Breaking News
Home / ਕੈਨੇਡਾ / ਕਰਨਲ ਤੇ ਮੇਜਰ ਸਣੇ ਪੰਜ ਜਵਾਨ ਕਸ਼ਮੀਰ ‘ਚ ਸ਼ਹੀਦ

ਕਰਨਲ ਤੇ ਮੇਜਰ ਸਣੇ ਪੰਜ ਜਵਾਨ ਕਸ਼ਮੀਰ ‘ਚ ਸ਼ਹੀਦ

ਸ੍ਰੀਨਗਰ : ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਹੰਦਵਾੜਾ ਇਲਾਕੇ ‘ਚ ਸੁਰੱਖਿਆ ਬਲਾਂ ਦੀ ਅਤਿਵਾਦੀਆਂ ਨਾਲ ਹੋਏ ਮੁਕਾਬਲੇ ਵਿੱਚ ਫੌਜ ਦੇ ਕਰਨਲ ਅਤੇ ਮੇਜਰ ਸਮੇਤ ਪੰਜ ਜਵਾਨ ਸ਼ਹੀਦ ਹੋ ਗਏ। ਇਹ ਜਾਣਕਾਰੀ ਡੀਜੀਪੀ ਦਿਲਬਾਗ ਸਿੰਘ ਨੇ ਦਿੱਤੀ। ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ”ਬੜੇ ਹੀ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਇਥੇ ਅਤਿਵਾਦੀਆਂ ਨਾਲ ਮੁਕਾਬਲੇ ਵਿੱਚ ਫੌਜ ਦੇ ਕਰਨਲ ਆਸ਼ੂਤੋਸ਼ ਸ਼ਰਮਾ, ਮੇਜਰ ਅਨੁਜ ਸੂਦ ਅਤੇ ਜੰਮੂ ਕਸ਼ਮੀਰ ਪੁਲੀਸ ਦੇ ਸਬ ਇੰਸਪੈਕਟਰ ਸ਼ਕੀਲ ਕਾਜ਼ੀ ਸਮੇਤ ਪੰਜ ਜਵਾਨ ਸ਼ਹੀਦ ਹੋ ਗਏ ਹਨ।” ਉਨ੍ਹਾਂ ਕਿਹਾ ਕਿ ਕਰਨਲ ਅਤੇ ਉਨ੍ਹਾਂ ਦੀ ਟੀਮ ਨੇ ਅਤਿਵਾਦੀਆਂ ਨਾਲ ਬਹਾਦੁਰੀ ਨਾਲ ਮੁਕਾਬਲਾ ਤੇ ਇਸ ਦੌਰਾਨ ਮੁਕਾਬਲੇ ਵਿੱਚ ਦੋ ਅਤਿਵਾਦੀ ਮਾਰੇ ਗਏ। ਇਸੇ ਦੌਰਾਨ ਕਸ਼ਮੀਰ ਦੇ ਹੰਦਵਾੜਾ ਇਲਾਕੇ ਵਿੱਚ ਅਤਿਵਾਦੀ ਹਮਲੇ ਦੀ ਜ਼ਿੰਮੇਵਾਰੀ ਅਤਿਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਅਤੇ ਲਸ਼ਕਰ-ਏ ਤੋਇਬਾ ਦੇ ਨਵੇਂ ਬਣੇ ਸੰਗਠਨ ਦਿ ਰੈਜ਼ੀਡੈਂਟ ਫਰੰਟ (ਟੀਆਰਐੱਫ) ਨੇ ਲਈ ਹੈ। ਇਨ੍ਹਾਂ ‘ਚੋਂ ਹਿਜ਼ਬੁਲ ਮੁਜਾਹਿਦੀਨ ਨੇ ਆਡੀਓ ਕਾਲ ਕਰਕੇ ਅਤੇ ਟੀਆਰਐੱਫ ਨੇ ਅਤਿਵਾਦੀਆਂ ਦੀਆਂ ਫੋਟੋਆਂ ਜਾਰੀ ਕਰਕੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।

Check Also

ਸੀਨੀਅਰਾਂ ਦੀ ਭਲਾਈ ਨਾਲ ਜੋੜ ਕੇ ਫਲਾਵਰ ਸਿਟੀ ਫਰੈਂਡਜ਼ ਕਲੱਬ ਨੇ ਮਨਾਇਆ ‘ਕੈਨੇਡਾ ਡੇਅ’

ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 6 ਜੁਲਾਈ ਨੂੰ ਫਲਾਵਰ ਸਿਟੀ ਫਰੈਂਡਜ਼ ਸੀਨੀਅਰਜ਼ ਕਲੱਬ ਨੇ ਸਥਾਨਕ …