ਟੋਰਾਂਟੋ/ਬਿਊਰੋ ਰਿਪੋਰਟ : ਸਕੌਟਿਸ ਸਿਆਸਤਦਾਨ ਦੇ ਨਾਂ ਉੱਤੇ ਬਣੀ ਟੋਰਾਂਟੋ ਦੀ ਬਹੁਤ ਹੀ ਮਸ਼ਹੂਰ ਡੰਡਸ ਸਟਰੀਟ ਦਾ ਨਾਂ ਹੁਣ ਜਲਦ ਹੀ ਬਦਲ ਦਿੱਤਾ ਜਾਵੇਗਾ। ਇਸ ਸਿਆਸਤਦਾਨ ਨੇ ਗੁਲਾਮ ਪ੍ਰਥਾ ਨੂੰ ਖਤਮ ਕਰਨ ਵਿੱਚ ਦੇਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ।
ਟੋਰਾਂਟੋ ਸਿਟੀ ਕਾਊਂਸਲ ਨੇ ਇਸ ਸਟਰੀਟ ਦਾ ਨਾਂ ਬਦਲੇ ਜਾਣ ਦੇ ਹੱਕ ਵਿੱਚ ਵੋਟਿੰਗ ਕੀਤੀ। ਸਟਰੀਟ ਦਾ ਨਾਂ ਬਦਲੇ ਜਾਣ ਦੇ ਹੱਕ ਵਿੱਚ 7 ਦੇ ਮੁਕਾਬਲੇ 17 ਵੋਟਾਂ ਪਈਆਂ। ਇੱਥੇ ਦੱਸਣਾ ਬਣਦਾ ਹੈ ਕਿ ਇਸ ਵੋਟਿੰਗ ਪ੍ਰਕਿਰਿਆ ਤੋਂ ਬਾਅਦ ਸਿਰਫ ਡੰਡਸ ਸਟਰੀਟ ਦਾ ਹੀ ਨਾਂ ਨਹੀਂ ਬਦਲਿਆ ਜਾਵੇਗਾ ਸਗੋਂ ਜਿੱਥੇ ਵੀ ਇਸ ਨਾਂ ਦੀ ਵਰਤੋਂ ਕੀਤੀ ਗਈ ਹੈ ਉਹ ਸਭ ਬਦਲਿਆ ਜਾਵੇਗਾ ਜਿਵੇਂ ਕਿ ਪਾਰਕਾਂ ਦੇ ਨਾਂ, ਟੀਟੀਸੀ ਸਟੇਸ਼ਨ ਤੇ ਮਸ਼ਹੂਰ ਯੰਗ-ਡੰਡਸ ਸਕੁਏਅਰ ਦਾ ਨਾਂ ਵੀ ਬਦਲਿਆ ਜਾਵੇਗਾ।
ਮੇਅਰ ਜੌਹਨ ਟੋਰੀ, ਜੋ ਕਿ ਇਸ ਨਾਂ ਨੂੰ ਬਦਲੇ ਜਾਣ ਦੇ ਹੱਕ ਵਿੱਚ ਹਨ, ਨੇ ਵੋਟਿੰਗ ਤੋਂ ਪਹਿਲਾਂ ਕਾਊਂਸਲ ਨੂੰ ਆਖਿਆ ਕਿ ਸਿਟੀ ਦੀ ਪ੍ਰਾਪਰਟੀ ਤੋਂ ਡੰਡਸ ਦਾ ਨਾਂ ਹਟਾਏ ਜਾਣ ਨਾਲ ਟੋਰਾਂਟੋ ਦੀਆਂ ਕਦਰਾਂ ਕੀਮਤਾਂ ਦੀ ਹੀ ਪੁਸ਼ਟੀ ਹੁੰਦੀ ਹੈ। ਅਜਿਹਾ ਕੀਤਾ ਜਾਣਾ ਬੇਹੱਦ ਜ਼ਰੂਰੀ ਹੈ। ਟੋਰੀ ਨੇ ਇਹ ਵੀ ਆਖਿਆ ਕਿ ਡੰਡਸ ਦਾ ਟੋਰਾਂਟੋ ਨਾਲ ਕੋਈ ਸਿੱਧਾ ਸਬੰਧ ਵੀ ਨਹੀਂ ਸੀ, ਨਾ ਹੀ ਉਸ ਨੇ ਕਦੇ ਇੱਥੋਂ ਦਾ ਦੌਰਾ ਕੀਤਾ ਸੀ ਤੇ ਨਾ ਹੀ ਟੋਰਾਂਟੋ ਲਈ ਕੁੱਝ ਕੀਤਾ ਸੀ।
ਸਿਟੀ ਸਟਾਫ ਵੱਲੋਂ ਅਗਲੇ ਸਾਲ ਐਗਜੈਕਟਿਵ ਕਮੇਟੀ ਨੂੰ ਕੁੱਝ ਨਵੇਂ ਨਾਂਵਾਂ ਦੀ ਸੂਚੀ ਦਿੱਤੀ ਜਾਵੇਗੀ ਜਿਹੜੇ ਇਸ ਨਾਂ ਦੀ ਥਾਂ ਉੱਤੇ ਵਰਤੇ ਜਾ ਸਕਦੇ ਹਨ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …