ਦਸੰਬਰ ਮਹੀਨੇ ਅਰਥਚਾਰੇ ਵਿਚ 23,600 ਨਵੀਆਂ ਪਾਰਟ-ਟਾਈਮ ਨੌਕਰੀਆਂ ਹੋਈਆਂ ਸ਼ਾਮਲ
ਓਟਾਵਾ/ਬਿਊਰੋ ਨਿਊਜ਼ : ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਬੀਤੇ ਦਸੰਬਰ ਮਹੀਨੇ ਵਿੱਚ ਨੌਕਰੀਆਂ ਦੀ ਕੁੱਲ ਗਿਣਤੀ ਵਿਚ ਕੋਈ ਬਹੁਤਾ ਬਦਲਾਅ ਨਹੀਂ ਦਰਜ ਹੋਇਆ ਅਤੇ ਬੇਰੁਜ਼ਗਾਰੀ ਦਰ 5.8 ਪ੍ਰਤੀਸ਼ਤ ‘ਤੇ ਸਥਿਰ ਰਹੀ।
ਏਜੰਸੀ ਅਨੁਸਾਰ ਸਾਲ 2023 ਦੇ ਅੰਤਮ ਮਹੀਨੇ ਕੈਨੇਡੀਅਨ ਅਰਥਚਾਰੇ ਵਿਚ ਕੁੱਲ 100 ਨਵੇਂ ਰੁਜ਼ਗਾਰ ਦੇ ਮੌਕੇ ਸ਼ਾਮਲ ਹੋਏ। ਦਸੰਬਰ ਮਹੀਨੇ ਅਰਥਚਾਰੇ ਵਿਚ 23,600 ਨਵੀਆਂ ਪਾਰਟ-ਟਾਈਮ ਨੌਕਰੀਆਂ ਸ਼ਾਮਲ ਹੋਈਆਂ, ਪਰ ਇਸੇ ਮਹੀਨੇ ਖ਼ਤਮ ਹੋਈਆਂ ਫ਼ੁਲ-ਟਾਈਮ ਨੌਕਰੀਆਂ ਦੀ ਗਿਣਤੀ ਵੀ 23,500 ਦਰਜ ਕੀਤੀ ਗਈ। ਪੇਸ਼ੇਵਰ, ਵਿਗਿਆਨਕ ਅਤੇ ਤਕਨੀਕੀ ਸੇਵਾਵਾਂ ਦੇ ਖੇਤਰ ਵਿੱਚ ਦਸੰਬਰ ਮਹੀਨੇ ਦੌਰਾਨ ਨੌਕਰੀਆਂ ਦੀ ਗਿਣਤੀ ਵਿੱਚ 45,700 ਦਾ ਵਾਧਾ ਹੋਇਆ ਹੈ, ਜਦ ਕਿ ਹੈਲਥ ਕੇਅਰ ਅਤੇ ਸਮਾਜਿਕ ਸਹਾਇਤਾ ਖੇਤਰ ਵਿੱਚ ਨੌਕਰੀਆਂ ਦੀ ਗਿਣਤੀ 15,500 ਵਧੀ।
ਥੋਕ ਅਤੇ ਪ੍ਰਚੂਨ ਵਪਾਰ ਖੇਤਰ ਨੇ ਦਸੰਬਰ ਵਿੱਚ 20,600 ਨੌਕਰੀਆਂ ਗੁਆਈਆਂ।
ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਸਾਲ ਦੇ ਪਹਿਲੇ ਛੇ ਮਹੀਨਿਆਂ ਵਿੱਚ ਰੁਜ਼ਗਾਰ ਵਾਧਾ 48,000 ਪ੍ਰਤੀ ਮਹੀਨਾ ਦੇ ਮੁਕਾਬਲੇ 2023 ਦੀ ਦੂਜੀ ਛਿਮਾਹੀ ਵਿੱਚ ਔਸਤਨ 23,000 ਪ੍ਰਤੀ ਮਹੀਨਾ ਰਿਹਾ। ਉੱਧਰ ਯੂਐਸ ਲੇਬਰ ਡਿਪਾਰਟਮੈਂਟ ਦੀ ਰਿਪੋਰਟ ਅਨੁਸਾਰ ਅਮਰੀਕੀ ਆਰਥਿਕਤਾ ਵਿਚ ਪਿਛਲੇ ਮਹੀਨੇ 216,000 ਨੌਕਰੀਆਂ ਸ਼ਾਮਲ ਹੋਈਆਂ, ਜੋ ਨਵੰਬਰ ਵਿੱਚ ਦੇ 173,000 ਦੇ ਅੰਕੜੇ ਤੋਂ ਵੱਧ ਹਨ। ਅਮਰੀਕਾ ਦੀ ਬੇਰੁਜ਼ਗਾਰੀ ਦਰ 3.7 ਫੀਸਦੀ ‘ਤੇ ਬਰਕਰਾਰ ਰਹੀ।