Breaking News
Home / ਫ਼ਿਲਮੀ ਦੁਨੀਆ / ਸੰਘਾ ਮੋਸ਼ਨ ਪਿਕਚਰਜ਼ ਦੀ ਅੰਗਰੇਜ਼ੀ ਲਘੂ ਫ਼ਿਲਮ ‘ਨੈਵਰ ਅਗੇਨ’ ਦਾ ਹੋਇਆ ਭਾਵਪੂਰਤ ਤੇ ਸਫ਼ਲ ਪ੍ਰਦਰਸ਼ਨ

ਸੰਘਾ ਮੋਸ਼ਨ ਪਿਕਚਰਜ਼ ਦੀ ਅੰਗਰੇਜ਼ੀ ਲਘੂ ਫ਼ਿਲਮ ‘ਨੈਵਰ ਅਗੇਨ’ ਦਾ ਹੋਇਆ ਭਾਵਪੂਰਤ ਤੇ ਸਫ਼ਲ ਪ੍ਰਦਰਸ਼ਨ

ਇਕਬਾਲ ਬਰਾੜ ਦੇ ਗੀਤਾਂ ਦੀਆਂ ਵੀਡਿਓਜ਼ ਨੇ ਦਰਸ਼ਕਾਂ ਉੱਪਰ ਡੂੰਘੀ ਛਾਪ ਛੱਡੀ
ਬਰੈਂਪਟਨ/ਡਾ. ਝੰਡ
ਪਿਛਲੇ ਦਿਨੀਂ ਬਰੈਂਪਟਨ ਦੇ ਕਨਸਟੋਗਾ ਰੋਡ ਦੇ ਨੇੜੇ ਸਥਿਤ ‘ਸਿਰਿਲ ਕਲਾਰਕ ਲਾਇਬ੍ਰੇਰੀ ਥੀਏਟਰ’ ਵਿਚ ਸੰਘਾ ਮੋਸ਼ਨ ਪਿਕਚਰਜ਼ ਵੱਲੋਂ ਤਿਆਰ ਕੀਤੀ ਗਈ ਅੰਗਰੇਜ਼ੀ ਲਘੂ ਫਿਲਮ ‘ਨੈਵਰ ਅਗੇਨ’ ਦਾ ਦਰਸ਼ਕਾਂ ਦੀ ਭਰਵੀਂ ਹਾਜ਼ਰੀ ਵਿਚ ਸਫ਼ਲ ਪ੍ਰਦਰਸ਼ਨ ਕੀਤਾ ਗਿਆ। ਖਚਾ-ਖੱਚ ਭਰੇ ਹੋਏ ਇਸ ਥੀਏਟਰ ਹਾਲ ਵਿਚ ਕੋਈ ਵੀ ਕੁਰਸੀ ਖਾਲੀ ਦਿਖਾਈ ਨਹੀਂ ਦੇ ਰਹੀ ਸੀ, ਸਗੋਂ ਥੀਏਟਰ-ਹਾਲ ਵਿਚ ਸੀਮਤ ਸੀਟਾਂ ਹੋਣ ਕਾਰਨ ਪ੍ਰਬੰਧਕਾਂ ਵੱਲੋਂ ਬਹੁਤ ਸਾਰੇ ਲੋਕਾਂ ਨੂੰ ਇਸ ਫ਼ਿਲਮ ਦੇ ਆਉਂਦੇ ਕੁਝ ਦਿਨਾਂ ਦੌਰਾਨ ਕੀਤੇ ਜਾਣ ਵਾਲੇ ਦੂਸਰੇ ਸ਼ੋਅ ਦਾ ਲਾਰਾ ਲਾਇਆ ਗਿਆ।
20 ਕੁ ਮਿੰਟਾਂ ਦੀ ਇਸ ਫ਼ਿਲਮ ਵਿਚ ਸਮਾਜ ਵਿਚ ਇਸ ਸਮੇਂ ਹੋ ਰਹੀ ਰਿਸ਼ਤਿਆਂ ਦੀ ਟੁੱਟ-ਭੱਜ ਦਾ ਬੱਚਿਆਂ ‘ਤੇ ਪੈਣ ਵਾਲੇ ਬੁਰੇ ਪ੍ਰਭਾਵ, ਘਰੇਲੂ-ਹਿੰਸਾ ਅਤੇ ਨੌਜੁਆਨਾਂ ਦਾ ਨਸ਼ਿਆਂ ਵੱਲ ਵੱਧ ਰਹੇ ਝੁਕਾਅ ਵਰਗੇ ਸੰਵੇਦਨਸ਼ੀਲ ਵਿਸ਼ਿਆਂ ਨੂੰ ਬਾਖ਼ੂਬੀ ਪੇਸ਼ ਕੀਤਾ ਗਿਆ। ਇਸ ਫ਼ਿਲਮ ਵਿਚ ਮਾਪਿਆਂ ਦੀ ਆਪਸੀ ਲੜਾਈ ਦਾ ਬੱਚੇ ਦੇ ਮਨ ‘ਤੇ ਹੋਇਆ ਡੂੰਘਾ ਅਸਰ ਬਾਖ਼ੂਬੀ ਵਿਖਾਇਆ ਗਿਆ ਹੈ ਅਤੇ ਉਹ ਵੱਡਾ ਹੋ ਕੇ ਇਸ ਮਾਹੌਲ ਤੋਂ ਦੂਰ ਭੱਜਣ ਦੀ ਕੋਸ਼ਿਸ਼ ਕਰਦਾ ਹੈ ਤੇ ਨਸ਼ਿਆਂ ਦੀ ਦਲਦਲ ਵਿਚ ਫਸ ਜਾਂਦਾ ਹੈ। ਇਸ ਦੇ ਨਾਲ ਹੀ ਉਸ ਨੂੰ ਆਪਣੀ ਮਾਂ ਅਤੇ ਮਨੋਵਿਗਿਆਨੀ ਡਾਕਟਰ ਸਿੰਘ ਵਿਚ ਪੈਦਾ ਹੋ ਰਹੀ ਸਾਹਿਤਕ-ਵਿਚਾਰਾਂ ਦੀ ਨੇੜਤਾ ਹੋਰ ਵੀ ਦੁਖੀ ਕਰਦੀ ਹੈ। ਇਸ ਦੌਰਾਨ ਡਾਕਟਰ ਸਿੰਘ ਵੱਲੋਂ ਉਸ ਦੀ ਸਫ਼ਲਤਾ-ਪੂਰਵਕ ਕਾਂਊਂਸਲਿੰਗ ਕੀਤੀ ਜਾਂਦੀ ਹੈ ਅਤੇ ਫ਼ਿਲਮ ਦਾ ਅੰਤ ਸੁਖਾਵਾਂ ਦਰਸਾਉਂਦਿਆਂ ਹੋਇਆਂ ਹੌਲੀ-ਹੌਲੀ ਉਸ ਨੌਜੁਆਨ ਦੀ ਆਮ ਜੀਵਨ ਵੱਲ ਵਾਪਸੀ ਵਿਖਾਈ ਗਈ ਹੈ। ਅਖ਼ੀਰ ਡਾਕਟਰ ਸਿੰਘ ਦੀ ਪ੍ਰੇਰਨਾ ਸਦਕਾ ਉਹ ਨਸ਼ਿਆਂ ਤੋਂ ਦੂਰ ਹੁੰਦਾ ਹੈ ਅਤੇ ਮੁੜ ਇਸ ਰਸਤੇ ਜਾਣ ਤੋਂ ਤੌਬਾ ਕਰਦਾ ਹੈ।
ਫ਼ਿਲਮ ਦਾ ਕੇਂਦਰੀ ਵਿਚਾਰ ਡਾ. ਜਗਮੋਹਨ ਸੰਘਾ ਜੋ ਇਸ ਫ਼ਿਲਮ ਦੇ ਪ੍ਰੋਡਿਊਸਰ ਹਨ ਅਤੇ ਉਨ੍ਹਾਂ ਨੇ ਇਸ ਵਿਚ ਮਨੋਵਿਗਿਆਨੀ ਡਾਕਟਰ ਦਾ ਕਿਰਦਾਰ ਵੀ ਬਾਖ਼ੂਬੀ ਨਿਭਾਇਆ ਹੈ, ਦੇ ਹੋਣਹਾਰ ਸਪੁੱਤਰ ਕਰਨ ਸੰਘਾ ਦਾ ਹੈ ਅਤੇ ਫ਼ਿਲਮ ਦਾ ਨਿਰਦੇਸ਼ਨ ਉੱਘੇ ਬਾਲੀਵੁੱਡ ਡਾਇਰੈੱਕਟਰ ਮਜ਼ਾਹਿਰ ਰਹੀਮ ਨੇ ਦਿੱਤਾ ਹੈ। ਫ਼ਿਲਮ ਵਿਚ ਨਸ਼ੇ ਨਾਲ ਪੀੜਤ ਨੌਜੁਆਨ ਦਾ ਰੋਲ ਮਲਹਾਰ ਸਿੰਘ ਜੋ ਉਂਜ ਆਮ ਜ਼ਿੰਦਗੀ ਵਿਚ ਇਕ ਵਧੀਆ ਕਲਾਸੀਕਲ ਗਾਇਕ ਹੈ, ਨੇ ਬਹੁਤ ਵਧੀਆ ਨਿਭਾਇਆ ਹੈ ਅਤੇ ਮਾਂ ਦੀ ਕੇਂਦਰੀ ਭੂਮਿਕਾ ਵਿਚ ਕੁਲਦੀਪ ਨੇ ਆਪਣੀ ਨਾਟਕ-ਕਲਾ ਦਾ ਖ਼ੂਬਸਰਤ ਪ੍ਰਦਰਸ਼ਨ ਕੀਤਾ ਹੈ। ਪਿਤਾ ਦੇ ਛੋਟੇ ਜਿਹੇ ਰੋਲ ਵਿਚ ਹੀਰਾ ਰੰਧਾਵਾ ਆਪਣੀ ਡੂੰਘੀ ਛਾਪ ਛੱਡ ਗਿਆ ਹੈ। ਇਸ ਦੌਰਾਨ ਟੀ.ਵੀ.ਐਂਕਰ ਕਵਿਤਾ ਸਿੰਘ ਵੀ ਇਕ ਛੋਟੇ ਜਿਹੇ ਰੋਲ ਵਿਚ ਵਿਖਾਈ ਦਿੰਦੀ ਹੈ। ਫ਼ਿਲਮ ਦੀ ਸ਼ੂਟਿੰਗ ਬਰੈਂਪਟਨ ਅਤੇ ਟੋਰਾਂਟੋ ਦੇ ਆਸ-ਪਾਸ ਕੀਤੀ ਗਈ ਹੈ। ਫ਼ਿਲਮ ਦੀ ਵੀਡੀਓਗਰਾਫ਼ੀ ਕਮਾਲ ਦੀ ਹੈ। ਇਹ ਫ਼ਿਲਮ ਮਿਆ
ਇੱਥੇ ਇਹ ਜ਼ਿਕਰਯੋਗ ਹੈ ਕਿ ਇਹ ਫ਼ਿਲਮ ઑਮਿਆਮੀ ਇੰਡੀਪੈਂਡੈਂਟ ਇੰਟਰਨੈਸ਼ਨਲ ਫ਼ਿਲਮ ਫ਼ੈੱਸਟੀਵਲ਼, ઑਬੈੱਸਟ ਗਲੋਬਲ ਸ਼ੌਰਟਸ਼ ਅਤੇ ઑਮੂਡੀ ਕਰੈਬ ਫ਼ਿਲਮ ਫੈੱਸਟੀਵਲ਼ ਵਰਗੇ ਮਿਆਰੀ ਅੰਤਰ-ਰਾਸ਼ਟਰੀ ਫ਼ਿਲਮ ਮੇਲਿਆਂ ਵਿਚ ਵਿਖਾਈ ਜਾ ਚੁੱਕੀ ਹੈ ਅਤੇ ਦਰਸ਼ਕਾਂ ਵੱਲੋਂ ਇਸ ਦੀ ਭਰਪੂਰ ਸ਼ਲਾਘਾ ਹੋਈ ਹੈ। ਇਸ ਦਾ ਪ੍ਰੀਮੀਅਰ ਸ਼ੋਅ ਦੋ ਕੁ ਮਹੀਨੇ ਪਹਿਲਾਂ ਟੋਰਾਂਟੋ ਡਾਊਨ ਟਾਊਨ ਵਿਚ ઑਟੋਰਾਂਟੋ ਇਫ਼ਸਾ ਫ਼ਿਲਮ ਫ਼ੈੱਸਟੀਵਲ ਦੌਰਾਨ ਕੀਤਾ ਗਿਆ ਸੀ।
ਪ੍ਰੋਗਰਾਮ ਦੇ ਦੂਸਰੇ ਭਾਗ ਵਿਚ ਇਕਬਾਲ ਬਰਾੜ ਦੇ ਛੇ ਗੀਤਾਂ ਦੀਆਂ ਵੀਡੀਓਜ਼ ਦਰਸ਼ਕਾਂ ਦੇ ਰੂ-ਬ-ਰੂ ਕੀਤੀਆਂ ਗਈਆਂ ਜਿਨ੍ਹਾਂ ਦਾ ਉਨ੍ਹਾਂ ਨੇ ਭਰਪੂਰ ਅਨੰਦ ਮਾਣਿਆਂ। ਜਿੱਥੇ ਅੰਮ੍ਰਿਤਾ ਪ੍ਰੀਤਮ ਦੇ ਬੋਲਾਂ ‘ਅੱਜ ਆਖਾਂ ਵਾਰਸ ਸ਼ਾਹ ਨੂੰ’ ਦੇ ਆਧਾਰਿਤ ਏਸੇ ਸਿਰਲੇਖ ਦੀ ਵੀਡੀਓ, ਮਕਸੂਦ ਚੌਧਰੀ ਦੇ ਬੋਲਾਂ ‘ਸੋਚਾਂ ਵਿਚ ਯਾਦਾਂ ਦੀਆਂ ਚੱਲਣ ਹਨੇਰੀਆਂ’, ਵਰਿੰਦਰਪਾਲ ਰੰਧਾਵਾ ਦੇ ਸ਼ਬਦਾਂ ‘ਡੋਲੀ’ ਅਤੇ (ਸਵ.) ਸਾਥੀ ਲੁਧਿਆਣਵੀ ਦੇ ਖ਼ੂਬਸੂਰਤ ਬੋਲਾਂ ਆਧਾਰਿਤ ‘ਖ਼ਤ ਲਿਖੀਂ’ ਦੀਆਂ ਵੀਡੀਓਜ਼ ਦਰਸ਼ਕਾਂ ਨੂੰ ਭਾਵਨਾਤਮਿਕ ਵੇਗ ਵਿਚ ਲੈ ਗਈਆਂ, ਉੱਥੇ ਗੁਰਦਾਸ ਮਿਨਹਾਸ ਦੀ ਰੁਮਾਂਚਿਕ ਰਚਨਾ ‘ਘਰ ਆ ਜਾ ਮਾਹੀਆ’ ਅਤੇ ਲੋਕ-ਟੱਪਿਆਂ ਨੇ ਆਪਣਾ ਵੱਖਰਾ ਰੰਗ ਬਿਖ਼ੇਰਿਆ। ਟੱਪਿਆਂ ਵਿਚ ਬੰਗਾਲੀ ਬੀਬੀ ਸੁਮਾਨਾ ਗੰਗੋਲੀ ਡੇ ਦੀ ਸੁਰੀਲੀ ਤੇ ਖ਼ੂਬਸੂਰਤ ਆਵਾਜ਼ ਨੇ ਇਕਬਾਲ ਬਰਾੜ ਦਾ ਬਾਖ਼ੂਬੀ ਸਾਥ ਦਿੱਤਾ। ਉਸ ਦੇ ਬੋਲਾਂ ਵਿਚ ਪੰਜਾਬੀ ਬੋਲੀ ਪੂਰੀ ਇਕ-ਮਿਕ ਹੋਈ ਸੀ ਅਤੇ ਦਰਸ਼ਕਾਂ ਨੂੰ ਇਸ ਵਿਚ ਕੁਝ ਵੀ ਓਪਰਾ ਨਾ ਲੱਗਾ, ਸਗੋਂ ਇਸ ਮੌਕੇ ਮੰਚ-ਸੰਚਾਲਕ ਕਵਿਤਾ ਸਿੰਘ ਦਾ ਕਹਿਣਾ ਸੀ ਕਿ ਇਕਬਾਲ ਬਰਾੜ ਤੇ ਸੁਮਾਨਾ ਗੰਗੋਲੀ ਨੇ ਜਗਜੀਤ ਸਿੰਘ ਤੇ ਚਿਤਰਾ ਸੇਨ ਦੁਆਰਾ ਗਾਏ ਗਏ ਟੱਪਿਆਂ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ।
ਸਮਾਗ਼ਮ ਦੇ ਅਖ਼ੀਰ ਵਿਚ ਪੀਲ ਸਕੂਲ ਬੋਰਡ ਦੀ ਟਰੱਸਟੀ ਬਲਬੀਰ ਸੋਹੀ ਨੇ ਅਜੋਕੀ ਪੀੜ੍ਹੀ-ਪਾੜੇ ਦੀ ਗੱਲ ਕਰਦਿਆਂ ਇਸ ਨੂੰ ਘੱਟ ਕਰਨ ਅਤੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੀ ਗੱਲ ਕੀਤੀ। ਇਸ ਮੌਕੇ ਬੋਲਦਿਆਂ ਉੱਘੇ ਪੰਜਾਬੀ ਲੇਖਕ ਡਾ. ਵਰਿਆਮ ਸਿੰਘ ਸੰਧੂ ਨੇ ਮੰਚ-ਸੰਚਾਲਕ ਕਵਿਤਾ ਸਿੰਘ ਵੱਲੋਂ ਇਕਬਾਲ ਬਰਾੜ ਨੂੰ ‘ਟੋਰਾਂਟੋ ਦਾ ਮੁਹੰਮਦ ਰਫ਼ੀ’ ਕਹਿਣ ‘ਤੇ ਆਪਣੀ ਅਸਹਿਮਤੀ ਜਤਾਉਂਦਿਆਂ ਉਸ ਨੂੰ ‘ਦੋਹਾਂ ਪੰਜਾਬਾਂ ਦਾ ਸਾਂਝਾ ਤੇ ਪੰਜਾਬੀਅਤ ਦਾ ਇਕਬਾਲ ਬਰਾੜ’ ਕਿਹਾ। ਉਨ੍ਹਾਂ ਦਾ ਕਹਿਣਾ ਸੀ ਹਰੇਕ ਕਲਾਕਾਰ ਦੀ ਆਪਣੀ ਖ਼ਾਸੀਅਤ ਹੁੰਦੀ ਹੈ ਅਤੇ ਕਿਸੇ ਵੀ ਕਲਾਕਾਰ ਦੀ ਦੂਸਰੇ ਨਾਲ ਤੁਲਣਾ ਨਹੀਂ ਕੀਤੀ ਜਾ ਸਕਦੀ। ਫ਼ਿਲਮ ਦੇ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਵਿਚ ਲਏ ਗਏ ਭਾਵਨਾਤਮਿਕ ਵਿਸ਼ਿਆਂ ਨੂੰ ਸਾਰੇ ਕਲਾਕਾਰਾਂ ਵੱਲੋਂ ਬਾਖ਼ੂਬੀ ਨਿਭਾਇਆ ਗਿਆ ਹੈ। ਉਨ੍ਹਾਂ ਫ਼ਿਲਮ ਦੇ ਕਲਾਕਾਰਾਂ, ਫ਼ਿਲਮ ਨਿਰਦੇਸ਼ਕ, ਵੀਡੀਓ ਨਿਰਦੇਸ਼ਕ ਅਤੇ ਪ੍ਰੋਡਿਊਸਰ ਡਾ. ਜਗਮੋਹਨ ਸੰਘਾ ਦੀ ਇਸ ਖ਼ੂਬਸੂਰਤ ਪ੍ਰੋਡਕਸ਼ਨ ਦੀ ਭਰਪੂਰ ਸਰਾਹਨਾ ਕੀਤੀ।
ਸਮਾਗ਼ਮ ਦੇ ਅਖ਼ੀਰ ਵਿਚ ਇਸ ਫ਼ਿਲਮ ਵਿਚ ਕੰਮ ਕਰਨ ਵਾਲੇ ਸਾਰੇ ਕਲਾਕਾਰਾਂ ਤੇ ਟੈਕਨੀਸ਼ੀਅਨਾਂ ਅਤੇ ਇਕਬਾਲ ਬਰਾੜ ਦੇ ਗੀਤਾਂ ਦੀਆਂ ਵੀਡੀਓਜ਼ ਦੇ ਗੀਤਕਾਰਾਂ ਤੇ ਮਿਊਜ਼ਿਕ ਡਾਇਰੈਕਟਰ ਜਨਾਬ ਨਦੀਮ ਅਲੀ ਨੂੰ ਸਰਟੀਫ਼ੀਕੇਟ ਦੇ ਕੇ ਸਨਮਾਨਿਤ ਕੀਤਾ ਗਿਆ।

Check Also

ਅਖਿਲ ਭਾਰਤੀ 5ਵਾਂ ਚਿੱਤਰ ਭਾਰਤੀ ਫਿਲਮ ਫੈਸਟੀਵਲ ਪੰਚਕੂਲਾ ‘ਚ ਕੀਤਾ ਗਿਆ ਆਯੋਜਿਤ

ਕੇਂਦਰੀ ਮੰਤਰੀ ਅਨੁਰਾਗ ਠਾਕੁਰ, ਬਾਲੀਵੁੱਡ ਅਦਾਕਾਰਾ ਈਸ਼ਾ ਗੁਪਤਾ ਅਤੇ ਯੋਗੇਸ਼ਵਰ ਦੱਤ ਨੇ ਦਿੱਤੇ ਐਵਾਰਡ ਪੰਚਕੂਲਾ/ਬਿਊਰੋ …