ਟੋਰਾਂਟੋ/ ਨਾਹਰ ਸਿੰਘ ਔਜਲਾ
ਟੋਰਾਂਟੋ ਏਰੀਏ ‘ਚ ਲੰਮੇ ਸਮੇਂ ਤੋਂ ਲੋਕ ਪੱਖੀ ਕਾਰਜਾਂ ਲਈ ਕੰਮ ਕਰਦੀਆਂ ਕੋਈ ਦਸ ਕੁ ਜੱਥੇਬੰਦੀਆਂ ਦੇ ਸਰਗਰਮ ਮੈਬਰਾਂ ਵਲੋਂ ਦੋ ਅਕਤੂਬਰ ਦਿਨ ਐਤਵਾਰ ਨੂੰ ਇਕ ਫੋਰੀ ਮੀਟਿੰਗ ਕਰ ਕੇ ਭਾਰਤ ਅਤੇ ਪਾਕਿਸਤਾਨ ਦੀਆਂ ਲੋਕ ਵਿਰੋਧੀ ਸਰਕਾਰਾਂ ਵਲੋਂ ਬੋਡਰ ‘ਤੇ ਜੰਗ ਵਰਗਾ ਮਾਹੌਲ ਪੈਦਾ ਕੀਤੇ ਜਾਣ ਉੱਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। ਸਰਕਾਰਾਂ ਵਲੋਂ ਇਕ ਦਹਿਸ਼ਤ ਵਰਗਾ ਮਾਹੌਲ ਪੈਦਾ ਕਰ ਕੇ ਲੱਖਾਂ ਹੀ ਲੋਕਾਂ ਨੂੰ ਉਹਨਾਂ ਦੇ ਘਰਾਂ ‘ਚੋਂ ਉਜਾੜੇ ਜਾਣ ਦੀ ਭਰਵੀਂ ਨਿੰਦਾ ਕੀਤੀ ਗਈ। ਸਮੁੱਚੇ ਮੈਂਬਰਾਂ ਨੇ ਸਰਬਸੰਮਤੀ ਨਾਲ ਇਹਨਾਂ ਮੱਦਾਂ ‘ਤੇ ਸਹਿਮਤੀ ਪ੍ਰਗਟਾਈ ਕਿ ਦੋਹਾਂ ਮੁਲਕਾਂ ਦੇ ਹਾਕਮਾਂ ਨੂੰ ਵਿਨਾਸਕਾਰੀ ਨੀਤੀਆਂ ਨੂੰ ਛੱਡ ਕੇ ਲੋਕਾਂ ਦੇ ਬੁਨਿਆਦੀ ਮਸਲਿਆਂ ਵੱਲ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ।
ਲੋਕ ਅਮਨ ਅਮਾਨ ਨਾਲ ਰਹਿਣਾ ਚਾਹੁੰਦੇ ਹਨ, ਉਹ ਜੰਗ ਨਹੀਂ ਚਾਹੁੰਦੇ। ਇਹ ਤਬਾਹਕੁੰਨ ਜੰਗਾ ਹਥਿਆਰ ਵੇਚਣ ਵਾਲੀਆਂ ਕਾਰਪੋਰੇਸ਼ਨਾਂ ਅਤੇ ਹਾਕਮਾਂ ਲਈ ਲੁੱਟ ਖਸੁੱਟ ਦਾ ਸਾਧਨ ਬਣਦੀਆਂ ਹਨ। ਇੰਨਾਂ ਜੰਗਾਂ ‘ਚ ਮਰਨ ਵਾਲੇ ਬਹੁਤੇ ਨੌਜਵਾਨ ਫੋਜੀ ਵੀ ਲੋੜਵੰਦ ਘਰਾਂ ਨਾਲ ਹੀ ਸਬੰਧ ਰੱਖਣ ਵਾਲੇ ਹੁੰਦੇ ਹਨ। ਸਮੇਂ ਦੀਆਂ ਇਹ ਸਰਕਾਰਾਂ ਲੋਕਾਂ ਦੇ ਰੋਟੀ ਰੋਜੀ ਤੇ ਨੌਕਰੀਆਂ ਦੇ ਮਸਲੇ ਹੱਲ ਕਰਨ ਤੋਂ ਨਕਾਮ ਰਹਿ ਰਹੀਆਂ ਹਨ ਤੇ ਲੋਕਾਂ ਦਾ ਧਿਆਨ ਲਾਂਭੇ ਲਿਜਾਣ ਲਈ ਹੀ ਸਰਹੱਦਾਂ ‘ਤੇ ਇਹੋ ਜਿਹੇ ਫਸਾਦ ਕਰਵਾਉਣ ‘ਚ ਰੁੱਝੀਆਂ ਰਹਿੰਦੀਆਂ ਹਨ।
ਇਸ ਮੀਟਿੰਗ ਸਮੇਂ ਹਰ ਜੱਥੇਬੰਦੀ ਦਾ ਇਕ-ਇਕ ਨੁਮਾਇੰਦਾ ਲੈ ਕੇ ਇਕ ਵੱਖਰੀ ਕਮੇਟੀ ਬਣਾਈ ਗਈ ਜੋ ਕਿ ਆਉਣ ਵਾਲੇ ਸਮੇਂ ਲਈ ਰੂਪ ਰੇਖਾ ਤਿਆਰ ਕਰ ਕੇ ਸਮੁੱਚੇ ਮੀਡੀਏ ਰਾਂਹੀ ਆਮ ਲੋਕਾਂ ‘ਚ ਲੈ ਕੇ ਜਾਵੇਗੀ। ਅਗਲੀ ਮੀਟਿੰਗ ਵਿੱਚ ਪਾਕਿਸਤਾਨੀ ਕਮਿਊਨਟੀ ਦੇ ਉਹਨਾਂ ਸੁਹਿਰਦ ਸੱਜਣਾਂ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ ਜੋ ਇਹਨਾਂ ਲੋਕ ਮਾਰੂ ਜੰਗਾਂ ਦਾ ਡਟਕੇ ਵਿਰੋਧ ਕਰਦੇ ਹਨ।
ਇਸ ਕਮੇਟੀ ਦੇ ਮੈਂਬਰਾਂ ‘ਚ ਤਲਵਿੰਦਰ ਮੰਡ (ਕੈਨੇਡੀਅਨ ਪੰਜਾਬੀ ਸਾਹਿਤ ਸਭਾ), ਇਕਬਾਲ ਸੁੰਬਲ (ਦੇਸ ਭਗਤ ਸਪੋਰਟਸ ਐਂਡ ਕਲਚਰਲ ਸੁਸਾਇਟੀ), ਕੁਲਵਿੰਦਰ ਖਹਿਰਾ (ਕਲਮਾਂ ਦਾ ਕਾਫਲਾ), ਸੁਰਜੀਤ ਸਹੋਤਾ (ਇੰਡੋ ਕਨੇਡੀਅਨ ਵਰਕਰਜ ਐਸੋਸੀਏਸ਼ਨ) ਦਵਿੰਦਰ ਤੂਰ (ਪਰੋ ਪੀਪਲਜ ਆਰਟਸ ਮੀਡੀਆ ਗਰੁੱਪ) ਸੁਰਜੀਤ ਕੌਰ ਕੁੱਦੋਵਾਲ (ਦਿਸ਼ਾ), ਨਾਹਰ ਸਿੰਘ ਔਜਲਾ (ਚੇਤਨਾ ਕਲਚਰਲ ਸੈਂਟਰ ਟੋਰੰਟੋ), ਕੁਲਜੀਤ ਮਾਨ (ਪੰਜਾਬੀ ਕਹਾਣੀ ਮੰਚ), ਬਲਰਾਜ ਸ਼ੌਕਰ (ਨਾਰਥ ਅਮੈਰਕਿਨ ਤਰਕਸ਼ੀਲ ਸੁਸਾਇਟੀ), ਗੁਰਚਰਨ ਗੁਲੇਰੀਆ (ਸਵਰਾਜ ਅਭਿਆਨ ਗਰੁੱਪ ਕਨੇਡਾ), ਇਸ ਮੀਟਿੰਗ ਵਿਚ ਹੋਰ ਵੀ ਬਹੁੱਤ ਸਾਰੇ ਸੱਜਣਾਂ ਨੇ ਹਿੱਸਾ ਲਿਆ ਜਿੰਨ੍ਹਾਂ ‘ਚ ਬਲਦੇਵ ਰਹਿਪਾ, ਡਾ ਬਲਜਿੰਦਰ ਸੇਖੋਂ, ਨਛੱਤਰ ਬਦੇਸ਼ਾ, ਅਵਤਾਰ ਕੌਰ ਔਜਲਾ, ਸੁਰਿੰਦਰ ਗਿੱਲ, ਨਿਰਮਲ ਰੰਧਾਵਾ, ਗੁਰਮੀਤ ਸਿੰਘ, ਆਤਮਾ ਸਿੰਘ ਚਾਹਲ, ਸੁੰਦਰਪਾਲ ਕੌਰ ਰਾਜਾਸਾਂਸੀ, ਤਾਰਾ ਸਿੰਘ ਥਿੰਦ, ਹਰਿੰਦਰ ਹੁੰਦਲ, ਮਲਕੀਤ ਸਿੰਘ, ਕਮਲਜੀਤ ਕੌਰ ਨੱਤ, ਸੰਤੋਖ ਸਿੰਘ ਨੱਤ, ਇੰਦੂ ਗਲੇਰੀਆ, ਪਿਆਰਾ ਸਿੰਘ ਕੁੱਦੋਵਾਲ ਤੇ ਹਰਬੰਸ ਸਿੰਘ ਸ਼ਾਮਲ ਸਨ। ਕਮੇਟੀ ਉਹਨਾਂ ਸੰਸਥਾਵਾਂ ਅਤੇ ਵਿਅਕਤੀਆਂ ਨੂੰ ਜੋ ਇਹੋ ਜਿਹੀਆਂ ਲੋਕ ਮਾਰੂ ਜੰਗਾਂ ਦਾ ਵਿਰੋਧ ਕਰਦੇ ਹਨ ਨੂੰ ਇਸ ਕਮੇਟੀ ਨਾਲ ਜੁੜ ਕੇ ਵਲੰਟੀਅਰ ਤੌਰ ਤੇ ਕੰਮ ਕਰਨ ਦੀ ਪੁਰਜੋਰ ਅਪੀਲ ਕਰਦੀ ਹੈ।
Check Also
ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ
ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …