Breaking News
Home / ਰੈਗੂਲਰ ਕਾਲਮ / ਬੋਲ ਬਾਵਾ ਬੋਲ

ਬੋਲ ਬਾਵਾ ਬੋਲ

ਨਵੇਂ ਚਿਹਰੇ ‘ਪੰਜਾਬ ਪੁਲੀਸ’ ਦਾ ਅਕਸ ਸੰਵਾਰਨਗੇ!
ਨਿੰਦਰ ਘੁਗਿਆਣਵੀ
ਹੁਣ ਪਹਿਲਾਂ ਵਾਲੀਆਂ ਗੱਲਾਂ ਭੁੱਲ ਜਾਓ ਕਿ ਪੰਜਾਬ ਦੀ ਪੁਲੀਸ ਉਹੀ ਪੁਰਾਣੀ ਨਹੀਂ ਰਹੀ। ਖਾਕੀ ਵਰਦੀ ਦਾ ਡਰ ਪੰਜਾਬੀਆਂ ਦੇ ਮਨਾਂ ਉਤੋਂ ਚਾਹੇ ਕਦੇ ਵੀ ਨਹੀਂ ਮਿਟਣਾ ਪਰ ਹੁਣ ‘ਖਾਕੀ ਵਰਦੀ ਦਾ ਡਰ’ ਹੁਣ ਉਹ ਨਹੀਂ ਰਿਹਾ, ਜੋ ਪਹਿਲੇ ਸਮਿਆਂ ਵਿੱਚ ਹੁੰਦਾ ਸੀ। ਮੋਟੇ ਢਿੱਡਾਂ ਤੇ ਕੁੰਡੀਆਂ ਮੁੱਛਾਂ ਵਾਲਿਆਂ ਦਾ ਜ਼ਮਾਨਾ ਹੁਣ ਬੀਤ ਚੱਲਿਆ ਹੈ। ਹੁਣ ਪੰਜਾਬ ਪੁਲੀਸ ਵਿੱਚ ਜਿਹੜੇ ਨੌਜਵਾਨ ਨਵੇਂ ਚਿਹਰੇ ਭਰਤੀ ਹੋ ਕੇ ਲੋਕਾਂ ਦੀ  ਸੇਵਾ ਕਰਨ ਲਈ ਆ ਰਹੇ ਹਨ, ਉਹ ਚਾਹੇ ਥਾਣੇਦਾਰ ਹਨ, ਚਾਹੇ ਸਬ ਇੰਸਪੈਕਟਰ ਹਨ, ਚਾਹੇ ਡੀ ਐਸ ਪੀ ਤੇ ਚਾਹੇ ਆਈ ਪੀ ਐਸ ਪੱਧਰ ਦੇ ਉੱਚ ਅਫਸਰ ਹਨ, ਪੂਰੇ ਸੌ ਵਿੱਚੋਂ 80  ਫੀਸਦੀ ਵੈਸ਼ਨੋ ਹਨ, ਪੜ੍ਹੇ ਲਿਖੇ ਹਨ, ਈਮਾਨਦਵਾਰ ਹਨ, ਸਪੋਰਟਸਮੈਨ ਹਨ। ਇਹ ਸਮਾਜ ਦੀ ਸੱਚੇ ਦਿਲੋਂ ਸੇਵਾ ਕਰਨੀ ਲੋਚਦੇ ਹਨ ਤੇ ਇਹਨਾਂ ਨੂੰ ਇਹ ਵੀ ਭਲੀਭਾਂਤ ਪਤਾ ਹੈ ਕਿ ਪੰਜਾਬ ਦੀ ਪੁਲੀਸ ਦਾ ਪਹਿਲਾਂ ਵਾਲਾ ਅਕਸ ਕੀ ਸੀ ਤੇ ਹੁਣ ਕੀ ਹੈ ਤੇ ਅੱਗੋਂ ਕੀ ਹੋਵੇਗਾ? ਕਿੰਨਾ ਚੰਗਾ ਹੋਵੇ ਕਿ ਜੇਕਰ ਇਹਨਾਂ ਉਤੇ ਸਿਆਸੀ ਪ੍ਰਛਾਵਾਂ ਨਾ ਪਵੇ! ਪਰ ਪੈ ਰਿਹਾ ਹੈ ਤੇ ਪੂਰੀ ਤਰਾਂ ਪੈ ਰਿਹਾ ਹੈ।
ਅਕਸਰ ਹੀ ਕਿਹਾ ਜਾਂਦਾ ਹੈ ਕਿ ਪੁਲੀਸ ਲੋਕਾਂ ਨਾਲ ਧੱਕਾ ਕਰਦੀ ਹੈ ਤੇ ਮਨੁੱਖੀ ਹੱਕਾਂ ਦੀ ਉਲੰਘਣਾ ਵੀ ਸ਼ਰੇਆਮ ਕਰਦੀ ਹੈ। ਇਥੇ ਸਵਾਲ ਪੈਦਾ ਹੁੰਦਾ ਹੈ ਕਿ ਕੀ ਪੰਜਾਬ ਦੀ ਪੁਲੀਸ ਬਾਹਰੋਂ ਕਿਤੋਂ ਆਈ ਹੈ? ਇਹ ਸਾਰੇ ਸਾਡੇ ਹੀ ਧੀਆਂ-ਪੁੱਤ, ਮਾਂ ਪਿਓ ਤੇ ਚਾਚੇ ਤਾਏ ਹਨ। ਤੁਸੀਂ ਹੀ ਇਹਨਾਂ ਨੂੰ ਪੁਛੋ ਕਿ ਇਹ ਇੰਝ ਕਿਉਂ ਕਰਦੇ ਹਨ? ਹੁਣੇ ਪੰਜਾਬ ਪੁਲੀਸ ਵਿੱਚ ਭਰਤੀਆਂ ਦੀ ਪ੍ਰਕਿਰਿਆ ਚੱਲ ਰਹੀ ਹੈ ਤੇ ਲੋਕੀ ਪੱਬਾਂ ਭਾਰ ਹੋਏ ਫਿਰਦੇ ਮੈਂ ਅੱਖੀ ਦੇਖੇ ਹਨ ਕਿ ਹਨ ਕਿ ਕਿਵੇਂ ਨਾ ਕਿਵੇਂ ਸਾਡਾ ਧੀ-ਪੁੱਤ ਭਰਤੀ ਹੋ ਜਾਵੇ! ਚਾਹੇ ਰਿਸ਼ਵਤ ਵੀ ਦੇਣੀ ਪਵੇ ਤੇ ਚਾਹੇ ਵੱਡੇ ਜਾਂ ਛੋਟੇ ਬਾਦਲ ਤੋਂ ਫੋਨ ਵੀ ਕਰਵਾਣਾ ਪਵੇ, ਬਸ ਭਰਤੀ ਹੋਣਾ ਲਾਜ਼ਮੀ ਹੈ। ਹੁਣ  ਦੱਸੋ ਕਿ ਜੇਕਰ ਪੰਜਾਬ ਦੀ ਪੁਲੀਸ ਏਨੀ ਮਾੜੀ ਹੈ ਤਾਂ ਫਿਰ ਆਪਣੇ ਧੀਆਂ ਪੁੱਤਾ ਨੂੰ ਭਰਤੀ ਕਰਵਾਣ  ਲਈ ਅਸੀਂ ਏਨੇ ਉਤਾਵਲੇ ਕਿਉਂ ਹਾਂ?
ਪੁਲੀਸ ਕਿੰਨੀ ਮਾੜੀ ਹੈ, ਤੇ ਕੀ ਕੀ ਕਰਦੀ ਹੈ, ਇਹ ਗੱਲਾਂ ਅਗਲੇ ਕਾਲਮਾਂ ਵਿੱਚ ਸਾਂਝੀਆਂ ਕਰਾਂਗੇ। ਫਿਲਹਾਲ ਦਸਦਾ ਜਾਵਾਂ ਕਿ ਪਿਛਲੇ ਦਿਨੀਂ ਪੰਜਾਬ ਪੁਲੀਸ ਦੇ ਨਵ- ਨਿਯੁਕਤ ਸਬ ਇੰਸਪੈਕਟਰਾਂ ਦੇ ਭਾਸ਼ਣ ਮੁਕਾਬਲੇ ਪੁਲੀਸ ਅਕੈਡਮੀਂ ਫਿਲੌਰ ਵਿੱਚ ਹੋਏ ਤੇ ਦੋ ਸਬ ਇੰਸਪੈਕਟਰਾਂ ਨੇ ਉਥੇ ਭਾਸ਼ਣ ਮੁਕਾਬਲਾ ਜਿਤਿਆ। ਇਹ ਭਾਸ਼ਣ ਮੁਕਾਬਲਾ ਰਾਜ ਪੱਧਰੀ ਸੀ। ਨਵ ਨਿਯੁਕਤ ਸਬ ਇੰਸਪੈਕਟਰ ਮੁਨੀਸ਼ ਧਵਨ ਦਾ ਅੰਗਰੇਜ਼ੀ ਵਿੱਚ ਭਾਸ਼ਣ ਸੀ ਕਿ-ਪੁਲੀਸ ਮਨੁੱਖੀ ਹੱਕਾਂ ਦੀ ਉਲੰਘਣਾ ਕਰਦੀ ਹੈ ਤੇ ਦੂਜਾ ਨਵ ਨਿਯੁਕਤ ਸਬ ਇੰਸਪੈਕਟਰ ਕੇ.ਸੀ ਪਰਾਸ਼ਰ ਦਾ ਵਿਸ਼ਾ ਸੀ ਕਿ ਪੁਲੀਸ ਮਨੁਖੀ ਹੱਕਾਂ ਦੀ ਉਲੰਘਣਾ ਨਹੀਂ ਕਰਦੀ। ਸੋ, ਇਹ ਦੋਵੇਂ ਆਪੋ-ਆਪਣੇ ਵਿਸ਼ਿਆਂ ਵਿੱਚ ਗੱਲ ਬੜੀ ਸਫਲਤਾ ਨਾਲ ਆਖ ਗਏ ਕਿ ਇਹਨਾਂ ਨੂੰ ਸਰਬੋਤਮ ਇਨਾਮ ਮਿਲੇ ਹਨ। ਫਿਲੌਰ ਅਕੈਡਮੀ ਦੇ ਇੰਚਾਰਜ ਆਈ. ਜੀ ਸ੍ਰ ਕੁਲਦੀਪ ਸਿੰਘ ਦੀ ਦੇਖ-ਰੇਖ ਹੇਠ ਹੋਏ ਇਹਨਾਂ ਮੁਕਾਬਲਿਆਂ ਵਿੱਚ ਏ. ਡੀ. ਜੀ. ਪੀ ਪਰਬੋਧ ਬਾਨ ਉਚੇਚਾ ਪੁੱਜੇ ਹੋਏ ਸਨ। ਜਦ ਇਹ ਸਟੇਟ ਪੱਧਰੀ ਇਨਾਮ ਜਿੱਤ ਕੇ ਆਪਣੇ ਜਿਲੇ ਫਰੀਦਕੋਟ ਦੇ ਐਸ.ਅੇਸ ਪੀ ਦਰਸ਼ਨ ਸਿੰਘ ਮਾਨ ਕੋਲ ਪੁੱਜੇ ਤਾਂ ਉਹਨਾਂ ਨੇ ਇਹਨਾਂ ਦੀ ਖੂਬ ਹੌਸਲਾ ਅਫਜ਼ਾਈ ਕੀਤੀ। ਇੱਥੇ ਮੈਂ ਇਹਨਾਂ ਦੋ ਭਾਸ਼ਣਕਾਰਾਂ ਦੀ ਹੀ ਗੱਲ ਕੀਤੀ ਹੈ ਤੇ ਗੱਲ ਇਥੇ ਹੀ ਨਹੀਂ ਮੁੱਕ ਜਾਂਦੀ, ਪਂਜਾਬ ਪੁਲੀਸ ਵਿੱਚ ਹੋਈ ਨਵੀਂ ਭਰਤੀ ਵਿੱਚ ਸਾਡੇ ਦੇਸ਼ ਦਾ ਮਾਣ ਵਧਾਉਣ ਵਾਲੇ ਖਿਡਾਰੀ ਚਿਹਰੇ ਵੀ ਸ਼ਾਮਲ ਹਨ। ਸੋ ਸਾਨੂੰ ਆਸਾਂ ਵੀ ਹਨ ਤੇ ਉਮੀਦਾਂ ਵੀ ਕਿ ਨਵੀਂ ਪੀੜੀ ਖਾਕੀ ਵਰਦੀ ਪਾ ਕੇ ਜੋ ਆ ਰਹੀ ਹੈ ਇਸ ਤੋਂ ਸਾਨੂੰ ਵੱਡੀਆਂ ਚੰਗੇਰੀਆਂ ਆਸਾਂ ਹਨ।
[email protected]
94174-21700

Check Also

ਪਰਵਾਸੀ ਨਾਮਾ

ਮਹਿੰਗਾਈ ਦੈਂਤ ਮਹਿੰਗਾਈ ਵਾਲਾ ਸਭ ਨੂੰ ਡਰਾਈ ਜਾਂਦਾ, ਤੇ ਆਮ ਬੰਦੇ ਦੀ ਕੋਈ ਨਾ ਪੇਸ਼ …