Breaking News
Home / ਜੀ.ਟੀ.ਏ. ਨਿਊਜ਼ / ਦੋ ਸਾਲਾਂ ‘ਚ ਸਰਕਾਰ ਵੱਲੋਂ 225 ਮਿਲੀਅਨ ਡਾਲਰ ਖਰਚ ਕਰਨ ਦਾ ਕੀਤਾ ਗਿਆ ਫੈਸਲਾ

ਦੋ ਸਾਲਾਂ ‘ਚ ਸਰਕਾਰ ਵੱਲੋਂ 225 ਮਿਲੀਅਨ ਡਾਲਰ ਖਰਚ ਕਰਨ ਦਾ ਕੀਤਾ ਗਿਆ ਫੈਸਲਾ

ਓਨਟਾਰੀਓ/ਬਿਊਰੋ ਨਿਊਜ਼ : ਲੰਘੇ ਦਿਨੀਂ ਕੁਈਨਜ਼ ਪਾਰਕ ਵਿਖੇ ਪੜ੍ਹੇ ਗਏ ਰਾਜ ਭਾਸ਼ਣ ਵਿੱਚ ਡੱਗ ਫੋਰਡ ਸਰਕਾਰ ਵੱਲੋਂ ਨਵੇਂ ਕਾਰਜਕਾਲ ਵਿੱਚ ਆਪਣੇ ਵੱਲੋਂ ਹਾਸਲ ਕੀਤੇ ਜਾਣ ਵਾਲੇ ਟੀਚਿਆਂ ਦਾ ਖੁਲਾਸਾ ਕੀਤਾ ਗਿਆ। ਲੈਫਟੀਨੈਂਟ ਗਵਰਨਰ ਐਲਿਜ਼ਾਬੈੱਥ ਡਾਊਡਸਵੈੱਲ ਨੇ ਰਾਜ ਭਾਸ਼ਣ ਪੜ੍ਹ ਕੇ ਸੁਣਾਇਆ, ਜਿਸ ਵਿੱਚ ਸਰਕਾਰ ਵੱਲੋਂ ਹਸਪਤਾਲਾਂ ਨੂੰ ਪ੍ਰਭਾਵਿਤ ਕਰ ਰਹੇ ਹੈਲਥਕੇਅਰ ਸੰਕਟ ਦੀ ਗੱਲ ਤਰਜੀਹੀ ਤੌਰ ਉਤੇ ਕੀਤੀ ਗਈ। ਪਰ ਇਸ ਬਾਰੇ ਕੋਈ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਗਈ ਕਿ ਸਰਕਾਰ ਇਸ ਸੰਕਟ ਨਾਲ ਕਿਸ ਤਰ੍ਹਾਂ ਨਜਿੱਠੇਗੀ।
ਭਾਸ਼ਣ ਵਿੱਚ ਇਹ ਵੀ ਆਖਿਆ ਗਿਆ ਕਿ ਓਨਟਾਰੀਓ ਦੇ ਹੈਲਥ ਸਿਸਟਮ ਉਤੇ ਲਗਾਤਾਰ ਦਬਾਅ ਵੱਧ ਰਿਹਾ ਹੈ। ਲੋੜੋਂ ਵੱਧ ਕੰਮ ਕਰਨ ਕਾਰਨ ਵਰਕਫੋਰਸ ਹੰਭ ਚੁੱਕੀ ਹੈ ਤੇ ਐਮਰਜੈਂਸੀ ਡਿਪਾਰਟਮੈਂਟਸ ‘ਤੇ ਬੋਝ ਵੱਧਦਾ ਜਾ ਰਿਹਾ ਹੈ। ਅਜੇ ਵੀ ਬਹੁਤ ਕੁੱਝ ਕੀਤਾ ਜਾ ਸਕਦਾ ਹੈ। ਸਰਕਾਰ ਇਸ ਸਮੱਸਿਆ ਦਾ ਤੋੜ ਲੱਭਣ ਲਈ ਹੈਲਥ ਸਿਸਟਮ ਪਾਰਟਨਰਜ਼ ਨਾਲ ਰਲ ਕੇ ਕੰਮ ਕਰ ਰਹੀ ਹੈ ਤੇ ਇਸ ਦਬਾਅ ਨੂੰ ਘੱਟ ਕਰਨ ਲਈ ਜਿਹੜੇ ਵੀ ਕਦਮ ਚੁੱਕਣੇ ਪੈਣਗੇ ਫੋਰਡ ਸਰਕਾਰ ਉਹ ਚੁੱਕੇਗੀ।
ਇਸ ਭਾਸ਼ਣ ਵਿੱਚ ਸਰਕਾਰ ਵੱਲੋਂ ਮੁੜ ਪੇਸ਼ ਕੀਤੇ ਗਏ ਬਜਟ ‘ਤੇ ਵੀ ਚਾਨਣਾ ਪਾਇਆ ਗਿਆ। ਇਸ ਵਿੱਚ ਮਾਪਿਆਂ ਨੂੰ ਸਿੱਧੀ ਰਕਮ ਮੁਹੱਈਆਂ ਕਰਵਾਉਣ ਦੀ ਵੀ ਗੱਲ ਕੀਤੀ ਗਈ। ਇਸ ਵਾਸਤੇ ਦੋ ਸਾਲਾਂ ਵਿੱਚ ਸਰਕਾਰ ਵੱਲੋਂ 225 ਮਿਲੀਅਨ ਡਾਲਰ ਖਰਚ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਨਾਲ ਬਹੁਤਾ ਪੈਸਾ ਸਿੱਧੇ ਤੌਰ ‘ਤੇ ਮਾਪਿਆਂ ਦੀ ਜੇਬ੍ਹ ਵਿੱਚ ਜਾਵੇਗਾ ਤੇ ਪਬਲਿਕ ਐਜੂਕੇਸ਼ਨ ਲਈ ਪ੍ਰੋਵਿੰਸ ਵੱਲੋਂ ਨਿਵੇਸ਼ ਕੀਤੇ ਜਾਣ ਵਾਲੇ 26.6 ਬਿਲੀਅਨ ਡਾਲਰ ਵਿੱਚੋਂ ਇਹ ਖਰਚਾ ਸੱਭ ਤੋਂ ਪਹਿਲਾਂ ਕੀਤਾ ਜਾਵੇਗਾ।
ਰਾਜ ਭਾਸ਼ਣ ਵਿੱਚ ਰਹਿਣ ਸਹਿਣ ਦੀ ਵੱਧ ਰਹੀ ਲਾਗਤ ਤੇ ਮਹਿੰਗਾਈ ਦੀ ਗੱਲ ਵੀ ਕੀਤੀ ਗਈ। ਲੋਕਾਂ ਨੂੰ ਹੁਣ ਰੋਜ਼ਮਰਾ ਦਾ ਸਮਾਨ ਖਰੀਦਣ ਜਿਵੇਂ ਕਿ ਗਰੌਸਰੀ ਅਤੇ ਗੈਸ ਆਦਿ ‘ਤੇ ਵੀ ਵੱਧ ਖਰਚਾ ਕਰਨਾ ਪੈ ਰਿਹਾ ਹੈ ਜਿਸ ਨਾਲ ਘਰਾਂ ਦੇ ਬਜਟ ਹਿੱਲ ਗਏ ਹਨ। ਪਰ ਇਸ ਬਾਰੇ ਸਰਕਾਰ ਨੇ ਆਖਿਆ ਕਿ ਇਸ ਵੱਧ ਰਹੀ ਮਹਿੰਗਾਈ ਦਾ ਕੋਈ ਸੁਖਾਲਾ ਹੱਲ ਹਾਲ ਦੀ ਘੜੀ ਨਜ਼ਰ ਨਹੀਂ ਆਉਂਦਾ।
ਸਰਕਾਰ ਨੇ ਅਗਲੇ ਦਸ ਸਾਲਾਂ ਵਿੱਚ ਸੜਕਾਂ ਚੌੜੀਆਂ ਕਰਨ, ਹਾਈਵੇਅਜ਼ ਤੇ ਟਰਾਂਜ਼ਿਟ ਇਨਫਰਾਸਟ੍ਰਕਚਰ ਦੇ ਨਿਰਮਾਣ ‘ਤੇ 86.6 ਬਿਲੀਅਨ ਡਾਲਰ ਖਰਚਣ ਦਾ ਤਹੱਈਆ ਵੀ ਪ੍ਰਗਟਾਇਆ। ਇਸ ਦੇ ਨਾਲ ਹੀ ਸਰਕਾਰ ਨੇ ਤਥਾ-ਕਥਿਤ ਸਟਰੌਂਗ ਮੇਅਰ ਸਿਸਟਮ ਲਿਆਉਣ ਦੀ ਗੱਲ ਵੀ ਕੀਤੀ। ਫੋਰਡ ਸਰਕਾਰ ਦੇ ਏਜੰਡੇ ‘ਤੇ ਚਾਨਣਾ ਪਾਉਂਦਿਆਂ ਹੋਇਆਂ ਲੈਫਟੀਨੈਂਟ ਗਵਰਨਰ ਨੇ ਆਖਿਆ ਕਿ ਹਾਈਵੇਅਜ਼ ਤੇ ਹੋਰ ਇਨਫਰਾਸਟ੍ਰਕਚਰ ਦਾ ਨਿਰਮਾਣ ਕਰਨਾ, ਇਲੈਕਟ੍ਰਿਕ ਵ੍ਹੀਕਲ ਮੈਨੂਫੈਕਚਰਿੰਗ ਨਿਵੇਸ਼ ਆਕਰਸ਼ਿਤ ਕਰਨਾ ਤੇ ਲੇਬਰ ਦੀ ਘਾਟ ਨੂੰ ਪਹਿਲ ਦੇ ਆਧਾਰ ‘ਤੇ ਦੂਰ ਕਰਨਾ ਸਰਕਾਰ ਦਾ ਮੁੱਖ ਟੀਚਾ ਹੈ।
ਉਨ੍ਹਾਂ ਆਖਿਆ ਕਿ ਪ੍ਰੋਵਿੰਸ ਵਿੱਚ ਆਟੋਮੋਟਿਵ ਤੇ ਮੈਨੂਫੈਕਚਰਿੰਗ ਸੈਕਟਰਜ਼ ਵਿੱਚ ਹੁਣ ਨਵੀਂ ਜਾਣ ਆਈ ਹੈ। ਟਰਾਂਸਫਰਮੇਸ਼ਨਲ ਟਰਾਂਜ਼ਿਟ ਤੇ ਟਰਾਂਸਪੋਰਟੇਸ਼ਨ ਪ੍ਰੋਜੈਕਟ ਲਈ ਕੰਮ ਸ਼ੁਰੂ ਹੋਣ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਹਾਲਟਨ, ਪੀਲ ਤੇ ਯੌਰਕ ਰੀਜਨਜ਼ ਵਿੱਚ ਬਣਨ ਵਾਲੇ ਹਾਈਵੇਅ 413 ਦਾ ਕਮਿਊਨਿਟੀਜ਼ ਨੂੰ ਕਾਫੀ ਫਾਇਦਾ ਹੋਵੇਗਾ ਤੇ ਬਰੈਡਫੋਰਡ ਬਾਈਪਾਸ ਸਿਮਕੋ ਕਾਊਂਟੀ ਤੇ ਯੌਰਕ ਰੀਜਨ ਦੀਆਂ ਤੇਜ਼ੀ ਨਾਲ ਵਿਕਾਸ ਕਰ ਰਹੀਆਂ ਕਮਿਊਨਿਟੀਜ਼ ਲਈ ਕਾਫੀ ਲਾਹੇਵੰਦ ਸਾਬਤ ਹੋਵੇਗਾ।
ਇੱਥੇ ਦੱਸਣਾ ਬਣਦਾ ਹੈ ਕਿ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਰੋਡ ਸਿਸਟਮ ਕਾਫੀ ਭੀੜ ਭਾੜ ਵਾਲਾ ਹੈ। ਇੱਕ ਅੰਦਾਜ਼ੇ ਮੁਤਾਬਕ ਸਾਲਾਨਾਂ ਤੌਰ ਉੱਤੇ ਡਰਾਈਵਰਾਂ ਨੂੰ ਇੱਥੇ ਲੱਗਣ ਵਾਲੇ ਟ੍ਰੈਫਿਕ ਜਾਮ ਵਿੱਚ 142 ਘੰਟੇ ਗਵਾਉਣੇ ਪੈਂਦੇ ਹਨ ਜਾਂ ਇਹ ਵੀ ਆਖਿਆ ਜਾ ਸਕਦਾ ਹੈ ਕਿ ਡਰਾਈਵਰਾਂ ਦਾ ਇੱਥੇ ਟ੍ਰੈਫਿਕ ਜਾਮ ਵਿੱਚ ਫਸੇ ਰਹਿਣਾ ਛੇ ਦਿਨ ਦੇ ਬਰਾਬਰ ਬਣਦਾ ਹੈ। ਇਸ ਦਾ ਖੁਲਾਸਾ 2020 ਵਿੱਚ ਤਿਆਰ ਕੀਤੀ ਗਈ ਰਿਪੋਰਟ ਵਿੱਚ ਵੀ ਹੋ ਚੁੱਕਿਆ ਹੈ।
ਸੰਘਣੀ ਆਬਾਦੀ ਵਾਲੇ ਦੱਖਣੀ ਓਨਟਾਰੀਓ ਵਿੱਚ ਹੋਰ ਲੋਕਾਂ ਦੇ ਆ ਕੇ ਵੱਸਣ ਕਾਰਨ ਇਸ ਤਰ੍ਹਾਂ ਦੇ ਟ੍ਰੈਫਿਕ ਜਾਮ ਤੇ ਹੋਰ ਸਮੱਸਿਆਵਾਂ ਵਿੱਚ ਹੋਰ ਵਾਧਾ ਹੋਣ ਦੀ ਪੇਸ਼ੀਨਿਗੋਈ ਕੀਤੀ ਗਈ ਹੈ। ਫੋਰਡ ਸਰਕਾਰ ਦਾ ਮੰਨਣਾ ਹੈ ਕਿ ਇਸ ਵੱਡੀ ਸਮੱਸਿਆ ਦਾ ਹੱਲ ਹਾਈਵੇਅਜ਼ ਤਿਆਰ ਕਰਨਾ ਹੈ। ਇਸੇ ਤਰ੍ਹਾਂ ਬਰੈਡਫੋਰਡ ਬਾਇਪਾਸ ਵੀ ਫੋਰਡ ਸਰਕਾਰ ਦਾ ਵੱਡਾ ਟੀਚਾ ਹੈ। ਜਿਨ੍ਹਾਂ ਮਿਊਂਸਪੈਲਿਟੀਜ਼ ਰਾਹੀਂ ਇਹ ਬਾਇਪਾਸ ਵਾਲਾ ਰੂਟ ਜਾਂਦਾ ਹੈ ਉਹ ਵੀ ਇਸ ਦੇ ਹੱਕ ਵਿੱਚ ਹਨ। ਇਹ ਟੋਰਾਂਟੋ ਦੇ ਬਾਹਰੀ ਸਬਅਰਬਜ਼ ਨਾਲ ਸਥਿਤ ਹੈ। ਇਸ ਦਾ ਨਿਰਮਾਣ ਵੀ ਮੁੱਖ ਤੌਰ ਉੱਤੇ ਭੀੜ ਘਟਾਉਣ ਲਈ ਹੀ ਕੀਤਾ ਜਾਣਾ ਹੈ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …