Breaking News
Home / ਜੀ.ਟੀ.ਏ. ਨਿਊਜ਼ / ਕੰਸਰਵੇਟਿਵ ਆਗੂ ਐਰਿਨ ਓਟੂਲ ਨੇ ਸ਼ੈਡੋ ਕੈਬਨਿਟ ‘ਚ ਕੀਤਾ ਫੇਰਬਦਲ

ਕੰਸਰਵੇਟਿਵ ਆਗੂ ਐਰਿਨ ਓਟੂਲ ਨੇ ਸ਼ੈਡੋ ਕੈਬਨਿਟ ‘ਚ ਕੀਤਾ ਫੇਰਬਦਲ

ਕੈਨੇਡੀਅਨ ਆਪਣੇ ਆਰਥਿਕ ਭਵਿੱਖ ਨੂੰ ਲੈ ਕੇ ਚਿੰਤਤ : ਓਟੂਲ
ਓਟਵਾ/ਬਿਊਰੋ ਨਿਊਜ਼ : ਕੰਸਰਵੇਟਿਵ ਆਗੂ ਐਰਿਨ ਓਟੂਲ ਨੇ ਆਪਣੀ ਸ਼ੈਡੋ ਕੈਬਨਿਟ ਵਿਚ ਫੇਰਬਦਲ ਕੀਤਾ ਹੈ। ਅਜਿਹਾ ਕਰਕੇ ਓਟੂਲ ਪਾਰਟੀ ਦੀਆਂ ਉਨ੍ਹਾਂ ਯੋਜਨਾਂਵਾਂ ਵੱਲ ਧਿਆਨ ਦਿਵਾਉਣਾ ਚਾਹੁੰਦੇ ਹਨ ਜਿਨ੍ਹਾਂ ਵਿੱਚ ਅਜਿਹੀ ਸਰਕਾਰ ਦੀ ਚੋਣ ਦੀ ਅਹਿਮੀਅਤ ਦਰਸਾਈ ਗਈ ਹੈ ਜਿਹੜੀ ਮਹਾਂਮਾਰੀ ਤੋਂ ਬਾਅਦ ਕੈਨੇਡੀਅਨ ਅਰਥਚਾਰੇ ਨੂੰ ਮੁੜ ਪੈਰਾਂ ਸਿਰ ਕਰਨ ਨੂੰ ਤਰਜੀਹ ਦੇਵੇ।
ਇਸ ਫੇਰਬਦਲ ਵਿੱਚ ਕਈ ਐਮਪੀਜ ਨੂੰ ਮੁੜ ਅਸਾਈਨ ਕੀਤਾ ਗਿਆ ਹੈ ਤੇ ਕੁੱਝ ਨਵੇਂ ਚਿਹਰਿਆਂ ਨੂੰ ਵੀ ਸ਼ੈਡੋ ਕੈਬਨਿਟ ਵਿੱਚ ਸ਼ਾਮਲ ਕੀਤਾ ਗਿਆ ਹੈ। ਐਬਸਫੋਰਡ, ਬੀਸੀ ਤੋਂ ਐਮਪੀ ਐਡ ਫਾਸਟ ਨੂੰ ਵਿੱਤ ਕ੍ਰਿਟਿਕ ਦਾ ਅਹੁਦਾ ਦਿੱਤਾ ਗਿਆ ਹੈ, ਕਾਰਲਟਨ, ਓਨਟਾਰੀਓ ਤੋਂ ਐਮਪੀ ਪਿਏਰੇ ਪੋਇਲਿਵਰ ਨੂੰ ਫਾਇਨਾਂਸ ਦੀ ਥਾਂ ਜੌਬਜ ਐਂਡ ਇੰਡਸਟਰੀ ਕ੍ਰਿਟਿਕ ਥਾਪਿਆ ਗਿਆ ਹੈ। ਇੱਥੇ ਦੱਸਣਾ ਬਣਦਾ ਹੈ ਕਿ ਫਾਸਟ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੇ ਮੰਤਰੀ ਮੰਡਲ ਵਿੱਚ ਕੌਮਾਂਤਰੀ ਟਰੇਡ ਮੰਤਰੀ ਸਨ ਤੇ ਉਹ ਉਸ ਸਮੇਂ ਸੁਰਖੀਆਂ ਵਿੱਚ ਆਏ ਸਨ ਜਦੋਂ ਉਨ੍ਹਾਂ ਐਂਡਰਿਊ ਸ਼ੀਅਰ ਦੀ ਅਗਵਾਈ ਵਿੱਚ ਕ੍ਰਿਟਿਕ ਦੀ ਭੂਮਿਕਾ ਨਿਭਾਉਣ ਤੋਂ ਮਨ੍ਹਾਂ ਕਰ ਦਿੱਤਾ ਸੀ। ਪਾਰਟੀ ਦੀ ਪਿੱਛੇ ਜਿਹੇ ਹੋਈ ਲੀਡਰਸ਼ਿਪ ਦੌੜ ਵਿੱਚ ਪਿੱਛੇ ਰਹਿਣ ਵਾਲੇ ਪੋਇਲਿਵਰ ਨੇ ਹਮੇਸ਼ਾ ਕੰਸਰਵੇਟਿਵ ਕਾਕਸ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਦੀਆਂ ਨੀਤੀਆਂ ਦੀ ਕੀਤੀ ਜਾਣ ਵਾਲੀ ਨੁਕਤਾਚੀਨੀ ਵਿੱਚ ਮੂਹਰੇ ਰਹਿ ਕੇ ਹਿੱਸਾ ਲਿਆ। ਓਟੂਲ ਨੇ ਕੋਵਿਡ-19 ਇਕਨੌਮਿਕ ਰਿਕਵਰੀ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਵਿਸ਼ੇਸ਼ ਕ੍ਰਿਟਿਕ ਦਾ ਅਹੁਦਾ ਕਾਇਮ ਕੀਤਾ ਹੈ ਜਿਸ ਦੀ ਜਿੰਮੇਵਾਰੀ ਐਡਮੰਟਨ ਸੈਂਟਰ, ਅਲਬਰਟਾ ਤੋਂ ਐਮਪੀ ਜੇਮਜ ਕਮਿੰਗ ਨੂੰ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਫਿਊਚਰ ਵਰਕਫੋਰਸ ਡਿਵੈਲਪਮੈਂਟ ਦਾ ਅਹੁਦਾ ਕਿਲਡੋਨੈਨ-ਸੇਅ ਪਾਲ, ਮੈਨੀਟੋਬਾ ਤੋਂ ਐਮਪੀ ਰੈਕੁਅਲ ਡੈਂਚੋ ਸਾਂਭਣਗੇ। ਇੱਕ ਬਿਆਨ ਵਿੱਚ ਓਟੂਲ ਨੇ ਆਖਿਆ ਕਿ ਕੈਨੇਡੀਅਨ ਆਪਣੇ ਆਰਥਿਕ ਭਵਿੱਖ ਨੂੰ ਲੈ ਕੇ ਚਿੰਤਤ ਹਨ। ਉਨ੍ਹਾਂ ਆਖਿਆ ਕਿ ਸਾਡੀ ਟੀਮ ਮਹਾਂਮਾਰੀ ਤੋਂ ਬਾਅਦ ਅਰਥਚਾਰੇ ਨੂੰ ਲੀਹ ਉੱਤੇ ਲਿਆਉਣ ਵੱਲ ਧਿਆਨ ਕੇਂਦਰਿਤ ਕਰਕੇ ਕੈਨੇਡੀਅਨਾਂ ਨੂੰ ਮੁੜ ਕੰਮ ਧੰਦੇ ਉੱਤੇ ਲਾਉਣ ਲਈ ਪੂਰਾ ਜੋਰ ਲਾਵੇਗੀ। ਲੰਮੇਂ ਸਮੇਂ ਤੋਂ ਕੰਜਰਵੇਟਿਵ ਐਮਪੀਜ ਰਹੇ ਪੀਟਰ ਕੈਂਟ ਤੇ ਕੈਥੀ ਮੈਕਲਿਓਡ ਵੱਲੋਂ ਅਗਲੀਆਂ ਫੈਡਰਲ ਚੋਣਾਂ ਵਿੱਚ ਹਿੱਸਾ ਨਾ ਲੈਣ ਸਬੰਧੀ ਪਹਿਲਾਂ ਹੀ ਕੀਤੇ ਜਾ ਚੁੱਕੇ ਐਲਾਨ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਦੀਆਂ ਭੂਮਿਕਾਵਾਂ ਕਿਸੇ ਹੋਰ ਨੂੰ ਸੌਂਪਣ ਲਈ ਵੀ ਇਹ ਫੇਰਬਦਲ ਕੀਤਾ ਗਿਆ ਹੈ।

Check Also

ਅਲਬਰਟਾ ਵਿਚ ਕੋਵਿਡ-19 ਦੇ ਕੇਸਾਂ ‘ਚ ਹੋਇਆ ਵਾਧਾ

ਕਰੋਨਾ ਵਾਇਰਸ ਦੇ ਕੇਸਾਂ ਨਾਲ ਜੂਝ ਰਹੇ ਹਸਪਤਾਲ ਐਡਮਿੰਟਨ/ਬਿਊਰੋ ਨਿਊਜ਼ : ਕੋਵਿਡ -19 ਦੇ ਅੰਕੜਿਆਂ …