-11.4 C
Toronto
Wednesday, January 21, 2026
spot_img
Homeਫ਼ਿਲਮੀ ਦੁਨੀਆਰਿਸ਼ਤਿਆਂ ਦੀ ਅਹਿਮੀਅਤ ਤੇ ਸਮਾਜਿਕ ਕਦਰਾਂ ਕੀਮਤਾਂ ਦੀ ਗੱਲ ਕਰਦੀ ਖੂਬਸੂਰਤ ਪਰਿਵਾਰਕ...

ਰਿਸ਼ਤਿਆਂ ਦੀ ਅਹਿਮੀਅਤ ਤੇ ਸਮਾਜਿਕ ਕਦਰਾਂ ਕੀਮਤਾਂ ਦੀ ਗੱਲ ਕਰਦੀ ਖੂਬਸੂਰਤ ਪਰਿਵਾਰਕ ਫ਼ਿਲਮ ਹੋਵੇਗੀ ‘ਨਾਨਕਾ ਮੇਲ’

ਹਰਜਿੰਦਰ ਸਿੰਘ ਜਵੰਦਾ
ਵਿਆਹ ਵਿੱਚ ਨਾਨਕਾ ਮੇਲ ਦੀ ਆਪਣੀ ਹੀ ਟੌਹਰ ਹੁੰਦੀ ਹੈ। ਅਨੇਕਾਂ ਬੋਲੀਆਂ ਗੀਤ ਇਸ ਰਿਸ਼ਤੇ ਅਧਾਰਤ ਪ੍ਰਚੱਲਤ ਹਨ ਪਰ ਇਸ ਫ਼ਿਲਮ ਵਿਚ ਰਿਸ਼ਤਿਆਂ ‘ਚ ਪਈ ਤਰੇੜ ਸਦਕਾ ਇਹ ਰਿਸ਼ਤੇ ਫਿੱਕੇ ਫਿੱਕੇ ਲੱਗਦੇ ਹਨ। ਕਿਵੇਂ ਪਰਿਵਾਰਕ ਸਾਝਾਂ ਇਨ੍ਹਾਂ ਰਿਸ਼ਤਿਆਂ ਨੂੰ ਮੁੜ ਸੁਰਜੀਤ ਕਰਦੇ ਹਨ ਇਹ ਇਸ ਫ਼ਿਲਮ ਰਾਹੀਂ ਦਰਸਾਇਆ ਗਿਆ ਹੈ। ਰਿਸ਼ਤਿਆਂ ਦੀ ਸਰਹੱਦ ‘ਤੇ ਮੋਹ ਦੀ ਦਸਤਕ ਦਿੰਦੀ ਪੰਜਾਬ ਦੀ ਧਰਾਤਲ ਨਾਲ ਜੁੜੀ ਫ਼ਿਲਮ ‘ਨਾਨਕਾ ਮੇਲ’ ਅਜੋਕੇ ਦੌਰ ਦੇ ਪੰਜਾਬੀ ਸਿਨੇਮੇ ਵਿਚ ਵਿਸ਼ੇਸ ਅਹਿਮੀਅਤ ਰੱਖਦੀ ਹੈ। ਪੈਸੇ ਦੇ ਹੰਕਾਰ ਅਤੇ ਸਮੇਂ ਦੀ ਚਾਲ ਨੇ ਮਾਮੇ-ਮਾਸੀਆਂ ਦੇ ਰਿਸ਼ਤਿਆਂ ਨੂੰ ਫਿੱਕੇ ਕਰ ਦਿੱਤਾ ਹੈ। ਇਹ ਫ਼ਿਲਮ ਅਜਿਹੇ ਪਰਿਵਾਰਾਂ ਦੀ ਕਹਾਣੀ ਹੈ ਜੋ ਪੀੜ੍ਹੀ ਦਰ ਪੀੜ੍ਹੀ ਆਪਣੇ ਰਿਸ਼ਤੇਦਾਰਾਂ ਨਾਲ ਨਹੀਂ ਵਰਤਦੇ। ਇਸ ਫ਼ਿਲਮ ਦਾ ਨਾਇਕ ਰੌਸ਼ਨ ਪ੍ਰਿੰਸ ਹੈ ਤੇ ਨਾਇਕਾ ਰੂਬੀਨਾ ਬਾਜਵਾ। ਜਦ ਰੌਸ਼ਨ ਪ੍ਰਿੰਸ ਦੇ ਵਿਆਹ ਦੀ ਗੱਲ ਤੁਰਦੀ ਹੈ ਤਾਂ ਰਿਸ਼ਤਾ ਕਰਨ ਆਇਆ ਪਰਿਵਾਰ ਦਾ ਮੁਖੀ ਕਹਿੰਦਾ ਹੈ ਕਿ ਸਾਡੀ ਇੱਛਾ ਹੈ ਕਿ ਜਿੱਥੇ ਅਸੀਂ ਆਪਣੀ ਲਾਡਲੀ ਦਾ ਰਿਸ਼ਤਾ ਕਰੀਏ ਉਨ੍ਹਾਂ ਦਾ ਨਾਨਕਾ ਪਰਿਵਾਰ ਬਹੁਤ ਵੱਡਾ ਹੋਵੇ। ਪਰ ਮੁੰਡੇ ਦਾ ਬਾਪ ਆਪਣੇ ਸਹੁਰਿਆਂ ਨਾਲ ਨਾ ਵਰਤਦਾ ਹੋਣ ਕਰਕੇ ਰਿਸ਼ਤਾ ਅੱਧ ਵਿਚਕਾਰ ਹੀ ਅਟਕ ਜਾਂਦਾ ਹੈ। ਇਸ ਤਰ੍ਹਾਂ ਇਹ ਫ਼ਿਲਮ ਰਿਸ਼ਤਿਆਂ ਦੀ ਅਹਿਮੀਅਤ ਅਤੇ ਸਮਾਜਿਕ ਕਦਰਾਂ ਕੀਮਤਾਂ ਦੀ ਗੱਲ ਕਰਦੀ ਇਕ ਖੂਬਸੂਰਤ ਪਰਿਵਾਰਕ ਫ਼ਿਲਮ ਹੈ।
ਕਾਰ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਨਿਰਮਾਤਾ ਅਮਿਤ ਕੁਮਾਰ ਚੌਧਰੀ ਅਤੇ ਰਾਹੁਲ ਚੌਧਰੀ ਦੀ ਇਸ ਫ਼ਿਲਮ ਦੀ ਕਹਾਣੀ ਪ੍ਰਿੰਸ ਕੰਵਲਜੀਤ ਸਿੰਘ ਨੇ ਲਿਖੀ ਹੈ। ਜਦਕਿ ਫ਼ਿਲਮ ਦਾ ਨਿਰਦੇਸ਼ਨ ਸਿਮਰਜੀਤ ਸਿੰਘ ਹੁੰਦਲ ਅਤੇ ਪ੍ਰਿੰਸ ਕੇ ਜੀ ਸਿੰਘ ਨੇ ਦਿੱਤਾ ਹੈ। ਫ਼ਿਲਮ ਵਿਚ ਰੌਸ਼ਨ ਪ੍ਰਿੰਸ, ਰੂਬੀਨਾ ਬਾਜਵਾ, ਸਰਦਾਰ ਸੋਹੀ, ਨਿਰਮਲ ਰਿਸ਼ੀ, ਹੌਬੀ ਧਾਲੀਵਾਲ, ਮਹਾਂਵੀਰ ਭੁੱਲਰ, ਸੁਨੀਤਾ ਧੀਰ, ਗੁਰਮੀਤ ਸਾਜਨ, ਮਲਕੀਤ ਰੌਣੀ, ਰਾਣਾ ਜੰਗ ਬਹਾਦਰ ਰੁਪਿੰਦਰ ਰੂਪੀ, ਸਿਮਰਨ ਸਹਿਜਪਾਲ ਨੇ ਅਹਿਮ ਕਿਰਦਾਰ ਨਿਭਾਏ ਹਨ। ઠਫ਼ਿਲਮ ਦਾ ਸੰਗੀਤ ਗੁਰਮੀਤ ਸਿੰਘ, ਦੇਸੀ ਕਰਿਊ, ਮਿਊਜ਼ਿਕ ਇੰਮਪਾਇਰ ਨੇ ਦਿੱਤਾ ਹੈ । ਇਹ ਫ਼ਿਲਮ ਅੱਠ ਨਵੰਬਰ ਨੂੰ ਰਿਲੀਜ਼ ਹੋਵੇਗੀ।

RELATED ARTICLES
POPULAR POSTS