Breaking News
Home / ਫ਼ਿਲਮੀ ਦੁਨੀਆ / ਅਮਿਤਾਭ ਬਚਨ ਦਾਦਾ ਸਾਹੇਬ ਫਾਲਕੇ ਪੁਰਸਕਾਰ ਨਾਲ ਸਨਮਾਨਤ

ਅਮਿਤਾਭ ਬਚਨ ਦਾਦਾ ਸਾਹੇਬ ਫਾਲਕੇ ਪੁਰਸਕਾਰ ਨਾਲ ਸਨਮਾਨਤ

ਨਵੀਂ ਦਿੱਲੀ/ਬਿਊਰੋ ਨਿਊਜ਼ : ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਰਾਸ਼ਟਰਪਤੀ ਭਵਨ ‘ਚ ਹੋਏ ਵਿਸ਼ੇਸ਼ ਸਮਾਗਮ ਦੌਰਾਨ ਮੈਗਾਸਟਾਰ ਅਮਿਤਾਭ ਬੱਚਨ (77) ਨੂੰ ਦਾਦਾਸਾਹੇਬ ਫਾਲਕੇ ਪੁਰਸਕਾਰ ਨਾਲ ਸਨਮਾਨਤ ਕੀਤਾ। ਬੱਚਨ ਨੂੰ ਪਹਿਲਾਂ ਪਿਛਲੇ ਸੋਮਵਾਰ ਰਾਸ਼ਟਰੀ ਫਿਲਮ ਪੁਰਸਕਾਰ ਸਮਾਗਮ ਦੌਰਾਨ ਨਿਵਾਜਿਆ ਜਾਣਾ ਸੀ ਪਰ ਸਿਹਤ ਨਾਸਾਜ਼ ਹੋਣ ਕਰਕੇ ਉਹ ਸਮਾਗਮ ‘ਚ ਹਾਜ਼ਰੀ ਨਹੀਂ ਭਰ ਸਕੇ ਸਨ। ਦਾਦਾਸਾਹੇਬ ਫਾਲਕੇ ਐਵਾਰਡ ‘ਚ ਸਵਰਨ ਕਮਲ ਤਗਮਾ, ਸ਼ਾਲ ਅਤੇ 10 ਲੱਖ ਰੁਪਏ ਨਕਦ ਪੁਰਸਕਾਰ ਸ਼ਾਮਲ ਹਨ।
ਰਾਸ਼ਟਰਪਤੀ ਤੋਂ ਪੁਰਸਕਾਰ ਹਾਸਲ ਕਰਨ ਮਗਰੋਂ ਅਮਿਤਾਭ ਬੱਚਨ ਨੇ ਭਾਰਤ ਸਰਕਾਰ, ਸੂਚਨਾ ਤੇ ਪ੍ਰਸਾਰਣ ਮੰਤਰਾਲੇ ਅਤੇ ਕੌਮੀ ਫਿਲਮ ਪੁਰਸਕਾਰਾਂ ਦੇ ਜਿਊਰੀ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਰੱਬ ਉਨ੍ਹਾਂ ‘ਤੇ ਦਿਆਲ ਹੈ ਅਤੇ ਮਾਪਿਆਂ ਦਾ ਆਸ਼ੀਰਵਾਦ ਹਾਸਲ ਹੈ। ਉਨ੍ਹਾਂ ਕਿਹਾ ਕਿ ਉਹ ਸਭ ਤੋਂ ਵੱਧ ਆਪਣੇ ਪ੍ਰਸ਼ੰਸਕਾਂ ਦੇ ਕਰਜ਼ਦਾਰ ਹਨ ਜਿਨ੍ਹਾਂ ਦੇ ਪਿਆਰ ਸਦਕਾ ਉਹ ਅੱਜ ਇਸ ਮੁਕਾਮ ‘ਤੇ ਖੜ੍ਹੇ ਹਨ।
ਅਮਿਤਾਭ ਬੱਚਨ ਨੇ ਕਿਹਾ ਕਿ ਅਜੇ ਬਹੁਤ ਕੰਮ ਕਰਨਾ ਬਾਕੀ ਹੈ। ਉਨ੍ਹਾਂ ਕਿਹਾ ਕਿ ਜਦੋਂ 2018 ‘ਚ ਦਾਦਾਸਾਹੇਬ ਫਾਲਕੇ ਪੁਰਸਕਾਰ ਦਾ ਐਲਾਨ ਕੀਤਾ ਗਿਆ ਸੀ ਤਾਂ ਉਨ੍ਹਾਂ ਨੂੰ ਸ਼ੱਕ ਹੋਇਆ ਸੀ ਕਿ ਸਮਾਂ ਆ ਗਿਆ ਹੈ ਕਿ ਉਹ ਘਰ ਬੈਠ ਜਾਣ ਪਰ ਅਜੇ ਕੁਝ ਸੰਭਾਵਨਾਵਾਂ ਨਜ਼ਰ ਆਉਂਦੀਆਂ ਸਨ ਕਿ ਉਨ੍ਹਾਂ ਨੂੰ ਕੰਮ ਕਰਨ ਦਾ ਮੌਕਾ ਮਿਲ ਸਕਦਾ ਹੈ। ਸਮਾਗਮ ਦੌਰਾਨ ਬੱਚਨ ਦੀ ਪਤਨੀ ਅਦਾਕਾਰਾ ਅਤੇ ਸੰਸਦ ਮੈਂਬਰ ਜਯਾ ਬੱਚਨ, ਪੁੱਤਰ ਅਤੇ ਅਦਾਕਾਰ ਅਭਿਸ਼ੇਕ ਬੱਚਨ ਵੀ ਹਾਜ਼ਰ ਸਨ। ਇਸ ਮੌਕੇ ਕੌਮੀ ਫਿਲਮ ਪੁਰਸਕਾਰਾਂ ਦੇ ਹੋਰ ਜੇਤੂ ਵੀ ਮੌਜੂਦ ਸਨ।
ਜ਼ਿਕਰਯੋਗ ਹੈ ਕਿ ਢੁੰਡੀਰਾਜ ਗੋਵਿੰਦ ਫਾਲਕੇ ਨੂੰ ਭਾਰਤੀ ਸਿਨਮਾ ਦਾ ਪਿਤਾਮਾ ਮੰਨਿਆ ਜਾਂਦਾ ਹੈ ਅਤੇ ਇਹ ਪੁਰਸਕਾਰ 1969 ‘ਚ ਕਾਇਮ ਹੋਇਆ ਸੀ ਜਦੋਂ ਅਮਿਤਾਭ ਬੱਚਨ ਨੇ ‘ਸਾਤ ਹਿੰਦੁਸਤਾਨੀ’ ਰਾਹੀਂ ਹਿੰਦੀ ਫਿਲਮ ਜਗਤ ‘ਚ ਪੈਰ ਧਰਿਆ ਸੀ। ਹਿੰਦੀ ਕਵੀ ਹਰੀਵੰਸ਼ਰਾਏ ਬੱਚਨ ਅਤੇ ਤੇਜੀ ਬੱਚਨ ਦੇ ਘਰ 1942 ‘ਚ ਜਨਮੇ ਅਮਿਤਾਭ ਬੱਚਨ ਨੇ ਮ੍ਰਿਣਾਲ ਸੇਨ ਦੀ ਬੰਗਾਲੀ ਫਿਲਮ ‘ਭੁਵਨ ਸ਼ੋਮ’ ਤੋਂ ਵੁਆਇਸ ਓਵਰ ਆਰਟਿਸਟ ਵਜੋਂ ਕਰੀਅਰ ਸ਼ੁਰੂ ਕੀਤਾ ਸੀ। ਆਪਣੇ ਪੰਜ ਦਹਾਕਿਆਂ ਦੇ ਕਰੀਅਰ ਦੌਰਾਨ ਬੱਚਨ ਨੇ ਯਾਦਗਾਰ ਫਿਲਮਾਂ ਦੇ ਕੇ ਲੋਕਾਂ ਦੇ ਦਿਲਾਂ ‘ਤੇ ਰਾਜ ਕੀਤਾ।

Check Also

ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ

ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ ਲੁਧਿਆਣਾ – ਲੁਧਿਆਣਾ ਦੇ ਪ੍ਰਮੁੱਖ ਸ਼ਾਪਿੰਗ …