Breaking News
Home / ਜੀ.ਟੀ.ਏ. ਨਿਊਜ਼ / ਮਹਿੰਗਾਈ ਦਰ ਵਿਚ ਹੋਏ ਵਾਧੇ ਨੂੰ ਲੈ ਕੇ ਟਰੂਡੋ ਤੇ ਪੌਲੀਏਵਰ ‘ਚ ਹੋਈ ਬਹਿਸ

ਮਹਿੰਗਾਈ ਦਰ ਵਿਚ ਹੋਏ ਵਾਧੇ ਨੂੰ ਲੈ ਕੇ ਟਰੂਡੋ ਤੇ ਪੌਲੀਏਵਰ ‘ਚ ਹੋਈ ਬਹਿਸ

ਔਖੀ ਘੜੀ ‘ਚ ਕੈਨੇਡੀਅਨਜ਼ ਦੀ ਮਦਦ ਲਈ ਫੈਡਰਲ ਸਰਕਾਰ ਤੋਂ ਜੋ ਕੁੱਝ ਵੀ ਹੋਇਆ ਉਹ ਕੀਤਾ : ਫਰੀਲੈਂਡ
ਓਟਵਾ/ਬਿਊਰੋ ਨਿਊਜ਼ : ਪਿਛਲੇ ਮਹੀਨੇ ਕੈਨੇਡਾ ਦੀ ਮਹਿੰਗਾਈ ਦਰ ਚਾਰ ਫੀਸਦੀ ਤੱਕ ਵਧਣ ਤੋਂ ਬਾਅਦ ਡਿਪਟੀ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਦਾ ਕਹਿਣਾ ਹੈ ਕਿ ਇਸ ਔਖੀ ਘੜੀ ਵਿੱਚ ਕੈਨੇਡੀਅਨਜ਼ ਦੀ ਮਦਦ ਕਰਨ ਲਈ ਫੈਡਰਲ ਸਰਕਾਰ ਤੋਂ ਜੋ ਕੁੱਝ ਬਣ ਪਾ ਰਿਹਾ ਹੈ ਉਹ ਕਰ ਰਹੀ ਹੈ। ਇਸ ਨਾਲ ਇੱਕ ਵਾਰੀ ਫਿਰ ਮੰਗਲਵਾਰ ਨੂੰ ਹਾਊਸ ਆਫ ਕਾਮਨਜ਼ ਵਿੱਚ ਇਸ ਮੁੱਦੇ ਉੱਤੇ ਬਹਿਸ ਗਰਮਾ ਗਈ। ਇਸ ਦੌਰਾਨ ਵਿਰੋਧੀ ਧਿਰਾਂ ਵੱਲੋਂ ਅਗਸਤ ਦੀ ਮਹਿੰਗਾਈ ਦਰ ਲਈ ਲਿਬਰਲਾਂ ਉੱਤੇ ਮੁੜ ਉਂਗਲਾਂ ਉਠਾਈਆਂ ਗਈਆਂ। ਕੰਸਰਵੇਟਿਵ ਆਗੂ ਪਿਏਰ ਪੌਲੀਏਵਰ ਨੇ ਮਹਿੰਗਾਈ ਦਰ ਵਿੱਚ ਹੋਏ ਵਾਧੇ ਲਈ ਸਰਾਸਰ ਲਿਬਰਲ ਸਰਕਾਰ ਨੂੰ ਦੋਸ਼ੀ ਠਹਿਰਾਇਆ। ਇਸੇ ਤਰ੍ਹਾਂ ਐਨਡੀਪੀ ਆਗੂ ਜਗਮੀਤ ਸਿੰਘ ਨੇ ਗਰੌਸਰੀ ਦੀਆਂ ਦਰਾਂ ਵਿੱਚ ਹੋ ਰਹੇ ਵਾਧੇ ਨੂੰ ਰੋਕਣ ਲਈ ਲਿਬਰਲਾਂ ਦੀ ਯੋਜਨਾ ਨੂੰ ਠੁੱਸ ਤੇ ਬੇਕਾਰ ਦੱਸਿਆ।
ਪੌਲੀਏਵਰ ਨੇ ਮੰਗਲਵਾਰ ਨੂੰ ਆਖਿਆ ਕਿ ਨਾ ਸਿਰਫ ਮਹਿੰਗਾਈ ਵਿੱਚ ਵਾਧਾ ਹੋ ਰਿਹਾ ਹੈ ਸਗੋਂ ਇਹ ਰੋਜ਼ਾਨਾ ਹੋਰ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ। ਹੁਣ ਮਾਮਲਾ ਟਰੂਡੋ ਸਰਕਾਰ ਦੇ ਹੱਥ ਤੋ ਬਾਹਰ ਨਿਕਲ ਚੁੱਕਿਆ ਹੈ ਤੇ ਸਰਕਾਰ ਨੂੰ ਮਹਿੰਗਾਈ ਦਰ ਨੂੰ ਕਾਬੂ ਕਰਨਾ ਔਖਾ ਹੋਇਆ ਪਿਆ ਹੈ। ਉਨ੍ਹਾਂ ਆਖਿਆ ਕਿ ਕੋਈ ਇੱਕ ਚੀਜ਼ ਮਹਿੰਗੀ ਨਹੀਂ ਹੋਈ ਹੈ, ਫੂਡ ਤੇ ਗੈਸ ਤੋਂ ਲੈ ਕੇ ਨਿੱਕੀ ਤੇ ਵੱਡੀ ਹਰ ਚੀਜ਼ ਮਹਿੰਗੀ ਹੋ ਚੁੱਕੀ ਹੈ ਤੇ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੈ। ਉਨ੍ਹਾਂ ਆਖਿਆ ਕਿ ਸ਼ਰਮ ਵਾਲੀ ਗੱਲ ਇਹ ਹੈ ਕਿ ਵਿੱਤ ਮੰਤਰੀ ਫਰੀਲੈਂਡ ਨੂੰ ਥੋੜ੍ਹੀ ਜਿਹੀ ਮਹਿੰਗਾਈ ਘਟਣ ਉੱਤੇ ਹੀ ਇਹ ਨਹੀਂ ਸੀ ਆਖਣਾ ਚਾਹੀਦਾ ਕਿ ਉਨ੍ਹਾਂ ਨੂੰ ਸ਼ਾਬਾਸ਼ ਦਿੱਤੀ ਜਾਵੇ।
ਅਗਸਤ ਵਿੱਚ ਮਹਿੰਗਾਈ ਲਗਾਤਾਰ ਦੂਜੇ ਮਹੀਨੇ ਵਧੀ ਹੈ। ਬਹਿਸ ਦੌਰਾਨ ਮਹਿੰਗਾਈ ਦੇ ਨਾਲ ਨਾਲ ਕੌਸਟ ਆਫ ਲਿਵਿੰਗ ਦਾ ਮੁੱਦਾ ਵੀ ਛਾਇਆ ਰਿਹਾ। ਇਸ ਦੌਰਾਨ ਟਰੂਡੋ ਨੇ ਸਾਰਾ ਸਮਾਂ ਕੈਨੇਡੀਅਨਜ਼ ਦੀ ਮਦਦ ਕਰਨ ਤੇ ਉਨ੍ਹਾਂ ਲਈ ਹਰ ਉਪਰਾਲਾ ਕਰਨ ਦਾ ਦਾਅਵਾ ਕੀਤਾ ਤੇ ਆਖਿਆ ਕਿ ਵਿਰੋਧੀ ਧਿਰਾਂ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਊਣਾ ਕਰਕੇ ਵਿਖਾ ਰਹੀਆਂ ਹਨ।
ਕੈਨੇਡਾ ਦੀ ਮਹਿੰਗਾਈ ਦਰ 4 ਫੀਸਦੀ ਵਧੀ
ਓਟਵਾ : ਪਿਛਲੇ ਮਹੀਨੇ ਕੈਨੇਡਾ ਦੀ ਮਹਿੰਗਾਈ ਦਰ ਵਿੱਚ ਚਾਰ ਫੀਸਦੀ ਵਾਧਾ ਦਰਜ ਕੀਤਾ ਗਿਆ। ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਬੈਂਕ ਆਫ ਕੈਨੇਡਾ ਲਈ ਇਹ ਮਾੜੀ ਖਬਰ ਹੈ। ਸਟੈਟੇਸਟਿਕਸ ਕੈਨੇਡਾ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੀ ਗਈ ਤਾਜ਼ਾ ਮਹਿੰਗਾਈ ਸਬੰਧੀ ਰੀਡਿੰਗ ਵਿੱਚ ਦਰਸਾਇਆ ਗਿਆ ਕਿ ਜੁਲਾਈ ਵਿੱਚ ਸਾਲਾਨਾ ਮਹਿੰਗਾਈ ਦਰ ਵਿੱਚ 3.3 ਫੀਸਦੀ ਦਾ ਵਾਧਾ ਹੋਇਆ ਹੈ ਤੇ ਇਸ ਨਾਲ ਇਹ ਲਗਾਤਾਰ ਦੂਜ਼ਾ ਮਹੀਨਾ ਹੈ ਜਦੋਂ ਮਹਿੰਗਾਈ ਦਰ ਵਧੀ ਹੈ। ਗੈਸੋਲੀਨ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਕਾਰਨ ਮਾਹਿਰਾਂ ਵੱਲੋਂ ਪਿਛਲੇ ਮਹੀਨੇ ਮਹਿੰਗਾਈ ਵਿੱਚ ਹੋਰ ਵਾਧਾ ਹੋਣ ਦੀ ਪੇਸ਼ੀਨਿਗੋਈ ਕੀਤੀ ਗਈ ਸੀ। ਪਰ ਮੰਗਲਵਾਰ ਨੂੰ ਜਾਰੀ ਕੀਤੀ ਗਈ ਰਿਪੋਰਟ ਕਈਆਂ ਦੀ ਆਸ ਨਾਲੋਂ ਬਦਤਰ ਸੀ। ਮਾਹਿਰਾਂ ਦਾ ਇਹ ਵੀ ਆਖਣਾ ਹੈ ਕਿ ਇਸ ਨਾਲ ਬੈਂਕ ਆਫ ਕੈਨੇਡਾ ਉੱਤੇ ਹੋਰ ਭਾਰ ਪੈ ਗਿਆ ਹੈ। ਬੈਂਕ ਨੂੰ ਵਿਆਜ਼ ਦਰਾਂ ਬਾਰੇ ਫੈਸਲਾ ਲੈਣਾ ਔਖਾ ਹੋਵੇਗਾ ਤੇ ਇਸ ਲਈ ਬੈਂਕ ਨੂੰ ਨੁਕਤਾਚੀਨੀ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਬੈਂਕ ਵੱਲੋਂ 25 ਅਕਤੂਬਰ ਨੂੰ ਵਿਆਜ਼ ਦਰਾਂ ਬਾਰੇ ਫੈਸਲਾ ਲਿਆ ਜਾਵੇਗਾ ਤੇ ਇਹ ਕਾਫੀ ਔਖਾ ਫੈਸਲਾ ਹੋਵੇਗਾ।

Check Also

ਕੈਨੇਡਾ ਦੇ ਕਈ ਸੰਸਦ ਮੈਂਬਰਾਂ ਨੇ ਜਾਣ ਬੁੱਝ ਕੇ ਵਿਦੇਸ਼ੀ ਸਰਕਾਰਾਂ ਦੀ ਕੀਤੀ ਸਹਾਇਤਾ : ਜਗਮੀਤ ਸਿੰਘ

ਓਟਵਾ/ਬਿਊਰੋ ਨਿਊਜ਼ : ਐੱਨਡੀਪੀ ਆਗੂ ਜਗਮੀਤ ਸਿੰਘ ਨੇ ਕਿਹਾ ਕਿ ਉਹ ਬਿਨਾ ਪ੍ਰਕਾਸ਼ਿਤ ਰਿਪੋਰਟ ਪੜ੍ਹਨ …