Breaking News
Home / ਹਫ਼ਤਾਵਾਰੀ ਫੇਰੀ / ਪੰਜਾਬ ਯੂਨੀਵਰਸਿਟੀ ਦੀ ਪ੍ਰਧਾਨਗੀ ‘ਤੇ ‘ਆਪ’ ਦਾ ਕਬਜ਼ਾ

ਪੰਜਾਬ ਯੂਨੀਵਰਸਿਟੀ ਦੀ ਪ੍ਰਧਾਨਗੀ ‘ਤੇ ‘ਆਪ’ ਦਾ ਕਬਜ਼ਾ

ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਵਿਦਿਆਰਥੀ ਵਿੰਗ ‘ਵਿਦਿਆਰਥੀ ਨੌਜਵਾਨ ਸੰਘਰਸ਼ ਕਮੇਟੀ’ ਸੀਵਾਈਐਸਐਸ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਸੀਵਾਈਐਸਐਸ ਦੇ ਆਯੂਸ਼ ਖਟਕੜ ਪੰਜਾਬ ਯੂਨੀਵਰਸਿਟੀ ਦੇ ਨਵੇਂ ਵਿਦਿਆਰਥੀ ਪ੍ਰਧਾਨ ਬਣ ਗਏ ਹਨ। ਪੰਜਾਬ ਯੂਨੀਵਰਸਿਟੀ ਚੋਣਾਂ ਵਿਚ ਹੋਈ ਜਿੱਤ ਤੋਂ ਬਾਅਦ ਪ੍ਰਧਾਨ ਆਯੂਸ਼ ਖਟਕੜ ਦੀ ਅਗਵਾਈ ਵਾਲੀ ਟੀਮ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਲਈ ਉਨ੍ਹਾਂ ਦੀ ਚੰਡੀਗੜ੍ਹ ਰਿਹਾਇਸ਼ ‘ਤੇ ਪਹੁੰਚੀ। ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਆਮ ਆਦਮੀ ਪਾਰਟੀ ਦੇ ਵਿਦਿਆਰਥੀ ਵਿੰਗ ਸੀਵਾਈਐਸਐਸ ਦੀ ਜਿੱਤ ਮੇਕ ਇੰਡੀਆ ਨੰਬਰ 1 ਮੁਹਿੰਮ ਦੇ ਹੱਕ ਵਿਚ ਫਤਵਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਵਾਈਸ ਪ੍ਰੈਜੀਡੈਂਟ ਦੇ ਅਹੁਦੇ ਲਈ ਐਨਐਸਯੂਆਈ ਦੇ ਹਰਸ਼ਦੀਪ ਸਿੰਘ ਬਾਠ ਨੇ, ਸੈਕਟਰੀ ਦੇ ਲਈ ਇਨਸੋ ਦੇ ਪ੍ਰਵੇਸ਼ ਬਿਸ਼ਨੋਈ ਨੇ ਅਤੇ ਜੁਆਇੰਟ ਸੈਕਟਰੀ ਦੇ ਅਹੁਦੇ ਲਈ ਐਨਐਸਯੂਆਈ ਦੇ ਮਨੀਸ਼ ਬੂਰਾ ਨੇ ਜਿੱਤ ਹਾਸਲ ਕੀਤੀ ਹੈ। ਧਿਆਨ ਰਹੇ ਕਿ ਸੀਵਾਈਐਸਐਸ ਨੇ ਪਹਿਲੀ ਵਾਰ ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥੀ ਚੋਣਾਂ ਵਿਚ ਹਿੱਸਾ ਲਿਆ ਸੀ ਅਤੇ ਪਹਿਲੀ ਵਾਰ ਹੀ ਸ਼ਾਨਦਾਰ ਜਿੱਤ ਹਾਸਲ ਕੀਤੀ। ਪੰਜਾਬ ਸਰਕਾਰ ਵਿਚ ਕੈਬਨਿਟ ਗੁਰਮੀਤ ਸਿੰਘ ਮੀਤ ਹੇਅਰ ਵਿਦਿਆਰਥੀ ਯੂਨੀਅਨ ਚੋਣਾਂ ਦੇ ਇੰਚਾਰਜ ਸਨ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਮੀਤ ਹੇਅਰ ਨੇ ਟਵੀਟ ਕਰਕੇ ਪ੍ਰਧਾਨ ਬਣੇ ਆਯੂਸ਼ ਖਟਕੜ ਨੂੰ ਵਧਾਈ ਦਿੱਤੀ। ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਟਵੀਟ ‘ਚ ਲਿਖਿਆ ਕਿ ਜੇਕਰ ਨੌਜਵਾਨ ਚਾਹੁੰਣ ਤਾਂ ਉਹ ਦੇਸ਼ ਦੀ ਤਕਦੀਰ ਬਦਲ ਸਕਦੇ ਹਨ ਅਤੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਇਹ ਸਾਬਤ ਕਰ ਦਿੱਤਾ ਹੈ।

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …