Breaking News
Home / ਜੀ.ਟੀ.ਏ. ਨਿਊਜ਼ / ਕੈਨੇਡਾ ‘ਚ ‘ਹਿਦੂ ਵਿਰਾਸਤੀ ਮਹੀਨੇ’ ਦੀ ਸ਼ੁਰੂਆਤ

ਕੈਨੇਡਾ ‘ਚ ‘ਹਿਦੂ ਵਿਰਾਸਤੀ ਮਹੀਨੇ’ ਦੀ ਸ਼ੁਰੂਆਤ

ਟੋਰਾਂਟੋ : ਕੈਨੇਡਾ ਵਿਚ ਨਵੰਬਰ ਮਹੀਨੇ ਨੂੰ ‘ਹਿੰਦੂ ਵਿਰਾਸਤੀ ਮਹੀਨਾ’ ਐਲਾਨਿਆ ਗਿਆ ਹੈ। ਇਸ ਦੇ ਤਹਿਤ ਭਾਰਤੀ ਮੂਲ ਦੇ ਸੰਸਦ ਮੈਂਬਰ ਚੰਦਰ ਆਰੀਆ ਨੇ ਦੇਸ਼ ਨੂੰ ਮਜ਼ਬੂਤ ਅਤੇ ਖੁਸ਼ਹਾਲ ਬਣਾਉਣ ਲਈ ਹਿੰਦੂਆਂ ਵਲੋਂ ਪਾਏ ਯੋਗਦਾਨ ਨੂੰ ਮਾਨਤਾ ਦੇਣ ਅਤੇ ਜਸ਼ਨ ਮਨਾਉਣ ਲਈ ਪਹਿਲੀ ਨਵੰਬਰ ਤੋਂ ਕੈਨੇਡਾ ਦਾ ਪਹਿਲਾ ਹਿੰਦੂ ਵਿਰਾਸਤੀ ਮਹੀਨਾ ਮਨਾਉਣ ਦੀ ਸ਼ੁਰੂਆਤ ਕੀਤੀ। ਕੈਨੇਡੀਅਨ ਹਾਊਸ ਆਫ ਕਾਮਨਜ਼ ਨੇ ਇਸ ਸਾਲ ਦੇ ਸ਼ੁਰੂ ਵਿਚ ਆਰੀਆ ਦੁਆਰਾ ਨਵੰਬਰ ਨੂੰ ਹਿੰਦੂ ਵਿਰਾਸਤੀ ਮਹੀਨੇ ਵਜੋਂ ਐਲਾਨ ਕਰਨ ਲਈ ਇਕ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਸੀ।
ਓਟਾਵਾ ਖੇਤਰ ਵਿਚ ਨੇਪੀਅਨ ਦੀ ਨੁਮਾਇੰਦਗੀ ਕਰਨ ਵਾਲੀ ਸੱਤਾਧਾਰੀ ਲਿਬਰਲ ਪਾਰਟੀ ਦੇ ਸੰਸਦ ਮੈਂਬਰ ਆਰੀਆ ਨੇ ਇਕ ਟਵੀਟ ਵਿਚ ਲਿਖਿਆ ਕਿ ਮੈਂ ਪਾਰਲੀਮੈਂਟ ਹਿੱਲ ‘ਤੇ ਹਿੰਦੂ ਪਵਿੱਤਰ ਚਿੰਨ੍ਹ ‘ਓਮ’ ਵਾਲਾ ਝੰਡਾ ਚੁੱਕ ਕੇ ਕੈਨੇਡਾ ਦੇ ਰਾਸ਼ਟਰੀ ਹਿੰਦੂ ਵਿਰਾਸਤੀ ਮਹੀਨੇ ਦੀ ਇਤਿਹਾਸਕ ਸ਼ੁਰੂਆਤ ਕੀਤੀ। ਆਰੀਆ ਅਨੁਸਾਰ ਹਿੰਦੂ ਭਾਈਚਾਰੇ ਦੇ ਮੈਂਬਰ 100 ਸਾਲ ਪਹਿਲਾਂ ਕੈਨੇਡਾ ਆਉਣੇ ਸ਼ੁਰੂ ਹੋ ਗਏ ਸਨ। ਕਮਿਊਨਿਟੀ ਵਿਚ ਉਹ ਲੋਕ ਹਨ, ਜੋ ਭਾਰਤ, ਸ੍ਰੀਲੰਕਾ, ਨੇਪਾਲ, ਦੱਖਣ-ਪੂਰਬੀ ਏਸ਼ੀਆ ਅਤੇ ਇਥੋਂ ਤੱਕ ਕਿ ਅਫਰੀਕਾ ਤੋਂ ਵੀ ਆਏ ਹਨ। ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ ਜਿਵੇਂ ਕਿ 2021 ਦੀ ਮਰਦਮ ਸ਼ੁਮਾਰੀ ਵਿਚ ਦੱਸਿਆ ਗਿਆ ਹੈ ਕਿ 2001 ਤੋਂ 2021 ਤੱਕ ਕੁੱਲ ਕੈਨੇਡੀਅਨ ਆਬਾਦੀ ਵਿਚ ਹਿੰਦੂ 1.0 ਪ੍ਰਤੀਸ਼ਤ ਤੋਂ ਵਧ ਕੇ 2.3 ਪ੍ਰਤੀਸ਼ਤ ਹੋ ਗਏ ਹਨ। ਓਕਵਿਲ ਲਈ ਇੰਡੋ-ਕੈਨੇਡੀਅਨ ਸੰਸਦ ਮੈਂਬਰ ਅਤੇ ਰਾਸ਼ਟਰੀ ਰੱਖਿਆ ਮੰਤਰੀ ਅਨੀਤਾ ਆਨੰਦ ਨੇ ਟਵੀਟ ਕੀਤਾ ਕਿ ਹਿੰਦੂ ਹੁਣ ਉਨਟਾਰੀਓ ਦੀ ਆਬਾਦੀ ਦਾ 4.1 ਫੀਸਦੀ ਹਨ। ਕੈਨੇਡਾ 8,30,000 ਤੋਂ ਵੱਧ ਹਿੰਦੂਆਂ ਦਾ ਘਰ ਹੈ, ਜੋ ਸਾਡੇ ਦੇਸ਼ ਦੇ ਤਾਣੇ-ਬਾਣੇ ਵਿਚ ਬਹੁਤ ਯੋਗਦਾਨ ਪਾਉਂਦੇ ਹਨ। ਆਨੰਦ ਨੇ ਕਿਹਾ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਹਿੰਦੂ ਵਿਰਾਸਤੀ ਮਹੀਨੇ ਦੀਆਂ ਮੁਬਾਰਕਾਂ ਦਿੰਦੀ ਹਾਂ।
ਜ਼ਿਕਰਯੋਗ ਹੈ ਕਿ ਚੰਦਰ ਆਰੀਆ ਨੇ ਨਵੰਬਰ ਨੂੰ ਹਿੰਦੂ ਵਿਰਾਸਤੀ ਮਹੀਨਾ ਐਲਾਨ ਕਰਨ ਲਈ ਸੰਸਦ ਵਿਚ ਮਤਾ ਪਾਸ ਕਰਦੇ ਹੋਏ ਕਿਹਾ ਸੀ ਕਿ ਸੰਸਥਾਵਾਂ ਦੇ ਨਿਰਮਾਣ ਤੋਂ ਲੈ ਕੇ ਪਰਉਪਕਾਰੀ ਹੋਣ ਤੱਕ, ਹਿੰਦੂ-ਕੈਨੇਡੀਅਨਾਂ ਨੇ ਸਾਰੀਆਂ ਸੇਵਾਵਾਂ ਅਤੇ ਜੀਵਨ ਦੇ ਸਾਰੇ ਖੇਤਰਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਦੱਸਣਾ ਬਣਦਾ ਹੈ ਕਿ ਕੈਨੇਡਾ ਵਿਚ ਮਈ ਦਾ ਮਹੀਨਾ ਕੈਨੇਡੀਅਨ ਯਹੂਦੀ ਮਹੀਨੇ ਵਜੋਂ ਮਨਾਇਆ ਜਾਂਦਾ ਹੈ, ਅਕਤੂਬਰ ਨੂੰ ਕੈਨੇਡੀਅਨ ਇਸਲਾਮਿਕ ਇਤਿਹਾਸਕ ਮਹੀਨੇ ਵਜੋਂ ਮਨਾਇਆ ਜਾਂਦਾ ਹੈ ਅਤੇ ਅਪ੍ਰੈਲ ਨੂੰ ਸਿੱਖ ਵਿਰਾਸਤੀ ਮਹੀਨੇ ਵਜੋਂ ਮਨਾਇਆ ਜਾਂਦਾ ਹੈ।

Check Also

ਜਗਮੀਤ ਸਿੰਘ ਦੇ ਫੈਸਲੇ ਨਾਲ ਟਰੂਡੋ ਸਰਕਾਰ ‘ਤੇ ਖਤਰੇ ਦੇ ਬੱਦਲ

ਟੋਰਾਂਟੋ/ਬਿਊਰੋ ਨਿਊਜ਼ : ਜਸਟਿਨ ਟਰੂਡੋ ਦੀ ਸਰਕਾਰ ਵੱਡੇ ਸਿਆਸੀ ਸੰਕਟ ਵਿਚ ਘਿਰਦੀ ਨਜ਼ਰ ਆ ਰਹੀ …