੁਰਦੁਆਰਿਆਂ ਨੂੰ ਸਾਰਥਿਕ ਰੂਪ ‘ਚ ਗੁਰੂ ਸਾਹਿਬਾਨ ਦੇ ‘ਸਰਬ ਸਾਂਝੀਵਾਲਤਾ’ ਦੇ ਉਪਦੇਸ਼ ਦੇ ਪ੍ਰਤੀਕ ਬਣਾਉਣ ਅਤੇ ਪੰਥਕ ਏਕਤਾ ਲਈ ‘ਇਕ ਪਿੰਡ, ਇਕ ਗੁਰਦੁਆਰਾ ਲਹਿਰ’ ਆਰੰਭ ਕਰਨ ਦਾ ਫ਼ੈਸਲਾ ਲਿਆ ਗਿਆ। ਜਿਸ ਮੁਤਾਬਕ ਸ਼੍ਰੋਮਣੀ ਕਮੇਟੀ ਉਨ੍ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਪੰਚਾਇਤਾਂ ਨੂੰ ਸਨਮਾਨਿਤ ਕਰੇਗੀ, ਜੋ ਆਪਣੇ ਪਿੰਡਾਂ ‘ਚ ਇਕ ਗੁਰਦੁਆਰਾ ਸਾਹਿਬ ਰੱਖਣ ਦਾ ਫ਼ੈਸਲਾ ਕਰਨਗੀਆਂ। ਇਸ ਫ਼ੈਸਲੇ ਤਹਿਤ ਸ਼੍ਰੋਮਣੀ ਕਮੇਟੀ ਨੇ ਇਕ ਤੋਂ ਵੱਧ ਗੁਰਦੁਆਰਿਆਂ ਤੋਂ ਇਕ ਗੁਰਦੁਆਰਾ ਕਰਨ ਵਾਲੇ ਪਿੰਡਾਂ ‘ਚ ਬਾਕੀ ਗੁਰਦੁਆਰਿਆਂ ਦੀਆਂ ਇਮਾਰਤਾਂ ਨੂੰ ਪਿੰਡ ਦੇ ਲੋਕਾਂ ਲਈ ਲਾਇਬ੍ਰੇਰੀਆਂ, ਡਿਸਪੈਂਸਰੀਆਂ, ਖੇਡ ਕਲੱਬ ਜਾਂ ਗੁਰਬਾਣੀ, ਕੀਰਤਨ ਸਿਖਲਾਈ ਕੇਂਦਰਾਂ ਵਰਗੇ ਸਦ-ਕਾਰਜਾਂ ਲਈ ਵਰਤਣ ਦਾ ਸੁਝਾਅ ਵੀ ਦਿੱਤਾ ਹੈ, ਜੋ ਸਮਾਜ ਦੀ ਭਲਾਈ ਲਈ ਗੁਰਮਤਿ ਦੇ ਸਰਬ ਸਾਂਝੀਵਾਲਤਾ ਵਾਲੇ ਸੰਦਰਭ ‘ਚ ਬਿਹਤਰ ਸੰਕਲਪ ਹੈ।
ਲਹਿਰ ਦੀ ਆਰੰਭਤਾ ਜਗਰਾਉਂ ਜ਼ਿਲ੍ਹੇ ਦੇ 15 ਹਜ਼ਾਰ ਦੀ ਆਬਾਦੀ ਵਾਲੇ ਪਿੰਡ ਚਕਰ ਤੋਂ ਹੋਈ, ਜਿੱਥੇ ਕਿ ਇਕੋ ਗੁਰੂ-ਘਰ ਵਿਖੇ ਜਾਤ-ਪਾਤ ਅਤੇ ਧੜ੍ਹੇਬਾਜ਼ੀ ਤੋਂ ਉੱਪਰ ਉਠ ਕੇ ਸਾਰੀਆਂ ਸੰਗਤਾਂ ਇਕਜੁਟ ਹੋ ਕੇ ਨਤਮਸਤਕ ਹੁੰਦੀਆਂ ਹਨ। ਇਸ ਤੋਂ ਬਾਅਦ ਮਾਲਵੇ ਦੇ ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਧੂੜਕੋਟ ਦੀਆਂ ਸੰਗਤਾਂ ਨੇ ਵੀ ਪਿੰਡ ‘ਚ ਦੋ ਤੋਂ ਇਕ ਗੁਰਦੁਆਰਾ ਸਾਹਿਬ ਕਰਨ ਦਾ ਫ਼ੈਸਲਾ ਕੀਤਾ ਹੈ।
ਗੁਰਦੁਆਰਾ ਸੰਸਥਾ ਦੀ ਪ੍ਰੀਭਾਸ਼ਾ ਤੇ ਸੰਕਲਪ : ਗੁਰਦੁਆਰਾ ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਦੀ ਇਕ ਬਹੁਮੁਖੀ ਕੇਂਦਰੀ ਸੰਸਥਾ ਹੈ। ਗੁਰਦੁਆਰਾ ਸਿੱਖ ਧਰਮ, ਪੰਥ ਅਤੇ ਸਮਾਜ ਦਾ ਕੇਵਲ ਇਕ ਧਰਮ ਅਸਥਾਨ ਹੀ ਨਹੀਂ, ਸਗੋਂ ਇਹ ਸਮੁੱਚੇ ਸਿੱਖੀ ਜੀਵਨ ਅਤੇ ਸਮਾਜਿਕ-ਮਨੁੱਖੀ ਸਰੋਕਾਰਾਂ ਦਾ ਕੇਂਦਰੀ ਧੁਰਾ ਹੈ। ਗੁਰਦੁਆਰਾ ਸੰਸਥਾ ਦਾ ਮੂਲ ਮਕਸਦ ਧਰਮ ਦੇ ਨਾਲ-ਨਾਲ ਬਹੁਪੱਖੀ ਸਮਾਜ ਭਲਾਈ ਦੇ ਕਾਰਜ ਕਰਦਿਆਂ ਸਿੱਖੀ ਦੇ ਸੁਨੇਹੇ ਨੂੰ ਸਿੱਖ ਪੰਥ ਤੇ ਸਮਾਜ ਦੇ ਚਾਰੇ ਪਾਸੇ ਤੱਕ ਪਹੁੰਚਾਉਣਾ ਹੈ। ਗੁਰਦੁਆਰਾ ਸੰਸਥਾ ਦੇ ਸੰਕਲਪ, ਬਹੁਮੁਖੀ ਉਦੇਸ਼ਾਂ ਅਤੇ ਕਾਰਜਾਂ ਨੂੰ ਸਮਝਣ ਲਈ ਭਾਈ ਕਾਨ੍ਹ ਸਿੰਘ ਨਾਭਾ ਵਲੋਂ ਦਿੱਤੀ ਪ੍ਰੀਭਾਸ਼ਾ ਨਫ਼ੀਸ ਹੈ; ”ਗੁਰਦੁਆਰਾ ਉਹ ਪਵਿੱਤਰ ਅਸਥਾਨ ਹੈ ਜਿਥੇ ਸਾਂਝੀਵਾਲਤਾ ਦੇ ਪ੍ਰਤੀਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਵੇ। ਗੁਰਦੁਆਰੇ ਵਿਦਿਆਰਥੀਆਂ ਲਈ ਸਕੂਲ, ਆਤਮ-ਜਗਿਆਸਾ ਵਾਲਿਆਂ ਲਈ ਗਿਆਨ ਉਪਦੇਸ਼ਕ ਆਚਾਰਯ, ਰੋਗੀਆਂ ਲਈ ਸ਼ਫ਼ਾਖ਼ਾਨਾ, ਭੁੱਖਿਆਂ ਲਈ ਅੰਨਪੂਰਨਾ, ਇਸਤਰੀ ਜਾਤ ਦੀ ਪੱਤ ਰੱਖਣ ਲਈ ਲੋਹਮਈ ਦੁਰਗਾ ਤੇ ਮੁਸਾਫ਼ਰਾਂ ਲਈ ਵਿਸ਼ਰਾਮ ਘਰ ਹੁੰਦੇ ਹਨ।”
ਬੇਸ਼ੱਕ ਗੁਰੂ ਸਾਹਿਬਾਨ ਦੀ ਸਿਧਾਂਤਕ ਵਿਚਾਰਧਾਰਾ ਦਾ ਮਰਿਯਾਦਾਬੱਧ ਪ੍ਰਚਾਰ ਗੁਰਦੁਆਰਾ ਸੰਸਥਾ ਦਾ ਮੁੱਖ ਕਾਰਜ ਹੈ, ਪਰ ਗੁਰਮਤਿ ਦੇ ਪ੍ਰਚਾਰ-ਪ੍ਰਸਾਰ ਦੇ ਸਿੱਟੇ ਹਾਸਲ ਕਰਨ ਲਈ ਜਗਿਆਸੂਆਂ ਲਈ ਗਿਆਨ ਦੀ ਪਾਠਸ਼ਾਲਾ, ਯਾਤਰੂਆਂ ਲਈ ਰਿਹਾਇਸ਼, ਭੁੱਖਿਆਂ ਲਈ ਲੰਗਰ, ਲੋੜਵੰਦ ਬਿਮਾਰਾਂ ਲਈ ਸਿਹਤ ਸੇਵਾਵਾਂ ਵੀ ਮੁਹੱਈਆ ਕਰਵਾਉਣਾ ਇਸ ਦੇ ਲਾਜ਼ਮੀ ਸੰਸਥਾਗਤ ਉਦੇਸ਼ ਹਨ। ਇਨ੍ਹਾਂ ਵਿਚੋਂ ਕਿਸੇ ਵੀ ਇਕ ਕੜੀ ਦਾ ਕਮਜ਼ੋਰ ਹੋ ਜਾਣਾ, ਗੁਰਦੁਆਰਾ ਸੰਸਥਾ ਨੂੰ ਸੰਕਲਪਹੀਣ ਕਰ ਸਕਦਾ ਹੈ। ਗੁਰਦੁਆਰਾ ਸੰਸਥਾ ਦੀ ਪੁਰਾਤਨ ਸਮਿਆਂ ‘ਚ ਸਾਡੇ ਮੁੱਢਲੇ ਸਮਾਜਿਕ ਅਤੇ ਮਨੁੱਖੀ ਜੀਵਨ ਦੇ ਵਿਕਾਸ ‘ਚ ਬਹੁਤ ਵੱਡੀ ਦੇਣ ਰਹੀ ਹੈ। ਗੁਰਦੁਆਰੇ ‘ਚੋਂ ਗੁਰੂ ਦੀ ਮੱਤ (ਧਾਰਮਿਕ ਅਤੇ ਨੈਤਿਕ ਗੁਣ) ਧਾਰਨ ਕਰਕੇ ਗੁਰਸਿੱਖ ਅੱਗੋਂ ਆਦਰਸ਼ਕ ਸਮਾਜ ਦੀ ਸਿਰਜਣਾ ਕਰਦੇ ਰਹੇ ਹਨ। ਗੁਰਦੁਆਰਾ ਸਾਹਿਬਾਨ ਦਾ ਮੁੱਢਲੇ ਤੌਰ ‘ਤੇ ਮਾਂ-ਬੋਲੀ ਦੇ ਪ੍ਰਚਾਰ-ਪ੍ਰਸਾਰ ‘ਚ ਵੀ ਵੱਡਾ ਯੋਗਦਾਨ ਰਿਹਾ ਹੈ। ਪੁਰਾਣੇ ਸਮਿਆਂ ‘ਚ ਬਹੁਤ ਸਾਰੇ ਅਨਪੜ੍ਹ ਲੋਕ, ਜੋ ਕਦੇ ਸਕੂਲ ਵੀ ਨਹੀਂ ਗਏ, ਉਹ ਚੰਗੀ ਤਰ੍ਹਾਂ ਗੁਰਮੁਖੀ ਲਿਖਣੀ-ਪੜ੍ਹਨੀ ਗੁਰਦੁਆਰਿਆਂ ਵਿਚੋਂ ਹੀ ਸਿੱਖਦੇ ਸਨ। ਪਿੰਡਾਂ ਦੇ ਗੁਰੂ-ਘਰ ਭਾਈਚਾਰੇ, ਏਕਤਾ ਅਤੇ ਸਦਭਾਵਨਾ ਦਾ ਵੀ ਮੁੱਖ ਕੇਂਦਰ ਹੁੰਦੇ ਸਨ। ਪਿੰਡਾਂ ਦੇ ਸਾਂਝੇ ਫ਼ੈਸਲੇ ਗੁਰਦੁਆਰਿਆਂ ‘ਚ ਬੈਠ ਕੇ ਲਏ ਜਾਂਦੇ ਸਨ। ਭਾਈ-ਗ੍ਰੰਥੀ ਸਾਂਝੀਵਾਲਤਾ ਦੇ ਜ਼ਾਮਨ ਹੁੰਦੇ ਸਨ।
ਪਿੰਡਾਂ ‘ਚ ਬਹੁਤੇ ਗੁਰਦੁਆਰੇ ਬਣਨ ਦਾ ਕਾਰਨ : ਪਿੰਡਾਂ, ਨਗਰਾਂ ‘ਚ ਇਕ ਤੋਂ ਵੱਧ ਗੁਰਦੁਆਰਿਆਂ ਦੀ ਉਸਾਰੀ ਦਾ ਮੁੱਖ ਕਾਰਨ ਭਾਵੇਂ ਸਾਡੀ ਸਮਾਜਿਕ ਬਣਤਰ ‘ਚ ਡੂੰਘਾ ਧੱਸਿਆ ਜਾਤ-ਪਾਤ ਦਾ ਵਰਤਾਰਾ ਹੈ, ਪਰ ਇਸ ਦੇ ਨਾਲ ਸਿਆਸੀ ਅਹੁਦਿਆਂ ਅਤੇ ਚੌਧਰਾਂ ਦੀ ਭੁੱਖ ਵੀ ਇਸ ਦਾ ਇਕ ਵੱਡਾ ਕਾਰਨ ਬਣੀ।
ਸਾਡੇ ਗੁਰੂ ਸਾਹਿਬਾਨ ਨੇ ਤਾਂ ਜਾਤ-ਪਾਤ ਦਾ ਭਰਪੂਰ ਖੰਡਨ ਕਰਦਿਆਂ ਸਾਰੀ ਮਨੁੱਖਤਾ ਨੂੰ ਇਕ ਕਰਕੇ ਜਾਣਿਆ ਸੀ। ਗੁਰੂ ਸਾਹਿਬਾਨ ਨੇ ‘ਰੱਬੀ ਏਕਤਾ’ ਦਾ ਸੰਦੇਸ਼ ਦਿੱਤਾ ਅਤੇ ਇਹੀ ਸੰਦੇਸ਼ ਗੁਰੂ-ਘਰਾਂ ਵਿਚੋਂ ਸਾਡੇ ਸਰਬਰਾਹ ਸੁਣਾਉਂਦੇ ਆਏ ਹਨ। ਗੁਰਮਤਿ ਅਨੁਸਾਰ ਰੱਬ ‘ਇਕ’ ਹੈ ਅਤੇ ਸਾਰੀ ਕਾਇਨਾਤ ਉਸੇ ‘ਕਰਤਾ ਪੁਰਖ’ ਦੀ ਸਿਰਜੀ ਹੋਈ ਹੈ। ਚਾਰੇ ਵਰਣਾਂ, ਜਾਤਾਂ ਤੇ ਖੇਤਰਾਂ ਦੇ ਲੋਕਾਂ ‘ਚ ਇਕ ਅਕਾਲ ਪੁਰਖ ਦੀ ਹੀ ਜੋਤ ਜਗ ਰਹੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ 6 ਗੁਰੂ ਸਾਹਿਬਾਨ ਤੋਂ ਇਲਾਵਾ ਵੱਖ-ਵੱਖ ਜਾਤਾਂ, ਧਰਮਾਂ ਤੇ ਖਿੱਤਿਆਂ ਨਾਲ ਸਬੰਧਤ 15 ਭਗਤਾਂ, 11 ਭੱਟਾਂ ਅਤੇ ਗੁਰੂ-ਘਰ ਦੇ ਤਿੰਨ ਸਿੱਖ ਸ਼ਰਧਾਲੂਆਂ ਦੀ ਬਾਣੀ ਦਰਜ ਕਰਕੇ ‘ਸਰਬ ਸਾਂਝੀਵਾਲਤਾ’ ਦਾ ਨਾਯਾਬ ਉਪਦੇਸ਼ ਦਿੱਤਾ ਗਿਆ ਹੈ। ਪਰ ਸਮੇਂ ਦੇ ਨਾਲ ਵਰਣ-ਵੰਡ ਸੋਚ ਦੇ ਪ੍ਰਭਾਵ ਅਤੇ ਸਮਾਜਿਕ ਪੱਧਰ ‘ਤੇ ਸੂਖ਼ਮ ਤੌਰ ‘ਤੇ ਧਸੀ ਜਾਤ-ਪਾਤ ਕਾਰਨ ਸਿੱਖ ਸਮਾਜ ਅਤੇ ਚੌਧਰਾਂ ਦੀ ਲਾਲਸਾ ਕਾਰਨ ਸਿੱਖ ਲੀਡਰਸ਼ਿਪ ਨੇ ਗੁਰਦੁਆਰੇ ਤਾਂ ਕੀ ਪਿੰਡਾਂ ‘ਚ ਹੁਣ ਸ਼ਮਸ਼ਾਨਘਾਟ ਤੱਕ ਜਾਤਾਂ ਦੇ ਆਧਾਰ ‘ਤੇ ਵੰਡ ਲਏ ਹਨ। ਚੌਧਰਾਂ ਖ਼ਾਤਰ ਹੁਣ ਵਿਦੇਸ਼ਾਂ ‘ਚ ਵੀ ਜਾਤਾਂ-ਪਾਤਾਂ, ਸੰਪਰਦਾਵਾਂ ਅਤੇ ਇਲਾਕਿਆਂ ਦੇ ਆਧਾਰ ‘ਤੇ ਕਿਰਾਏ ਦੀਆਂ ਇਮਾਰਤਾਂ ‘ਚ ਸੰਸਥਾਵਾਂ, ਸੁਸਾਇਟੀਆਂ ਬਣਾ ਕੇ ਨਿੱਜੀ ਗੁਰਦੁਆਰੇ ਉਸਾਰਨ ਦਾ ਰੁਝਾਨ ਤੇਜ਼ ਹੋ ਰਿਹਾ ਹੈ।
ਬੇਸ਼ੱਕ ਕਾਫ਼ੀ ਅਰਸਾ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵੀ ਇਕ ਪਿੰਡ ‘ਚ ਇਕੋ ਗੁਰਦੁਆਰਾ ਸਾਹਿਬ ਹੋਣ ਸਬੰਧੀ ਆਦੇਸ਼ ਜਾਰੀ ਹੋਇਆ ਸੀ, ਪਰ ਇਸ ਨੂੰ ਅਮਲ ਵਿਚ ਲਿਆਉਣ ਲਈ ਸ਼੍ਰੋਮਣੀ ਕਮੇਟੀ ਲੰਬਾ ਸਮਾਂ ਅਵੇਸਲੀ ਬਣੀ ਰਹੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਇਸ ਅਵੇਸਲੇਪਨ ਨੂੰ ਦੂਰ ਕਰਨ ਲਈ ਮੁਬਾਰਕਬਾਦ ਦੇ ਹੱਕਦਾਰ ਹਨ।
ਇਕ ਪਿੰਡ, ਇਕ ਗੁਰਦੁਆਰਾ ਮੁਹਿੰਮ ਦੀ ਸਾਰਥਿਕਤਾ : ਸ਼੍ਰੋਮਣੀ ਕਮੇਟੀ ਦੀ ‘ਇਕ ਪਿੰਡ, ਇਕ ਗੁਰਦੁਆਰਾ ਮੁਹਿੰਮ’ ਦੀ ਅਜੋਕੇ ਪ੍ਰਸੰਗ ਵਿਚ ਵੱਡੀ ਮਹੱਤਤਾ ਹੈ। ਜਿਨ੍ਹਾਂ ਪਿੰਡਾਂ ‘ਚ ਇਕ ਤੋਂ ਵੱਧ ਗੁਰਦੁਆਰੇ ਹਨ, ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੂਰਨ ਸਤਿਕਾਰ ਅਤੇ ਮਾਣ-ਮਰਿਯਾਦਾ ਦੀ ਪਾਲਣਾ ਵੀ ਬਿਹਤਰ ਤਰੀਕੇ ਨਾਲ ਨਹੀਂ ਹੁੰਦੀ। ਬਹੁਤੇ ਪਿੰਡਾਂ ‘ਚ ਸਵੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵੇਲੇ, ਨਿੱਤਨੇਮ ਜਾਂ ਸ਼ਾਮ ਨੂੰ ਸੁਖ-ਆਸਨ ਵੇਲੇ ਗੁਰੂ-ਘਰਾਂ ਅੰਦਰ ਭਾਈ ਜੀ ਤੋਂ ਇਲਾਵਾ ਕੋਈ ਨਹੀਂ ਹੁੰਦਾ। ਬਹੁਤੇ ਥਾਈਂ ਗਿਆਨਵਾਨ, ਯੋਗਤਾ ਪ੍ਰਾਪਤ, ਸੂਝਵਾਨ ਤੇ ਕਾਬਲ ਗ੍ਰੰਥੀ, ਪ੍ਰਚਾਰਕ ਅਤੇ ਸੇਵਾਦਾਰਾਂ ਦੀ ਵੀ ਅਣਹੋਂਦ ਹੈ। ਇਕ ਪਿੰਡ ‘ਚ ਇਕੋ ਗੁਰਦੁਆਰਾ ਹੋਣ ਨਾਲ ਪਿੰਡ ਦੇ ਲੋਕ ਗ੍ਰੰਥੀ, ਕਥਾਵਾਚਕ ਅਤੇ ਸੇਵਾਦਾਰ ਕਾਬਲ, ਗਿਆਨੀ, ਸੁਲਝੇ ਅਤੇ ਵਧੇਰੇ ਸਿੱਖਿਅਤ ਰੱਖ ਸਕਣਗੇ। ਉਨ੍ਹਾਂ ਨੂੰ ਚੰਗੇ ਸੇਵਾ ਫਲ ਦਿੱਤੇ ਜਾ ਸਕਣਗੇ, ਤਾਂ ਜੋ ਸਾਡੇ ਗ੍ਰੰਥੀ, ਪ੍ਰਚਾਰਕ ਅਤੇ ਸੇਵਾਦਾਰ ਧਰਮ ਪ੍ਰਚਾਰ ਦੇ ਨਾਲ-ਨਾਲ ਨਿਸ਼ਚਿੰਤ ਹੋ ਕੇ ਆਪਣੇ ਪਰਿਵਾਰਾਂ ਦੀ ਸਹੀ ਪਰਵਰਿਸ਼ ਕਰ ਸਕਣ।
ਪਿਛਲੇ ਸਮਿਆਂ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ‘ਚ ਇਕ ਵੱਡਾ ਕਾਰਨ ਪਿੰਡਾਂ ਦੇ ਗੁਰਦੁਆਰਿਆਂ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ-ਸੰਭਾਲ ‘ਚ ਪ੍ਰਬੰਧਕੀ ਅਵੇਸਲਾਪਨ ਵੀ ਸਾਹਮਣੇ ਆਇਆ ਸੀ। ਕਈ ਥਾਵਾਂ ‘ਤੇ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਪਾਵਨ ਸਰੂਪਾਂ ਦੇ ਅਗਨ ਭੇਟ ਹੋਣ ਦੀਆਂ ਘਟਨਾਵਾਂ ਵਾਪਰੀਆਂ। ਜੇਕਰ ਇਕ ਪਿੰਡ ‘ਚ ਇਕ ਗੁਰਦੁਆਰਾ ਹੋਵੇਗਾ ਤਾਂ ਪਿੰਡ ਦੇ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਯਾਦਾਬੱਧ ਸੇਵਾ-ਸੰਭਾਲ ਬਿਹਤਰੀਨ ਨਿਭਾਉਣ ‘ਚ ਵਧੇਰੇ ਯਤਨਸ਼ੀਲ ਹੋ ਸਕਣਗੇ। ਗੁਰਦੁਆਰਾ ਸੰਸਥਾ ਆਪਣੇ ਮੂਲ ਸੰਕਲਪ ਵੱਲ ਸੇਧਿਤ ਹੋਵੇਗੀ ਅਤੇ ਸਿੱਖੀ ਦੇ ਬਹੁਪੱਖੀ ਪ੍ਰਚਾਰ-ਪ੍ਰਸਾਰ ਦਾ ਸਹੀ ਰੂਪ ‘ਚ ਕੇਂਦਰ ਬਣੇਗੀ। ਗੁਰੂ-ਘਰ ਦੇ ਚੜ੍ਹਤ-ਚੜ੍ਹਾਵੇ ਨੂੰ ‘ਗ਼ਰੀਬ ਦਾ ਮੂੰਹ’ ਆਖਿਆ ਗਿਆ ਹੈ। ਪਿੰਡ ‘ਚ ਇਕੋ ਗੁਰਦੁਆਰਾ ਹੋਣ ਕਾਰਨ ਚੜ੍ਹਤ ਇਕੋ ਥਾਂ ਇਕੱਠੀ ਹੋਵੇਗੀ ਅਤੇ ਦਸਵੰਧ ਰੂਪ ‘ਚ ਇਸ ਚੜ੍ਹਾਵੇ ਦੀ ਗ਼ਰੀਬਾਂ, ਲੋੜਵੰਦਾਂ ਦੀ ਸਹਾਇਤਾ, ਸਿੱਖਿਆ, ਸਿਹਤ ਤੇ ਧਰਮ-ਗਿਆਨ ਦੇ ਪ੍ਰਸਾਰ ਅਤੇ ਹੋਰ ਸਮਾਜਿਕ ਸਰੋਕਾਰਾਂ ਲਈ ਇਸ ਦੀ ਸਦਵਰਤੋਂ ਹੋ ਸਕੇਗੀ। ਅਜਿਹੀ ਲਹਿਰ ਜਿੱਥੇ ਸਿੱਖ ਸਮਾਜ ਅੰਦਰ ਜਾਤ-ਪਾਤ ਦੀਆਂ ਵੰਡੀਆਂ ਨੂੰ ਖ਼ਤਮ ਕਰਕੇ ਗੁਰੂ ਸਾਹਿਬਾਨ ਦੇ ‘ਸਰਬ-ਸਾਂਝੀਵਾਲਤਾ’ ਅਤੇ ‘ਰੱਬੀ ਏਕਤਾ’ ਵਾਲੇ ਫ਼ਲਸਫ਼ੇ ਦੇ ਪ੍ਰਚਾਰ ਨੂੰ ਮੁਖਾਤਿਬ ਹੋ ਸਕਦੀ ਹੈ, ਉਥੇ ਸਮਾਜਿਕ ਏਕਤਾ ਵਿਚ ਵੀ ਵੱਡੀ ਭੂਮਿਕਾ ਅਦਾ ਕਰ ਸਕਦੀ ਹੈ।
ਸਮਾਜ ਦਾ ਕੀ ਯੋਗਦਾਨ ਹੋਵੇ : ‘ਇਕ ਪਿੰਡ, ਇਕ ਗੁਰਦੁਆਰਾ ਮੁਹਿੰਮ’ ਦੀ ਸਫਲਤਾ ਦੀ ਜ਼ਿੰਮੇਵਾਰੀ ਸਿਰਫ਼ ਸ਼੍ਰੋਮਣੀ ਕਮੇਟੀ ਤੱਕ ਸੀਮਤ ਨਹੀਂ ਹੈ, ਸਗੋਂ ਇਸ ‘ਚ ਸਾਡੇ ਸਮਾਜ ਦੇ ਸਾਰੇ ਵਰਗਾਂ ਦਾ ਯੋਗਦਾਨ ਲੋੜੀਂਦਾ ਹੈ। ਪਿੰਡਾਂ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਆਪੋ-ਆਪਣੀਆਂ ਚੌਧਰਾਂ ਦੀ ਲਾਲਸਾ ਅਤੇ ਅੜੀ ਛੱਡ ਕੇ ਗੁਰੂ ਸਾਹਿਬਾਨ ਦੇ ਸੰਦੇਸ਼ ਤੇ ਸਤਿਕਾਰ ਨੂੰ ਮੁੱਖ ਰੱਖਦਿਆਂ ਤੁਰਨਾ ਚਾਹੀਦਾ ਹੈ। ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਪਿੰਡ-ਪਿੰਡ ‘ਚ ਗੁਰਦੁਆਰਾ ਕਮੇਟੀਆਂ ਤੇ ਪੰਚਾਇਤਾਂ ਨਾਲ ਨਿੱਜੀ ਮਿਲਣੀਆਂ ਕਰਕੇ ਉਨ੍ਹਾਂ ਨੂੰ ਜਾਗਰੂਕ ਕਰਕੇ, ਉਨ੍ਹਾਂ ਨਾਲ ਸੰਵਾਦ ਵੀ ਕਰਨਾ ਚਾਹੀਦਾ ਹੈ, ਤਾਂ ਜੋ ਲੋਕਾਂ ਦੇ ਸ਼ੰਕੇ ਸੁਣ ਕੇ ਦਲੀਲਪੂਰਨ ਨਵਿਰਤ ਕੀਤੇ ਜਾਣ। ਪੰਚਾਇਤਾਂ ਨੂੰ ਸਮਾਜਿਕ ਏਕਤਾ ਅਤੇ ਧਾਰਮਿਕ ਸਦਭਾਵਨਾ ਲਈ ਇਸ ਮੁਹਿੰਮ ਵਿਚ ਆਪਣਾ ਯੋਗਦਾਨ ਪਾਉਣਾ ਪਵੇਗਾ। ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗਾਂ ਨੂੰ ਜਾਗਰੂਕ ਕਰਨ ‘ਚ ਘਰੇਲੂ ਔਰਤਾਂ ਵਧੇਰੇ ਚੰਗੀ ਭੂਮਿਕਾ ਨਿਭਾਅ ਸਕਦੀਆਂ ਹਨ। ਪੜ੍ਹੇ-ਲਿਖੇ ਵਰਗ ਨੂੰ ਵੀ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ, ਕਿਉਂਕਿ ਸਿੰਘ ਸਭਾ ਲਹਿਰ ਵਾਂਗ ਆਮ ਸਿੱਖ ਸਮਾਜ ਨੂੰ ਵੀ ਇਸ ਲਹਿਰ ਦੀ ਸਫਲਤਾ ਲਈ ਲਾਮਬੰਦ ਕਰਨਾ ਪਵੇਗਾ। ਨਾਂਹ-ਪੱਖੀ ਰੁਚੀਆਂ, ਨਿੱਜਵਾਦ ਅਤੇ ਉਪਰਾਮਤਾ ਦੀ ਸ਼ਿਕਾਰ ਹੋ ਰਹੀ ਅਜੋਕੀ ਨੌਜਵਾਨ ਪੀੜ੍ਹੀ ਨੂੰ ਵੀ ਇਸ ਸੰਦਰਭ ‘ਚ ਆਪਣੀ ਸ਼ਕਤੀ ਅਤੇ ਸੰਭਾਵਨਾਵਾਂ ਨੂੰ ਤਰਾਸ਼ਣ ਦੀ ਲੋੜ ਹੈ। ਸੋਸ਼ਲ ਮੀਡੀਆ ‘ਤੇ ਸਮਾਂ ਵਿਅਰਥ ਕਰਨ ਦੀ ਥਾਂ ਨੌਜਵਾਨਾਂ ਨੂੰ ਆਪਣੇ ਪਿੰਡ ਦੇ ਗੁਰੂ-ਘਰ ਅੰਦਰ ਸਵੇਰੇ ਸ਼ਾਮ ਦੇ ਨਿੱਤਨੇਮ ਅਤੇ ਕਥਾ, ਕੀਰਤਨ ਵਿਚ ਨਿੱਜੀ ਤੌਰ ‘ਤੇ ਵੱਧ-ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਸਮਾਜਿਕ ਗਤੀਵਿਧੀਆਂ, ਵਾਤਾਵਰਨ, ਕੁਦਰਤੀ ਖੇਤੀ, ਹਸਤ ਕਲਾਵਾਂ ਅਤੇ ਹੋਰ ਕੋਮਲ ਹੁਨਰਾਂ ਦੀ ਗੱਲ ਵੀ ਨੌਜਵਾਨ ਗੁਰੂ-ਘਰਾਂ ਦੇ ਮੰਚ ਤੋਂ ਤੋਰ ਸਕਦੇ ਹਨ। ਇਸ ਨਾਲ ਜਿੱਥੇ ਨੌਜਵਾਨ ਮਾਰੂ ਕੁਰੀਤੀਆਂ ਅਤੇ ਢਾਹੂ ਬਿਰਤੀਆਂ ਤੋਂ ਬਚ ਕੇ ਨਰੋਈ ਸੋਚ ਦੇ ਧਾਰਨੀ ਬਣਨਗੇ, ਉਥੇ ਉਨ੍ਹਾਂ ਨੂੰ ਆਪਣੇ ਹੁਨਰ ਨੂੰ ਨਿਖਾਰ ਕੇ ਵੱਡੀਆਂ ਜ਼ਿੰਮੇਵਾਰੀਆਂ ਸੰਭਾਲਣ ਦਾ ਮੌਕਾ ਵੀ ਮਿਲੇਗਾ। ‘ਇਕ ਪਿੰਡ, ਇਕ ਗੁਰਦੁਆਰਾ ਮੁਹਿੰਮ’ ਨੂੰ ਸਿੱਟਾਮੁਖੀ ਬਣਾਉਣ ਲਈ ਸਾਰੇ ਵਰਗਾਂ ਨੂੰ ਆਪੋ-ਆਪਣੇ ਸੁਝਾਅ ਵੀ ਦੇਣੇ ਚਾਹੀਦੇ ਹਨ, ਜਿਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਵਲੋਂ ਖਿੜੇ ਮੱਥੇ ਸਵੀਕਾਰ ਕਰਕੇ ਲਹਿਰ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਉਣ ਦੇ ਯਤਨ ਕਰਨੇ ਚਾਹੀਦੇ ਹਨ। ਸਾਡੇ ਸਮਾਜ ਦੇ ਸਾਰੇ ਹਿੱਸਿਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੰਗੀ ਪਹਿਲ ‘ਇਕ ਪਿੰਡ, ਇਕ ਗੁਰਦੁਆਰਾ ਮੁਹਿੰਮ’ ਨੂੰ ਸਫਲ ਬਣਾਉਣ ਲਈ ਅੱਗੇ ਆਉਣਾ ਚਾਹੀਦਾ ਹੈ।ੲੲੲ

Check Also

ਸਿੱਖ ਬੀਬੀਆਂ ਲਈ ਦਸਤਾਰ ਸਜਾਉਣ ਦਾ ਮਹੱਤਵ

ਤਲਵਿੰਦਰ ਸਿੰਘ ਬੁੱਟਰ ਪ੍ਰੋ. ਪੂਰਨ ਸਿੰਘ ਲਿਖਦੇ ਹਨ, ‘ਗੁਰੂ ਗੋਬਿੰਦ ਸਿੰਘ ਦਾ ਖ਼ਾਲਸਾ ਪੰਥ ਇਕ …