ਕਿਸਾਨ ਖੁਦ ਤੈਅ ਕਰ ਸਕਦਾ ਹੈ ਫਸਲ ਦੀ ਕਿਸਮਤ : ਗਰੇਵਾਲ ਭਰਾ
ਆਸਟਰੇਲੀਆ ਵਿਚ 3 ਹਜ਼ਾਰ ਏਕੜ ਜ਼ਮੀਨ ਦੇ ਮਾਲਕ ਹਨ ਗਰੇਵਾਲ ਭਰਾ
ਮੈਲਬੌਰਨ : ਗਰੇਵਾਲ ਆਟਾ, ਗਰੇਵਾਲ ਘਿਓ, ਗਰੇਵਾਲ ਦਾਲਾਂ ਤੇ ਕਈ ਪ੍ਰੋਡਕਟਸ ਇਹ ਉਹ ਨਾਮ ਹਨ, ਜੋ ਆਸਟਰੇਲੀਆ ਦੇ ਘਰ-ਘਰ ਵਿਚ ਜਾਂਦੇ ਹਨ। 20 ਸਾਲ ਵਿਚ 4 ਭਰਾਵਾਂ ਦੀ ਗਿਣਤੀ ਆਸਟਰੇਲੀਆ ਵਿਚ ਗਿਣੇ-ਚੁਣੇ ਅਰਬਪਤੀ ਕਿਸਾਨ ਕਾਰੋਬਾਰੀਆਂ ਵਿਚ ਹੋਣ ਲੱਗੀ ਹੈ। ਇਸ ‘ਤੇ ਆਗਿਆਕਾਰ ਸਿੰਘ ਕਹਿੰਦੇ ਹਨ, ਕਿਸਾਨ ਦੇ ਹੱਥ ਵਿਚ ਇਹ ਤਾਕਤ ਹੈ ਕਿ ਉਹ ‘ਫਾਰਮ ਤੋਂ ਫੋਰਕ’ ਤੱਕ ਖੁਦ ਆਪਣੀ ਫਸਲ ਦੀ ਕਿਸਮਤ ਤੈਅ ਕਰ ਸਕਦੇ ਹਨ। ਬਸ਼ਰਤੇ ਸਰਕਾਰ ਇਮਾਨਦਾਰੀ ਨਾਲ ਸਾਥ ਦੇਵੇ। ਉਹ ਖੁਦ ਦੱਸ ਰਹੇ ਹਨ ਆਪਣੀ ਕਹਾਣੀ।
ਸਫਲਤਾ ਦਾ ਰਾਜ : ਹਰ ਮੁਸ਼ਕਲ ਸਮੇਂ ਪਰਿਵਾਰ ਇੱਕਜੁੱਟ, ਬੇਟੀਆਂ ਵੀ ਕਰਦੀਆਂ ਹਨ ਖੇਤੀ
ਗੱਲ 1988 ਦੀ ਹੈ। ਲੁਧਿਆਣਾ ਦੇ ਮਨਸੂਰਾਂ ਪਿੰਡ ਵਿਚ ਚਾਰ ਭਰਾਵਾਂ ਕੋਲ 20 ਏਕੜ ਜ਼ਮੀਨ ਸੀ। ਖੇਤੀ ਨਾਲ ਗੁਜ਼ਾਰਾ ਨਹੀਂ ਹੋਇਆ ਤਾਂ ਮੈਂ (ਆਗਿਆਕਾਰ ਸਿੰਘ) ਰੇਲ ਫੈਕਟਰੀ ਵਿਚ ਮੈਕੇਨਿਕ ਦਾ ਕੰਮ ਕੀਤਾ। ਛੋਟਾ ਭਰਾ ਹਰਜਸ ਕਮਾਈ ਲਈ ਨਿਊਜ਼ੀਲੈਂਡ ਗਿਆ। ਫਿਰ 1990 ਵਿਚ ਮੈਂ ਵੀ ਨਿਊਜ਼ੀਲੈਂਡ ਗਿਆ। 1997 ਵਿਚ ਮਾਤਾ ਦੀ ਸਲਾਹ ‘ਤੇ ਖੇਤੀ ਵਿਚ ਕਿਸਮਤ ਅਜਮਾਉਣ ਅਸੀਂ ਆਸਟਰੇਲੀਆ ਪਹੁੰਚ ਗਏ। ਗੱਲ ਨਹੀਂ ਬਣੀ ਤਾਂ ਫਿਰ ਨਿਊਜ਼ੀਲੈਂਡ ਵਾਪਸ ਪਰਤ ਗਏ। ਸਾਲ 2000 ਵਿਚ ਫਿਰ ਆਸਟਰੇਲੀਆ ਪਹੁੰਚੇ ਅਤੇ 18 ਏਕੜ ਜ਼ਮੀਨ ਖਰੀਦੀ। ਅੰਗੂਰਾਂ ਦੀ ਖੇਤੀ ਸ਼ੁਰੂ ਕੀਤੀ। ਇਕ ਸਾਲ ਬਾਅਦ ਚੰਗਾ ਮੁਨਾਫਾ ਮਿਲਿਆ। ਇਸ ਤੋਂ ਬਾਅਦ ਅਸੀਂ ਚਾਰਾਂ ਭਰਾਵਾਂ ਨੇ ਨਿਊਜ਼ੀਲੈਂਡ ਛੱਡ ਦਿੱਤਾ। ਜ਼ਮੀਨ ਦੇ ਛੋਟੇ-ਛੋਟੇ ਟੁਕੜੇ ਖਰੀਦੇ, ਅੰਗੂਰ ਦੀ ਖੇਤੀ ਕੀਤੀ। ਮੁਨਾਫਾ ਵਧਿਆ ਤਾਂ ਮੈਲਬੌਰਨ ਤੋਂ 500 ਕਿਲੋਮੀਟਰ ਦੂਰ ਮਿਲਦੂਰਾ ਵਿਚ 3000 ਏਕੜ ਜ਼ਮੀਨ ਖਰੀਦੀ। ਕਣਕ ਦੀ ਖੇਤੀ ਸ਼ੁਰੂ ਕੀਤੀ, ਉਨ੍ਹੀਂ ਦਿਨੀਂ ਆਸਟਰੇਲੀਆ ਵਿਚ ਭਾਰਤ ਤੋਂ ਆਟਾ ਆਯਾਤ ‘ਤੇ ਰੋਕ ਸੀ। ਇਸ ਲਈ ਅਸੀਂ ਆਪਣਾ ਆਟਾ ਵੇਚਣ ਲਈ ਸਟੋਨ ਰੋਲਿੰਗ ਮਿੱਲ ਦੀਆਂ ਮਸ਼ੀਨਾਂ ਖਰੀਦੀਆਂ। ਜਿਉਂ ਹੀ ਕੰਮ ਸ਼ੁਰੂ ਕੀਤਾ ਤਾਂ ਸਰਕਾਰ ਨੇ ਆਟੇ ਦੇ ਆਯਾਤ ਤੋਂ ਬੈਨ ਹਟਾ ਦਿੱਤਾ। ਆਟਾ ਤਿਆਰ ਸੀ, ਪਰ ਖਰੀਦਣ ਵਾਲਾ ਕੋਈ ਨਹੀਂ। ਲਿਹਾਜ਼ਾ ਪੂਰੇ ਦੇਸ਼ ਵਿਚ ਦੁਕਾਨਦਾਰਾਂ ਕੋਲ ਆਪਣਾ ਆਟਾ ਲੈ ਕੇ ਗਏ। ਹੁਣ ਹਾਲਾਤ ਇਹ ਹਨ ਕਿ ਅਸੀਂ 365 ਦਿਨ, ਹਰ ਘੰਟੇ ਇਕ ਟਨ ਆਟਾ ਬਣਾ ਰਹੇ ਹਾਂ। ਇਸ ਤੋਂ ਇਲਾਵਾ ਚੀਨ ਨੂੰ ਅੰਗੂਰ ਦਾ ਨਿਰਯਾਤ ਕਰ ਰਹੇ ਹਾਂ। ਮੈਲਬੌਰਨ ਤੋਂ 40 ਕਿਲੋਮੀਟਰ ਦੂਰ ਕਿੰਗਲੇਕ ਵਿਚ 220 ਏਕੜ ਜ਼ਮੀਨ ਵਿਚ ਬਲੂ ਬੇਰੀ, ਰੈਡ ਬੇਰੀ ਦੀ ਖੇਤੀ ਸ਼ੁਰੂ ਕੀਤੀ ਹੈ। ਕੁੱਲ ਮਿਲਾ ਕੇ ਸਾਡੀ ਸਫਲਤਾ ਦਾ ਰਾਜ ਇਹ ਹੈ ਕਿ ਪੂਰਾ ਪਰਿਵਾਰ ਇਕਜੁਟ ਹੈ। ਮੇਰੀਆਂ 4 ਬੇਟੀਆਂ ਵੀ ਖੇਤੀ ਕਰਦੀਆਂ ਹਨ। ਅਸੀਂ ਖੁਦ ਆਪਣੀ ਫਸਲ ਨੂੰ ਪ੍ਰੋਸੈਸ ਕਰਦੇ ਹਾਂ ਇਸ ਨੂੰ ਵੇਚਣ ਲਈ ਬਜ਼ਾਰ ਦੀ ਤਲਾਸ਼ ਕਰਦੇ ਹਾਂ।
ਕੀ ਅੰਤਰ ਹੈ ਭਾਰਤ ਅਤੇ ਆਸਟਰੇਲੀਆ ਦੀ ਖੇਤੀ ਵਿਚ
ੲ ਆਗਿਆਕਾਰ ਸਿੰਘ ਮੁਤਾਬਕ ਆਸਟਰੇਲੀਆ ਵਿਚ ਸਰਕਾਰ ਫਸਲ ਨਹੀਂ ਖਰੀਦਦੀ। ਐਮਐਸਪੀ ਵੀ ਨਹੀਂ ਹੈ। ਸਰਕਾਰ ਸਹੀ ਕੀਮਤ ਦਿਵਾਉਂਦੀ ਹੈ। ਫਸਲ ਤਬਾਹ ਹੋਈ ਤਾਂ ਮੁਆਵਜ਼ਾ ਖਾਤੇ ਵਿਚ ਆਉਂਦਾ ਹੈ।ੲ ਆਸਟਰੇਲੀਆ ਵਿਚ ਫਸਲ ਵੇਚਣ ਲਈ ਸੁਸਾਇਟੀ ਬਣਾਈ ਹੈ। ਕਾਰਪੋਰੇਟ ਤੋਂ ਸਹੀ ਕੀਮਤ ਨਹੀਂ ਮਿਲਦੀ ਤਾਂ ਕਿਸਾਨਾਂ ਦੇ ਪਾਸ ਭੰਡਾਰ ਕਰਨ ਦੀ ਵਿਵਸਥਾ ਹੈ। ਇਸੇ ਤਰ੍ਹਾਂ ਭਾਰਤ ਵਿਚ ਕਿਸਾਨ ਬਾਜ਼ਾਰ ਦੀ ਮੰਗ ਦੇ ਮੁਤਾਬਕ ਫਸਲ ਪ੍ਰੋਸੈਸ ਕਰਕੇ ਸਿੱਧੇ ਗਾਹਕ ਤੱਕ ਪਹੁੰਚਾ ਸਕਦੇ ਹਨ।