Breaking News
Home / ਜੀ.ਟੀ.ਏ. ਨਿਊਜ਼ / ਲਗਜ਼ਰੀ ਸਮਾਨ ਨਾਲ ਲੱਦੇ ਟਰੇਲਰਾਂ ‘ਚੋਂ ਸਮਾਨ ਚੋਰੀ ਕਰਨ ਦੇ ਮਾਮਲੇ ‘ਚ ਫਸੇ ਪੰਜਾਬੀ ਮੁੰਡੇ

ਲਗਜ਼ਰੀ ਸਮਾਨ ਨਾਲ ਲੱਦੇ ਟਰੇਲਰਾਂ ‘ਚੋਂ ਸਮਾਨ ਚੋਰੀ ਕਰਨ ਦੇ ਮਾਮਲੇ ‘ਚ ਫਸੇ ਪੰਜਾਬੀ ਮੁੰਡੇ

logo-2-1-300x105-3-300x105ਬਰੈਂਪਟਨ ਵਾਸੀ ‘ਤੇ 5 ਮਿਲੀਅਨ ਦਾ ਟਰੱਕ ਲੋਡ ਚੋਰੀ ਕਰਨ ਦਾ ਦੋਸ਼
ਪੁਲਿਸ ਨੇ 4.5 ਮਿਲੀਅਨ ਦੇ ‘ਐਪਲ’ ਉਤਪਾਦ ਕੀਤੇ ਬਰਾਮਦ
ਬਰੈਂਪਟਨ/ ਬਿਊਰੋ ਨਿਊਜ਼
ਪੀਲ ਪੁਲਿਸ ਨੇ 4.5 ਮਿਲੀਅਨ ਦੇ ‘ਐਪਲ’ ਉਤਪਾਦ ਅਤੇ ਵੱਡੀ ਸਕਰੀਨ ਵਾਲੇ ਟੀ.ਵੀਜ਼ ਦੇ ਨਾਲ ਕੱਪੜੇ ਬਰਾਮਦ ਕੀਤੇ ਹਨ। ਇਸ ਮਾਮਲੇ ਵਿਚ ਪੁਲਿਸ ਨੇ ਦੋ ਜਣਿਆਂ ਨੂੰ ਦੋਸ਼ੀ ਬਣਾਇਆ ਹੈ। ਇਹ ਦੋਵੇਂ ਕਾਫ਼ੀ ਸਮੇਂ ਤੋਂ ਟਰੇਲਰਸ ਤੋਂ ਸਾਮਾਨ ਚੋਰੀ ਕਰਕੇ ਵੇਚ ਰਹੇ ਸਨ ਅਤੇ ਉਨ੍ਹਾਂ ਨੇ ਕਈ ਲੱਖ ਡਾਲਰ ਦੇ ਐਪਲ ਆਈਫ਼ੋਨ ਅਤੇ ਟੈਬਲੈੱਟਸ, ਕੱਪੜਿਆਂ ਅਤੇ ਵੱਡੀ ਸਕਰੀਨ ਵਾਲੇ ਟੀ.ਵੀਜ਼ ਨੂੰ ਚੋਰੀ ਕਰਕੇ ਵੇਚਿਆ ਹੈ। ਪੀਲ ਪੁਲਿਸ ਨੇ ਤਿੰਨ ਮਹੀਨੇ ਦੀ ਜਾਂਚ ਤੋਂ ਬਾਅਦ ਇਨ੍ਹਾਂ ਚੋਰਾਂ ਨੂੰ ਫ਼ੜਨ ਵਿਚ ਸਫ਼ਲਤਾ ਹਾਸਲ ਕੀਤੀ ਹੈ।
ਪੀਲ ਪੁਲਿਸ ਦੇ ਕਾਂਸਟੇਬਲ ਪੈਟ ਲਿੰਚ ਨੇ ਦੱਸਿਆ ਕਿ ਪੁਲਿਸ ਦੇ ਕਮਰਸ਼ੀਅਲ ਆਟੋ ਐਗਜ਼ਾਈਮ ਯੂਨਿਟ ਨੇ ਜਨਵਰੀ, ਫ਼ਰਵਰੀ ਅਤੇ ਮਾਰਚ ਵਿਚ ਹਾਲਟਨ, ਏਟੀਬੀਕੋ ਅਤੇ ਪਰਲ ਵਿਚ 4.5 ਮਿਲੀਅਨ ਤੋਂ 5 ਮਿਲੀਅਨ ਡਾਲਰ ਦਾ ਸਾਮਾਨ ਚੋਰੀ ਹੋਣ ਦੇ ਮਾਮਲੇ ਦਰਜ ਕੀਤੇ ਸਨ। ਇਸ ਸਾਮਾਨ ਵਿਚ ਐਪਲ ਉਤਪਾਦ, ਐੱਚ.ਐੱਮ.ਵੀ. ਕੱਪੜੇ, ਵੱਡੇ ਟੀ.ਵੀ. ਅਤੇ ਜਾਇੰਟ ਟਾਈਗਰ ਗੁਡਸ ਸ਼ਾਮਲ ਹਨ, ਜਿਨ੍ਹਾਂ ਨੂੰ ਚਾਰ ਵੱਖ-ਵੱਖ ਸਟੋਰੇਜ਼ ਯੂਨਿਟਸ ਵਿਚ ਲੁਕਾ ਕੇ ਰੱਖਿਆ ਗਿਆ ਸੀ। ਉਨ੍ਹਾਂ ਨੇ ਚੋਰੀ ਲਈ ਹੋਰ ਲੋਕਾਂ ਨੂੰ ਵੀ ਨਾਲ ਮਿਲ ਰੱਖਿਆ ਸੀ ਅਤੇ ਚੋਰੀ ਦਾ ਸਾਮਾਨ ਸਕਾਰਬਰੋਗ, ਨਿਊਮਾਰਕੇਟਸ, ਏਟੀਬੀਕੋ ਆਦਿ ਵਿਚ ਰੱਖਿਆ ਜਾਂਦਾ ਸੀ ਤਾਂ ਜੋ ਗਾਹਕ ਮਿਲਣ ‘ਤੇ ਉਸ ਨੂੰ ਵੇਚਿਆ ਜਾ ਸਕੇ। ਦਸੰਬਰ ਅਤੇ ਜਨਵਰੀ ਵਿਚ ਚੋਰੀ ਹੋਣ ਤੋਂ ਬਾਅਦ ਇਕ ਵੱਡੀ ਐਲ.ਸੀ.ਡੀ. ਸਕਰੀਨ ਮਿਲਣ ਤੋਂ ਬਾਅਦ ਪੁਲਿਸ ਨੇ ਪ੍ਰੋਜੈਕਟ ਬਿਗ ਸਕਰੀਨ ਨੂੰ ਸ਼ੁਰੂ ਕੀਤਾ।
ਪੁਲਿਸ ਨੂੰ ਸ਼ੱਕ ਸੀ ਕਿ ਅੰਦਰੋਂ ਕੋਈ ਆਦਮੀ ਚੋਰਾਂ ਨੂੰ ਸੂਚਨਾ ਦਿੰਦਾ ਹੈ ਕਿ ਕਿਸ ਟਰੇਲਰ ਵਿਚ ਮਹਿੰਗਾ ਸਾਮਾਨ ਲੱਦਿਆ ਹੋਇਆ ਹੈ, ਕਿਉਂਕਿ ਚੋਰੀ ਅਕਸਰ ਮਹਿੰਗੇ ਸਾਮਾਨ ਵਾਲੇ ਟਰੇਲਰ ਵਿਚੋਂ ਹੀ ਕੀਤੀ ਜਾਂਦੀ ਸੀ। ਚੋਰੀ ਦਾ ਸਾਮਾਨ ਰਾਜ ਜਾਂ ਦੇਸ਼ ਤੋਂ ਬਾਹਰ ਵੀ ਭੇਜੇ ਜਾਣ ਦੀ ਸੰਭਾਵਨਾ ਹੈ।
ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਕੁਝ ਹੋਰ ਥਾਵਾਂ ‘ਤੇ ਵੀ ਚੋਰੀ ਦਾ ਸਾਮਾਨ ਲੁਕਾਇਆ ਗਿਆ ਹੋ ਸਕਦਾ ਹੈ। ਹੁਣ ਇਕ ਪਾਸੇ ਲੋਕਾਂ ਨੂੰ ਆਪਣਾ ਚੋਰੀ ਹੋਇਆ ਸਾਮਾਨ ਮਿਲਣ ਦੀ ਉਮੀਦ ਹੈ ਤਾਂ ਉਥੇ ਟਰੈਕਟਰ ਟਰੇਲਰ ਦਾ ਸਾਮਾਨ ਚੋਰੀ ਹੋਣ ਨਾਲ ਸੰਕਟ ਵਿਚ ਆਈਆਂ ਕੰਪਨੀਆਂ ਨੂੰ ਵੀ ਰਾਹਤ ਮਿਲ ਸਕਦੀ ਹੈ। ਸੰਦੀਪ ਬਰਾੜ, ਉਮਰ 35 ਸਾਲ ਅਤੇ ਧਰਵੰਤ ਗਿੱਲ, ਉਮਰ 33 ਸਾਲ, ਦੋਵੇਂ ਬਰੈਂਪਟਨ ਵਾਸੀ ‘ਤੇ ਚੋਰੀ ਕਰਨ ਅਤੇ ਚੋਰੀ ਦਾ ਸਾਮਾਨ ਲੁਕਾ ਕੇ ਰੱਖਣ ਦੇ ਮਾਮਲੇ ਦਰਜ ਕੀਤੇ ਗਏ ਹਨ। ਉਥੇ ਹੀ ਇਨ੍ਹਾਂ ਨੂੰ ਦੋ ਯੂਨਿਟ ਕਿਰਾਏ ‘ਤੇ ਦੇਣ ਲਈ ਲਵਪ੍ਰੀਤ ਔਲਖ, ਉਮਰ 23 ਸਾਲ ਅਤੇ ਮਨਜੀਤ ਸ਼ਰਮਾ, ਉਮਰ 34 ਸਾਲ ‘ਤੇ ਵੀ ਚੋਰੀ ਦਾ ਸਾਮਾਨ ਲੁਕਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …