21.7 C
Toronto
Wednesday, September 17, 2025
spot_img
Homeਹਫ਼ਤਾਵਾਰੀ ਫੇਰੀਕਿਸਾਨਾਂ ਦਾ ਦਰਦ ਪੂਰੀ ਦੁਨੀਆ ਤੱਕ ਪਹੁੰਚਿਆ

ਕਿਸਾਨਾਂ ਦਾ ਦਰਦ ਪੂਰੀ ਦੁਨੀਆ ਤੱਕ ਪਹੁੰਚਿਆ

ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨੀ ਸੰਘਰਸ਼ ਲਗਾਤਾਰ ਜਾਰੀ
ਕੇਂਦਰ ਦੀ ਚਿੱਠੀ ਦਾ ਜਵਾਬ ਦੇਣ ਲਈ ਪੰਜ ਮੈਂਬਰੀ ਕਮੇਟੀ ਕਾਇਮ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਵਿਚ ਨਰਿੰਦਰ ਮੋਦੀ ਦੀ ਸਰਕਾਰ ਵਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਕੇਂਦਰ ਦੇ ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਿਸਾਨਾਂ ਵਲੋਂ ਦਿੱਲੀ ਦੀਆਂ ਸਰਹੱਦਾਂ ‘ਤੇ ਚਾਰ ਹਫਤਿਆਂ ਤੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਕਿਸਾਨਾਂ ਦਾ ਦਰਦ ਹੁਣ ਪੂਰੀ ਦੁਨੀਆ ਵਿਚ ਪਹੁੰਚ ਚੁੱਕਾ ਹੈ। ਕੈਨੇਡਾ, ਅਮਰੀਕਾ, ਆਸਟਰੇਲੀਆ, ਨਿਊਜ਼ੀਲੈਂਡ ਸਮੇਤ ਹੋਰ ਕਈ ਦੇਸ਼ਾਂ ਵਿਚ ਭਾਰਤੀ ਕਿਸਾਨਾਂ ਦੀ ਹਮਾਇਤ ਵਿਚ ਪ੍ਰਦਰਸ਼ਨ ਵੀ ਹੋ ਰਹੇ ਹਨ।
ਇਸ ਸੰਘਰਸ਼ ਵਿਚ ਪੂਰੇ ਭਾਰਤ ਦੇ ਸੂਬਿਆਂ ਵਿਚੋਂ ਕਿਸਾਨ ਪਹੁੰਚੇ ਹੋਏ ਹਨ ਅਤੇ ਜ਼ਿਆਦਾ ਯੋਗਦਾਨ ਪੰਜਾਬ ਦੇ ਕਿਸਾਨਾਂ ਦਾ ਹੈ। ਬਹੁਤ ਸਾਰੀਆਂ ਸਮਾਜ ਸੇਵੀ ਜਥੇਬੰਦੀਆਂ, ਪੰਜਾਬ ਦੇ ਗਾਇਕ ਅਤੇ ਹੋਰ ਯੂਨੀਅਨਾਂ ਵੀ ਕਿਸਾਨਾਂ ਦੇ ਹੱਕ ਵਿਚ ਡਟੀਆਂ ਹੋਈਆਂ ਹਨ। ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਲਈ ਲੰਗਰਾਂ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ ਅਤੇ ਪੰਜਾਬ ਤੇ ਹਰਿਆਣਾ ਸਮੇਤ ਹੋਰ ਵੀ ਕਈ ਸੂਬਿਆਂ ਵਿਚੋਂ ਲੰਗਰ ਲਈ ਰਾਸ਼ਨ ਪਹੁੰਚ ਰਿਹਾ ਹੈ। ਇਸ ਸੰਘਰਸ਼ ਵਿਚ ਵੱਡੀ ਗਿਣਤੀ ‘ਚ ਬੀਬੀਆਂ ਵੀ ਸ਼ਾਮਲ ਹੋਈਆਂ ਹਨ। ਪੰਜਾਬ ਵਿਚੋਂ ਹਰ ਰੋਜ਼ ਟਰਾਲੀਆਂ ਭਰ-ਭਰ ਕੇ ਦਿੱਲੀ ਦੀਆਂ ਸਰਹੱਦਾਂ ਟਿੱਕਰੀ, ਸਿੰਘੂ ਅਤੇ ਅਤੇ ਗਾਜੀਪੁਰ ਵਿਖੇ ਪਹੁੰਚ ਰਹੀਆਂ ਹਨ। ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਪੰਜਾਬ ਦੇ ਨੌਜਵਾਨਾਂ ਵਿਚ ਵੀ ਪੂਰਾ ਜੋਸ਼ ਹੈ ਅਤੇ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਇਹ ਕਾਨੂੰਨ ਰੱਦ ਕਰਵਾ ਕੇ ਹੀ ਵਾਪਸ ਜਾਣਗੇ। ਦਿੱਲੀ ਸਰਹੱਦਾਂ ‘ਤੇ ਕਿਸਾਨਾਂ ਦੀ ਸਹੂਲਤ ਲਈ ਪੂਰੇ ਇੰਤਜ਼ਾਮ ਕੀਤੇ ਗਏ ਹਨ। ਇਸੇ ਦੌਰਾਨ ਪੰਜਾਬ ਵਿਚ ਹੁਣ ਰਿਲਾਇੰਸ ਦੇ ਟਾਵਰਾਂ ਦੇ ਕੁਨੈਕਸ਼ਨ ਵੀ ਕਿਸਾਨਾਂ ਵਲੋਂ ਕੱਟੇ ਜਾ ਰਹੇ ਹਨ ਅਤੇ ਰਿਲਾਇੰਸ ਦੇ ਪੈਟਰੋਲ ਪੰਪਾਂ ਅਤੇ ਸਟੋਰਾਂ ਸਾਹਮਣੇ ਵੀ ਲਗਾਤਾਰ ਧਰਨਾ ਪ੍ਰਦਰਸ਼ਨ ਜਾਰੀ ਹਨ। ਇਸੇ ਦੌਰਾਨ ਕਿਸਾਨ ਯੂਨੀਅਨਾਂ ਨੇ ਕੇਂਦਰ ਵੱਲੋਂ ਭੇਜੀ ਗਈ ਚਿੱਠੀ ਦਾ ਢੁੱਕਵਾਂ ਜਵਾਬ ਦੇਣ ਲਈ ਮਸੌਦਾ ਤੈਅ ਕਰਨ ਬਾਰੇ ਸੰਯੁਕਤ ਕਿਸਾਨ ਮੋਰਚੇ ਦੇ 5 ਆਗੂਆਂ ਦੀ ਇਕ ਸਾਂਝੀ ਕਮੇਟੀ ਬਣਾ ਦਿੱਤੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਅਗਲੇ ਮਹੀਨੇ ਗਣਤੰਤਰ ਦਿਵਸ ਮੌਕੇ ਮੁੱਖ ਮਹਿਮਾਨ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੂੰ ਭਾਰਤ ਆਉਣ ਤੋਂ ਰੋਕਣ ਲਈ ਬਰਤਾਨਵੀ ਸੰਸਦ ਮੈਂਬਰਾਂ ‘ਤੇ ਦਬਾਅ ਪਾਇਆ ਜਾਵੇਗਾ। ਉਧਰ ਸਿੰਘੂ ਬਾਰਡਰ ਸਮੇਤ ਵੱਖ ਵੱਖ ਮੋਰਚਿਆਂ ‘ਤੇ ਕਿਸਾਨ ਭੁੱਖ ਹੜਤਾਲ ‘ਤੇ ਬੈਠੇ। ਕਮੇਟੀ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਪੰਜਾਬ) ਦੇ ਪ੍ਰਧਾਨ ਡਾ. ਦਰਸ਼ਨ ਪਾਲ, ਭਾਰਤੀ ਕਿਸਾਨ ਯੂਨੀਅਨ (ਏਕਤਾ ਸਿੱਧੂਪੁਰ) ਦੇ ਜਗਜੀਤ ਸਿੰਘ ਡੱਲੇਵਾਲਾ, ਆਲ ਇੰਡੀਆ ਕਿਸਾਨ ਫੈਡਰੇਸ਼ਨ ਤੋਂ ਪ੍ਰੇਮ ਸਿੰਘ ਭੰਗੂ, ਜਮਹੂਰੀ ਕਿਸਾਨ ਸਭਾ ਦੇ ਕੁਲਵੰਤ ਸਿੰਘ ਸੰਧੂ ਤੇ ਰਾਜਿੰਦਰ ਸਿੰਘ ਦੀਪਵਾਲਾ ਸ਼ਾਮਲ ਹਨ।

RELATED ARTICLES
POPULAR POSTS