ਟੋਰਾਂਟੋ/ਸਤਪਾਲ ਸਿੰਘ ਜੌਹਲ : ਕਰੋਨਾ ਵਾਇਰਸ ਦੀਆਂ ਰੋਕਾਂ ਕਾਰਨ ਭਾਰਤ ਤੋਂ ਸਿੱਧੀ ਉਡਾਨ ਰਾਹੀਂ ਕੈਨੇਡਾ ਪੁੱਜਣਾ ਤਾਂ ਅਜੇ ਸੰਭਵ ਨਹੀਂ ਪਰ ਮਾਲਦੀਵ, ਮੱਧ-ਪੂਰਬ, ਯੂਰਪ, ਮੈਕਸੀਕੋ ਆਦਿ ਦੇ (ਬਹੁਤ ਮਹਿੰਗੇ) ਰਸਤੇ ਖੁੱਲ੍ਹੇ ਹਨ ਅਤੇ ਕੁਝ ਲੋਕ ਓਧਰੋਂ ਦੀ ਹੋ ਕੇ ਕੈਨੇਡਾ ਦੇ ਟੋਰਾਂਟੋ, ਵੈਨਕੂਵਰ, ਕੈਲਗਰੀ ਤੇ ਮਾਂਟਰੀਅਲ ਪੁੱਜ ਰਹੇ ਹਨ। ਕੈਨੇਡਾ ਸਰਕਾਰ ਨੇ ਵਾਇਰਸ ਤੋਂ ਬਚਾਅ ਦੀ ਵੈਕਸੀਨ ਦੇ ਟੀਕੇ ਲਗਵਾ ਚੁੱਕੇ ਵਿਅਕਤੀਆਂ ਨੂੰ ਲੰਘੀ 5 ਜੁਲਾਈ ਤੋਂ ਕੁਝ ਰਾਹਤ ਦਿੱਤੀ ਹੈ। ਪਰ ਕੈਨੇਡਾ ‘ਚ ਦਾਖਲੇ ‘ਤੇ ਮਾਰਚ 2020 ‘ਚ ਲੱਗੀਆਂ ਰੋਕਾਂ ਅਜੇ ਅਮਰੀਕੀ ਲੋਕਾਂ ਵਾਸਤੇ 9 ਅਗਸਤ ਅਤੇ ਹੋਰਨਾਂ ਦੇਸ਼ਾਂ ਦੇ ਨਾਗਰਿਕਾਂ ਵਾਸਤੇ 7 ਸਤੰਬਰ ਤੱਕ ਲਾਗੂ ਰੱਖੀਆਂ ਜਾ ਰਹੀਆਂ ਹਨ। ਮਿਲ ਰਹੀ ਜਾਣਕਾਰੀ ਅਨੁਸਾਰ ਸਰਕਾਰ ਦੀਆਂ ਰੋਕਾਂ ਹਟਣ ਤੋਂ ਬਾਅਦ ਕੈਨੇਡਾ ਦੇ ਹਵਾਈ ਅੱਡਿਆਂ ਅੰਦਰ ਮੁਸਾਫਿਰਾਂ ਦੀ ਭੀੜ ਵਧੇਗੀ ਜਿਸ ਕਰਕੇ ਸਿਹਤ-ਸੁਰੱਖਿਆ ਪੱਖ ਤੋਂ ਅਧਿਕਾਰੀਆਂ ਵਲੋਂ ਉਨ੍ਹਾਂ ਲੋਕਾਂ ਦੀਆਂ ਵੱਖਰੀਆਂ ਲਾਈਨਾਂ ਲਗਾਉਣ ਦਾ ਫੈਸਲਾ ਕੀਤਾ ਹੈ, ਜਿਨ੍ਹਾਂ ਦੇ ਦੋਵੇਂ ਟੀਕੇ ਲੱਗ ਚੁੱਕੇ ਹੋਣ, ਜਾਂ ਇਕ ਟੀਕਾ ਲੱਗਿਆ ਹੋਵੇਗਾ ਜਾਂ ਕੋਈ ਟੀਕਾ ਨਹੀਂ ਲਗਵਾਇਆ ਹੋਵੇਗਾ। ਕੈਨੇਡਾ ਦੇ ਸਿਹਤ ਮੰਤਰਾਲੇ ਦੇ ਅਧਿਕਾਰੀ ਵੀ ਹਵਾਈ ਅੱਡਿਆਂ ਅੰਦਰ ਮੌਜੂਦ ਰਹਿਣਗੇ। ਇਸੇ ਦੌਰਾਨ ਵੈਕਸੀਨ ਦੇ ਮਹੱਤਵ ਬਾਰੇ ਟੋਰਾਂਟੋ ‘ਚ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਸੀਨੀਅਰ ਡਾਕਟਰ ਨਵੀਦ ਮੁਹੰਮਦ ਨੇ ਦੱਸਿਆ ਕਿ ਹਰੇਕ ਵਿਅਕਤੀ ਨੂੰ ਬਿਨਾ ਕਿਸੇ ਦੇਰੀ ਤੋਂ ਵੈਕਸੀਨ ਲਗਵਾ ਲੈਣੀ ਚਾਹੀਦੀ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …