ਓਨਟਾਰੀਓ/ਬਿਊਰੋ ਨਿਊਜ਼ : ਅਲਬਰਟਾ ਵੱਲੋਂ ਹੁਨਰਮੰਦ ਟਰੇਡ ਵਰਕਰਜ਼ ਨੂੰ ਰਕਰੂਟ ਕਰਨ ਲਈ ਸ਼ੁਰੂ ਕੀਤੇ ਗਏ ਨਵੇਂ ਪ੍ਰੋਗਰਾਮ ਬਾਰੇ ਮਾਹਿਰਾਂ ਦੀ ਰਾਇ ਹੈ ਕਿ ਉਨ੍ਹਾਂ ਨੂੰ ਪੂਰੇ ਦੇਸ਼ ਵਿੱਚ ਵਰਕਰਜ਼ ਨੂੰ ਸੱਦਣ ਉੱਤੇ ਆਪਣਾ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਪਰ ਪ੍ਰੀਮੀਅਰ ਡੱਗ ਫੋਰਡ ਦਾ ਕਹਿਣਾ ਹੈ ਕਿ ਜੇ ਉਨ੍ਹਾਂ ਦੀ ਪ੍ਰੋਵਿੰਸ ਦੇ ਲੋਕ ਉੱਧਰ ਜਾਂਦੇ ਹਨ ਤਾਂ ਉਹ ਕਿਸੇ ਗੱਲ ਨੂੰ ਲੈ ਕੇ ਚਿੰਤਤ ਨਹੀਂ ਹਨ।
ਓਨਟਾਰੀਓ ਤੇ ਦੇਸ਼ ਦੇ ਹੋਰਨਾਂ ਹਿੱਸਿਆਂ ਤੋਂ ਟਰੇਡਜ ਨਾਲ ਜੁੜੇ ਸਕਿੱਲਡ ਲੋਕਾਂ ਨੂੰ ਸੱਦਣ ਲਈ ਅਲਬਰਟਾ ਹਾਲ ਦੀ ਘੜੀ ਉਨ੍ਹਾਂ ਨੂੰ 5000 ਡਾਲਰ ਦੀ ਟੈਕਸ ਛੋਟ (ਇੱਕ ਵਾਰੀ ਲਈ) ਦੇਣ ਦੀ ਪੇਸ਼ਕਸ਼ ਕਰ ਰਿਹਾ ਹੈ। ਅਲਬਰਟਾ ਦੇ ਇਸ 10 ਮਿਲੀਅਨ ਡਾਲਰ ਦੇ ਪ੍ਰੋਗਰਾਮ ਦਾ ਟੀਚਾ 2000 ਲੋਕਾਂ ਨੂੰ ਸੱਦਣ ਦਾ ਹੈ।
ਫਿਊਚਰ ਸਕਿੱਲਜ ਸੈਂਟਰ ਦੀ ਡਾਇਰੈਕਟਰ ਆਫ ਰਿਸਰਚ ਟ੍ਰਿਸੀਆ ਵਿਲੀਅਮਜ਼ ਨੇ ਆਖਿਆ ਕਿ ਇੰਸੈਟਿਵਜ਼ ਤੇ ਕ੍ਰੈਡਿਟਸ ਵਰਕਰਜ਼ ਦੇ ਮੌਜੂਦਾ ਦਾਇਰੇ ਨੂੰ ਵਧਾਉਣ ਉੱਤੇ ਕੇਂਦਰਿਤ ਹਨ। ਉਨ੍ਹਾਂ ਆਖਿਆ ਕਿ ਅਲਬਰਟਾ ਇਹ ਮੰਨ ਕੇ ਚੱਲ ਰਿਹਾ ਹੈ ਕਿ ਹੋਰਨਾਂ ਪ੍ਰੋਵਿੰਸਾਂ ਤੇ ਟੈਰੇਟਰੀਜ਼ ਵਿੱਚੋਂ ਉਨ੍ਹਾਂ ਕੋਲ ਆਉਣ ਵਾਲੇ ਸਕਿੱਲਡ ਲੋਕਾਂ ਨੂੰ ਇਸ ਅਦਲਾ ਬਦਲੀ ਤੋਂ ਬਾਅਦ ਹਰ ਤਰ੍ਹਾਂ ਦੀ ਮਦਦ ਦੀ ਲੋੜ ਹੋਵੇਗੀ।
ਇਸ ਦੌਰਾਨ ਜਦੋਂ ਫੋਰਡ ਤੋਂ ਇਹ ਪੁੱਛਿਆ ਗਿਆ ਕਿ ਅਲਬਰਟਾ ਵੱਲੋਂ ਇੰਸੈਂਟਿਵ ਆਧਾਰਿਤ ਪਹੁੰਚ ਅਪਣਾ ਕੇ ਹੁਨਰਮੰਦ ਲੋਕਾਂ ਨੂੰ ਸੱਦਿਆ ਜਾ ਰਿਹਾ ਹੈ ਤੇ ਕੀ ਓਨਟਾਰੀਓ ਵੀ ਅਜਿਹੀ ਪਹਿਲਕਦਮੀ ਬਾਰੇ ਕੋਈ ਸੋਚ ਵਿਚਾਰ ਕਰ ਰਿਹਾ ਹੈ ਜਾਂ ਨਹੀਂ ਤਾਂ ਉਨ੍ਹਾਂ ਆਖਿਆ ਕਿ ਜਿੱਥੋਂ ਤੱਕ ਹੈਲਥਕੇਅਰ ਵਰਕਰਜ਼ ਦੀ ਗੱਲ ਆਉਂਦੀ ਹੈ ਤਾਂ ਅਸੀਂ ਅਜਿਹਾ ਕਰ ਰਹੇ ਹਾਂ। ਅਸੀਂ ਉਨ੍ਹਾਂ ਦੀ ਐਜੂਕੇਸ਼ਨ, ਉਨ੍ਹਾਂ ਦੀਆਂ ਕਿਤਾਬਾਂ ਦੇ ਨਾਲ ਨਾਲ ਪੁਲਿਸ ਅਧਿਕਾਰੀਆਂ ਨੂੰ ਵੀ ਇਹ ਸਹੂਲਤਾਂ ਮੁਹੱਈਆ ਕਰਵਾ ਰਹੇ ਹਾਂ। ਫੋਰਡ ਨੇ ਆਖਿਆ ਕਿ ਜੇ ਉਨ੍ਹਾਂ ਦੇ ਪ੍ਰੋਵਿੰਸ ਤੋਂ ਲੋਕ ਅਲਬਰਟਾ ਜਾਂਦੇ ਹਨ ਤਾਂ ਇਸ ਗੱਲ ਨੂੰ ਲੈ ਕੇ ਉਨ੍ਹਾਂ ਨੂੰ ਕੋਈ ਚਿੰਤਾ ਨਹੀਂ ਹੈ।
ਉਨ੍ਹਾਂ ਅੱਗੇ ਆਖਿਆ ਕਿ ਉਨ੍ਹਾਂ ਨੂੰ ਅਲਬਰਟਾ ਦੇ ਲੋਕਾਂ ਨਾਲ ਪਿਆਰ ਹੈ ਪਰ ਓਨਟਾਰੀਓ ਵਰਗੀ ਕੋਈ ਹੋਰ ਥਾਂ ਦੁਨੀਆਂ ਵਿੱਚ ਕਿਤੇ ਨਹੀਂ ਹੈ। ਲੋਕ ਆਪ ਆ ਕੇ ਇੱਥੇ ਵੱਸਣਾ ਚਾਹੁੰਦੇ ਹਨ।
ਓਨਟਾਰੀਓ ਦੇ ਲੋਕ ਹੀ ਨਹੀਂ ਸਗੋਂ ਬਾਹਰਦੇ ਲੋਕ ਵੀ ਇੱਥੇ ਆ ਕੇ ਰਹਿਣ ਦੀਆਂ ਗੱਲਾਂ ਕਰਦੇ ਹਨ। ਇੱਥੇ ਦੱਸਣਾ ਬਣਦਾ ਹੈ ਕਿ ਇਸ ਸਮੇਂ ਓਨਟਾਰੀਓ ਵਿੱਚ ਲੇਬਰ ਦੀ ਘਾਟ ਪਾਈ ਜਾ ਰਹੀ ਹੈ ਤੇ ਪ੍ਰੋਵਿੰਸ ਭਰ ਵਿੱਚ 300,000 ਅਸਾਮੀਆਂ ਪੁਰ ਕਰਨ ਵਾਲੀਆਂ ਪਈਆਂ ਹਨ ਜਿਨ੍ਹਾਂ ਵਿੱਚੋਂ ਬਹੁਤੀਆਂ ਸਕਿੱਲਡ ਟਰੇਡਜ਼ ਵਿੱਚ ਹਨ।